ਨਵੀਂ ਦਿੱਲੀ, ਜੇਐੱਨਐੱਨ। ਦੇਸ਼ ਦੇ 7 ਕਰੋੜ ਮੋਬਾਈਲ ਯੂਜ਼ਰਜ਼ ਦੇ ਨੰਬਰ ਬੰਦ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਟਰਾਈ ਯਾਨੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਨੇ ਇਨ੍ਹਾਂ ਮੋਬਾਈਲ ਯੂਜ਼ਰਜ਼ ਨੂੰ ਆਪਣਾ ਨੰਬਰ ਪੋਰਟ ਕਰਵਾਉਣ ਦੀ ਡੈੱਡਲਾਈਨ ਜਾਰੀ ਕੀਤੀ ਹੈ। ਇਨ੍ਹਾਂ 7 ਕਰੋੜ ਯੂਜ਼ਰਜ਼ ਨੂੰ 31 ਅਕਤੂਬਰ ਤਕ ਆਪਣਾ ਨੰਬਰ ਕਿਸੇ ਹੋਰ ਆਪਰੇਟਰ 'ਚ ਪੋਰਟ ਕਰਵਾਉਣਾ ਹੋਵੇਗਾ। ਜੇਕਰ ਇਹ ਯੂਜ਼ਰਜ਼ ਆਪਣਾ ਮੋਬਾਈਲ ਨੰਬਰ ਕਿਸੇ ਹੋਰ ਆਪਰੇਟਰ 'ਚ ਪੋਰਟ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਦਾ ਨੰਬਰ ਹਮੇਸ਼ਾ ਲਈ ਡਿਸੇਬਲ ਹੋ ਜਾਵੇਗਾ, ਯਾਨੀ ਕਿ ਇਹ ਨੰਬਰ ਦੁਬਾਰਾ ਐਕਟਿਵ ਨਹੀਂ ਹੋ ਸਕੇਗਾ। ਇਹ ਪੂਰਾ ਮਾਮਲਾ 2018 'ਚ ਬੰਦ ਹੋਈ ਟੈਲੀਕਾਮ ਕੰਪਨੀ ਏਅਰਸੈੱਲ ਨਾਲ ਜੁੜਿਆ ਹੋਇਆ ਹੈ। ਦਰਅਸਲ 2018 'ਚ ਰਿਆਇੰਸ ਜੀਓ ਤੇ ਹੋਰ ਟੈਲੀਕਾਮ ਕੰਪਨੀਆਂ ਤੋਂ ਮਿਲਣ ਵਾਲੀ ਸਖ਼ਤ ਚੁਣੌਤੀ ਤੋਂ ਬਾਅਦ ਏਅਰਸੈੱਲ ਨੂੰ ਆਪਣੀ ਵਾਇਰਲੈੱਸ ਸਰਵਿਸ ਬੰਦ ਕਰਨੀ ਪਈ ਸੀ।

ਇਹ ਹੈ ਪੂਰਾ ਮਾਮਲਾ

ਫਰਵਰੀ 2018 'ਚ ਏਅਰਸੈੱਲ ਨੇ ਆਪਣੀ ਸਰਵਿਸ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ। ਉਸ ਸਮੇਂ ਕੰਪਨੀ ਦੇ 9 ਕਰੋੜ ਯੂਜ਼ਰਜ਼ ਸਨ। ਏਅਰਸੈੱਲ ਨੇ ਟਰਾਈ ਤੋਂ ਇਨ੍ਹਾਂ ਯੂਜ਼ਰਜ਼ ਲਈ ਯੂਪੀਸੀ (ਯੂਨਿਕ ਪੋਰਟਿੰਗ ਕੋਡ) ਦੇਣ ਲਈ ਕਿਹਾ ਸੀ, ਤਾਂ ਕਿ ਇਹ ਯੂਜ਼ਰਜ਼ ਆਪਣੇ ਮੋਬਾਈਲ ਨੰਬਰ ਨੂੰ ਕਿਸੇ ਹੋਰ ਨੈੱਟਵਰਕ 'ਚ ਪੋਰਟ ਕਰਵਾ ਸਕਣ। ਟਰਾਈ ਦੀ ਰਿਪੋਰਟ ਅਨੁਸਾਰ 9 ਕਰੋੜ ਯੂਜ਼ਰਜ਼ 'ਚੋਂ ਕਰੀਬ 2 ਕਰੋੜ ਯੂਜ਼ਰਜ਼ ਅਜਿਹੇ ਹਨ ਜਿਨ੍ਹਾਂ ਨੇ ਨੰਬਰ ਪੋਰਟ ਕਰਵਾ ਲਿਆ ਹੈ ਪਰ ਹੁਣ ਵੀ 70 ਮਿਲੀਅਨ ਯਾਨੀ 7 ਕਰੋੜ ਯੂਜ਼ਰਜ਼ ਅਜਿਹੇ ਹਨ ਜਿਨ੍ਹਾਂ ਨੇ ਆਪਣਾ ਨੰਬਰ ਪੋਰਟ ਨਹੀਂ ਕਰਵਾਇਆ। ਟਰਾਈ ਨੇ ਇਨ੍ਹਾਂ 7 ਕਰੋੜ ਯੂਜ਼ਰਜ਼ ਲਈ ਮੋਬਾਈਲ ਨੰਬਰ ਪੋਰਟ ਕਰਵਾਉਣ ਦੀ ਡੈੱਡਲਾਈਨ 31 ਅਕਤੂਬਰ 2019 ਰੱਖੀ ਹੈ।

Posted By: Akash Deep