ਨਵੀਂ ਦਿੱਲੀ : SIM Swap ਅੱਜਕਲ੍ਹ ਧੋਖਾਧੜੀ ਦਾ ਨਵਾਂ ਜ਼ਰੀਆ ਬਣਦਾ ਜਾ ਰਿਹਾ ਹੈ। ਪਿਛਲੇ ਇਕ ਸਾਲ ਦੇ ਅੰਦਰ ਹੀ SIM Swap ਜ਼ਰੀਏ ਹਜ਼ਾਰਾਂ ਬੈਂਕ ਅਕਾਊਂਟ ਤੋਂ ਪੈਸੇ ਉਡਾਏ ਗਏ ਹਨ। ਇਸ ਨਵੇਂ ਤਰੀਕੇ ਨਾਲ ਠੱਗੀ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਇਕ ਕਾਰੋਬਾਰੀ ਨਾਲ 18 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ ਜਿਸ ਵਿਚ ਜਾਅਲਸਾਜ਼ਾਂ ਨੇ SIM Swap ਦਾ ਸਹਾਰਾ ਲਿਆ ਹੈ। ਠੱਗ ਨੇ ਕਾਰੋਬਾਰੀ ਦੇ ਬੈਂਕ ਅਕਾਊਂਟ ਨਾਲ ਰਜਿਸਟਰਡ ਮੋਬਾਈਲ ਨੰਬਰ ਨੂੰ ਬੜੀ ਚਲਾਕੀ ਨਾਲ ਬਦਲਿਆ ਅਤੇ ਫਿਰ ਪੈਸੇ ਕਢਵਾ ਲਏ। ਤੁਸੀਂ ਵੀ SIM Swap ਜ਼ਰੀਏ ਠੱਗੀ ਦਾ ਸ਼ਿਕਾਰ ਨਾ ਹੋ ਜਾਓ, ਇਸ ਲਈ ਅਸੀਂ ਤੁਹਾਨੂੰ ਇਸ ਬਾਰੇ ਅਤੇ ਇਸ ਤੋਂ ਬਚਣ ਬਾਰੇ ਦੱਸਾਂਗੇ।

ਕੀ ਹੁੰਦਾ ਹੈ SIM Swap ?

ਅੱਜਕਲ੍ਹ ਸਾਰੇ ਬੈਂਕ ਅਕਾਊਂਟ ਨਾਲ ਮੋਬਾਈਲ ਨੰਬਰ ਰਜਿਸਟਰਡ ਹੁੰਦਾ ਹੈ ਜਿਸ ਦਾ ਇਸਤੇਮਾਲ ਤੁਸੀਂ ਮੋਬਾਈਲ ਬੈਂਕਿੰਗ, ਆਨਲਾਈਨ ਬੈਂਕਿੰਗ ਅਤੇ UPI ਟ੍ਰਾਂਜ਼ੈਕਸ਼ਨ ਲਈ ਕਰਦੇ ਹੋ। SIM Swap ਦਾ ਮਤਲਬ ਹੁੰਦਾ ਹੈ ਸਿਮ ਐਕਸਚੇਂਜ ਜਾਂ ਸਿਮ ਕਲੋਨਿੰਗ, ਯਾਨੀ ਇਕ ਮੋਬਾਈਲ ਨੰਬਰ ਦੇ ਦੋ ਸਿਮ ਕਾਰਡ ਜਾਂ ਫਿਰ ਇਕ ਸਿਮ ਕਾਰਡ ਨੂੰ ਡਿਸਕੁਨੈਕਟ ਕਰ ਕੇ ਉਸ ਦੀ ਜਗ੍ਹਾ ਨਵਾਂ ਸਿਮ ਕਾਰਡ ਜਾਰੀ ਕਰਵਾਉਣਾ। ਟੈਲੀਕਾਮ ਕੰਪਨੀਆਂ ਯੂਜ਼ਰਜ਼ ਨੂੰ ਨੈੱਟਵਰਕ ਕੁਨੈਕਟੀਵਿਟੀ 'ਚ ਪਰੇਸ਼ਾਨੀ, ਮੋਬਾਈਲ ਫੋਨ ਗੁਆਚਣ ਜਾਂ ਸਿਮ ਕਾਰਡ ਖੋ ਜਾਣ ਦੀ ਸੂਰਤ 'ਚ ਨਵਾਂ ਸਿਮ ਕਾਰਡ ਜਾਰੀ ਕਰਦੀਆਂ ਹਨ। ਠੱਗ ਇਸੇ ਦਾ ਸਹਾਰਾ ਲੈ ਕੇ ਤੁਹਾਡੇ ਮੋਬਾਈਲ ਨੰਬਰ ਦਾ ਨਵਾਂ ਸਿਮ ਜਾਂ ਡੁਪਲੀਕੇਟ ਸਿਮ ਜਾਰੀ ਕਰਵਾ ਲੈਂਦੇ ਹਨ।

