ਬੀਜਿੰਗ (ਆਈਏਐੱਨਐੱਸ) : ਲੋਕਪਿ੍ਆ ਵੀਡੀਓ ਸ਼ੇਅਰਿੰਗ ਐਪ ਟਿਕ-ਟਾਕ ਦੁਨੀਆ ਭਰ ਵਿਚ ਗੂਗਲ ਪਲੇਅ ਸਮੇਤ ਵੱਖ-ਵੱਖ ਐਪ ਸਟੋਰ ਤੋਂ ਡੇਢ ਅਰਬ ਵਾਰ ਡਾਊਨਲੋਡ ਕੀਤੇ ਜਾਣ ਦੇ ਅੰਕੜੇ ਨੂੰ ਛੂਹ ਲਿਆ ਹੈ। ਇਸ ਐਪ ਨੇ ਇਸ ਸਾਲ ਫਰਵਰੀ ਵਿਚ ਇਕ ਕਰੋੜ ਦੇ ਅੰਕੜੇ ਨੂੰ ਪਾਰ ਕੀਤਾ ਸੀ। ਇਸ ਚੀਨੀ ਐਪ ਨੂੰ ਭਾਰਤ ਵਿਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤਾ ਗਿਆ ਹੈ। ਭਾਰਤ ਵਿਚ ਇਹ ਐਪ 31 ਫ਼ੀਸਦੀ ਯਾਨੀ 46.68 ਕਰੋੜ ਵਾਰ ਡਾਊਨਲੋਡ ਹੋ ਚੁੱਕਾ ਹੈ।

ਮੋਬਾਈਲ ਇੰਟੈਲੀਜੈਂਸ ਫਰਮ ਸੈਂਸਰ ਟਾਵਰ ਮੁਤਾਬਕ, 2019 ਵਿਚ ਟਿਕ-ਟਾਕ 61.4 ਕਰੋੜ ਵਾਰ ਡਾਊਨਲੋਡ ਕੀਤਾ ਗਿਆ। ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਵਿਚ ਛੇ ਫ਼ੀਸਦੀ ਜ਼ਿਆਦਾ ਹੈ, ਜਦਕਿ ਇਸ ਸਾਲ ਟਿਕ-ਟਾਕ ਨੂੰ ਡਾਊਨਲੋਡ ਕਰਨ ਦੇ ਮਾਮਲੇ ਵਿਚ ਭਾਰਤ ਸਭ ਤੋਂ ਅੱਗੇ ਰਿਹਾ। ਭਾਰਤ ਵਿਚ ਇਸ ਸਾਲ ਇਸ ਐਪ ਨੂੰ ਹੁਣ ਤਕ 27.76 ਕਰੋੜ ਵਾਰ ਡਾਊਨਲੋਡ ਕੀਤਾ ਚੁੱਕਾ ਹੈ। ਟਿਕ-ਟਾਕ ਨੂੰ ਡਾਊਨਲੋਡ ਕਰਨ ਦੇ ਮਾਮਲੇ ਵਿਚ ਭਾਰਤ ਤੋਂ ਬਾਅਦ ਚੀਨ (4.55 ਕਰੋੜ) ਅਤੇ ਅਮਰੀਕਾ (3.76 ਕਰੋੜ) ਦਾ ਸਥਾਨ ਹੈ।

ਸਭ ਤੋਂ ਜ਼ਿਆਦਾ ਡਾਊਨਲੋਡ ਹੋਇਆ ਵ੍ਹਟਸਐਪ

ਇਸ ਸਾਲ ਨਾਨ ਗੇਮਿੰਗ ਐਪ ਨੂੰ ਡਾਊਨਲੋਡ ਕਰਨ ਦੇ ਮਾਮਲੇ ਵਿਚ ਟਿਕ-ਟਾਕ ਤੀਜੇ ਸਥਾਨ 'ਤੇ ਹੈ। 2019 ਵਿਚ ਸਭ ਤੋਂ ਜ਼ਿਆਦਾ ਵ੍ਹਟਸਐਪ ਡਾਊਨਲੋਡ ਕੀਤਾ ਗਿਆ। ਇਸ ਐਪ ਨੂੰ 70.74 ਕਰੋੜ ਵਾਰ ਡਾਊਨਲੋਡ ਕੀਤਾ ਗਿਆ। ਇਸ ਤੋਂ ਬਾਅਦ ਫੇਸਬੁੱਕ ਮੈਸੇਂਜਰ 63.62 ਕਰੋੜ ਵਾਰ ਡਾਊਨਲੋਡ ਹੋਇਆ, ਜਦਕਿ ਤੀਜੇ ਸਥਾਨ 'ਤੇ ਟਿਕ-ਟਾਕ ਹੈ, ਜਿਸ ਨੂੰ ਇਸ ਸਾਲ ਹੁਣ ਤਕ 61.4 ਕਰੋੜ ਵਾਰ ਡਾਊਨਲੋਡ ਕੀਤਾ ਗਿਆ। ਚੌਥੇ ਨੰਬਰ 'ਤੇ ਫੇਸਬੁੱਕ (58.7 ਕਰੋੜ) ਅਤੇ ਪੰਜਵੀਂ ਰੈਂਕਿੰਗ 'ਤੇ ਇੰਸਟਾਗ੍ਰਾਮ (37.62 ਕਰੋੜ) ਹੈ।