ਨਵੀਂ ਦਿੱਲੀ, ਟੈੱਕ ਡੈਸਕ : ਆਪਣੇ ਗਾਹਕਾਂ ਨੂੰ ਫਿਰ ਤੋਂ ਝਟਕਾ ਦੇਣ ਜਾ ਰਹੀ ਹੈ। ਦੁਨੀਆ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਨੇ ਐਲਾਨ ਕੀਤਾ ਹੈ ਕਿ ਉਹ ਜੁਲਾਈ 2021 ਤੋਂ ਆਪਣੇ ਸਕੂਟਰ ਤੇ ਮੋਟਰਸਾਈਕਲਾਂ ਦੀਆਂ ਕੀਮਤਾਂ ਨੂੰ ਵਧਾਉਣ ਜਾ ਰਹੀ ਹੈ। ਹੀਰੋ ਦੇ ਦੋਪਹੀਆ ਵਾਹਨ ਜੁਲਾਈ 2021 ਤੋਂ 3000 ਰੁਪਏ ਤਕ ਮਹਿੰਗੇ ਹੋ ਜਾਣਗੇ। ਹਾਲਾਂਕਿ ਵਧੀਆਂ ਕੀਮਤਾਂ ਵੱਖ-ਵੱਖ ਮਾਡਲਜ਼ ਤੇ ਵੇਰੀਐਂਟਸ 'ਤੇ ਵੱਖ-ਵੱਖ ਹੋਣਗੀਆਂ। ਕੰਪਨੀ ਦੇ ਕੀਮਤਾਂ ਨੂੰ ਵਧਾਉਣ ਪਿੱਛੇ ਦਾ ਕਾਰਨ ਕੱਚੇ ਮਾਲ ਦਾ ਮਹਿੰਗਾ ਹੋਣਾ ਦੱਸਿਆ ਜਾ ਰਿਹਾ ਹੈ। ਹੀਰੋ ਮੋਟਰਸਾਈਕਲ ਮੁਤਾਬਕ ਕੀਮਤਾਂ ਨੂੰ ਵਧਾਉਣ ਤੋਂ ਬਾਅਦ ਬਣਾਉਣ 'ਚ ਆ ਰਹੀ ਜ਼ਿਆਦਾ ਲਾਗਤ ਨੂੰ ਬਰਾਬਰ ਕੀਤਾ ਜਾ ਸਕੇਗਾ। ਹਾਲਾਂਕਿ ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਕੀਮਤਾਂ ਉਨਾ ਹੀ ਵਧਾਇਆ ਜਾਵੇਗਾ ਜਿਸ ਨਾਲ ਗਾਹਕਾਂ 'ਤੇ ਘੱਟ ਭਾਰ ਪਵੇ।

ਜ਼ਿਕਰਯੋਗ ਹੈ ਕਿ ਹੀਰੋ ਮੋਟੋਕਾਪ ਨੇ ਇਸੇ ਸਾਲ ਅਪ੍ਰੈਲ ਮਹੀਨੇ ਆਪਣੀਆਂ ਤਿੰਨ ਮੋਟਰਸਾਈਕਲਾਂ ਦੀਆਂ ਕੀਮਤਾਂ ਨੂੰ ਮਹਿੰਗਾ ਕਰ ਦਿੱਤਾ ਸੀ। ਕੰਪਨੀ ਨੇ ਆਪਣੀਆਂ Xpulse 200, Xpulse 200T ਤੇ Xtreme 200S ਦੀਆਂ ਕੀਮਤਾਂ 'ਚ 3000 ਰੁਪਏ ਦਾ ਵਾਧਾ ਕੀਤਾ ਸੀ। ਵਧੀਆਂ ਕੀਮਤਾਂ ਤੋਂ ਬਾਅਦ Hero Xpulse 200 ਦੀ ਦਿੱਲੀ ਐਕਸ ਸ਼ੋਅਰੂਮ ਕੀਮਤ 118, 230 ਰੁਪਏ ਹੋ ਗਈ। ਦੂਜੇ ਪਾਸੇ Hero Xpulse 200T ਦੀ ਕੀਮਤ 115,800 ਰੁਪਏ ਹੋ ਗਈ। ਜਦਕਿ Hero Xtreme 200S ਦੀ ਕੀਮਤ 120,214 ਰੁਪਏ ਹੋ ਗਈ ਹੈ। ਅਪ੍ਰੈਲ ਮਹੀਨੇ 'ਚ ਵੀ ਕੰਪਨੀ ਨੇ ਕੱਚੇ ਮਾਲ ਦੀਆਂ ਕੀਮਤਾਂ ਦੇ ਮਹਿੰਗੇ ਹੋਣ ਦਾ ਹਵਾਲਾ ਦਿੱਤਾ ਸੀ।

Posted By: Ravneet Kaur