ਠੱਗੀ ਦਾ ਪਹਿਲਾ ਅਧਿਆਏ

ਠੱਗ ਸਭ ਤੋਂ ਪਹਿਲਾਂ ਤੁਹਾਨੂੰ ਕਾਲ ਕਰੇਗਾ। ਕਾਲ ਕਰਨ ਵੇਲੇ ਉਹ ਦਾਅਵਾ ਕਰੇਗਾ ਕਿ ਤੁਹਾਡੇ ਟੈਲੀਕਾਮ ਸਰਵਿਸ ਪ੍ਰੋਵਾਈਡਰ ਦਾ ਰਿਪ੍ਰਜ਼ੈਂਟੇਟਿਵ ਜਾਂ ਐਗਜ਼ੀਕਿਊਟਿਵ ਹੈ। ਉਹ ਤੁਹਾਨੂੰ ਕਾਲ ਡ੍ਰਾਪ ਜਾਂ ਨੈੱਟਵਰਕ 'ਚ ਪਰੇਸ਼ਾਨੀ, ਇੰਟਰਨੈੱਟ ਕੁਨੈਕਟੀਵਿਟੀ ਨੂੰ ਸਹੀ ਕਰਨ ਲਈ ਸਿਮ ਬਦਲਣ ਦੀ ਸਲਾਹ ਦਿੰਦਾ ਹੈ। ਤੁਸੀਂ ਇਨ੍ਹਾਂ ਪਰੇਸ਼ਾਨੀਆਂ ਤੋਂ ਬਚਣ ਲਈ ਉਸ ਦੀਆਂ ਗੱਲਾਂ ਵਿਚ ਆ ਜਾਂਦੇ ਹੋ।

ਠੱਗੀ ਦਾ ਦੂਸਰਾ ਅਧਿਆਏ

ਇਸ ਤੋਂ ਬਾਅਦ ਠੱਗੀ ਦਾ ਦੂਸਰਾ ਅਧਿਆਏ ਸ਼ੁਰੂ ਹੁੰਦਾ ਹੈ। ਠੱਗ ਤੁਹਾਡੇ ਕੋਲੋਂ ਮੋਬਾਈਲ ਨੰਬਰ ਦੀ ਮੌਜੂਦਾ ਸਿਮ ਦਾ ਨੰਬਰ ਮੰਗਦਾ ਹੈ। ਤੁਸੀਂ ਉਸ ਦੇ ਝਾਂਸੇ ਵਿਚ ਆ ਕੇ ਉਸ ਨੂੰ ਆਪਣੇ ਮੌਜੂਦਾ ਸਿਮ ਕਾਰਡ ਦਾ ਨੰਬਰ ਦਿੰਦੇ ਹੋ। ਸਿਮ ਕਾਰਡ ਦਾ ਨੰਬਰ ਮਿਲਦੇ ਹੀ ਠੱਗ ਨੂੰ ਆਪਣੇ ਫੋਨ 'ਚ ਅਥੈਂਟੀਕੇਸ਼ਨ ਲਈ ਸਿਰਫ਼ 1 ਪ੍ਰੈੱਸ ਕਰਨਾ ਪੈਂਦਾ ਹੈ। 1 ਪ੍ਰੈੱਸ ਕਰਦਿਆਂ ਹੀ ਤੁਹਾਡਾ ਮੌਜੂਦਾ ਸਿਮ ਕਾਰਡ ਡਿਸਏਬਲ ਹੋ ਜਾਂਦਾ ਹੈ ਅਤੇ ਠੱਗ ਕੋਲ ਮੌਜੂਦ ਸਿਮ ਕਾਰਡ ਐਕਟੀਵੇਟ ਹੋ ਜਾਂਦਾ ਹੈ।

ਕਿਵੇਂ ਬਚੀਏ

SIM Swap ਵਰਗੀਆਂ ਘਟਨਾਵਾਂ ਤੋਂ ਬਚਣ ਲਈ ਕਦੀ ਵੀ ਆਪਣੇ ਸਿਮ ਕਾਰਡ ਦਾ ਨੰਬਰ ਕਿਸੇ ਨੂੰ ਨਾ ਦਿਉ। ਇਸ ਤੋਂ ਇਲਾਵਾ ਜੇਕਰ ਤੁਸੀਂ ਖ਼ੁਦ ਆਨਲਾਈਨ ਬੈਂਕਿੰਗ ਦਾ ਇਸਤੇਮਾਲ ਕਰਦੇ ਹੋ ਤਾਂ ਬੈਂਕ ਦੀ ਅਧਿਕਾਰਤ ਸਾਈਟ 'ਤੇ ਹੀ ਲਾਗ-ਇਨ ਕਰੋ। ਬੈਂਕ ਦੀ ਓਰੀਜਨਲ ਸਾਈਟ 'ਤੇ ਤੁਹਾਨੂੰ ਵੈੱਬ ਐਡਰੈੱਸ ਦੇ ਨਾਲ ਲੌਕ ਦਾ ਨਿਸ਼ਾਨ ਦਿਖਾਈ ਦੇਵੇਗਾ, ਇਸ ਦਾ ਮਤਲਬ ਹੈ ਕਿ ਤੁਹਾਡਾ ਕੁਨੈਕਸ਼ਨ ਸੁਰੱਖਿਅਤ ਹੈ। ਆਮ ਤੌਰ 'ਤੇ ਬੈਂਕ ਦੀ ਅਧਿਕਾਰਤ ਵੈੱਬਸਾਈਟ ਦਾ ਅਡਰੈੱਸ ਗ੍ਰੀਨ ਹੋਵੇਗਾ। ਤੁਸੀਂ ਵੈੱਬਸਾਈਟ ਦਾ ਅਡਰੈੱਸ ਚੈੱਕ ਕਰਨਾ ਨਾ ਭੁੱਲਿਓ, ਫਰਜ਼ੀ ਸਾਈਟ 'ਚ ਤੁਹਾਨੂੰ ਸ਼ਬਦਾਵਲੀ ਠੀਕ ਤਰ੍ਹਾਂ ਦਿਖਾਈ ਨਹੀਂ ਦੇਵੇਗੀ।

Posted By: Seema Anand