ਮੰਤਰਾਲੇ ਮੁਤਾਬਕ ਡੁਪਲੀਕੇਟ ਜਾਂ ਨਕਲੀ ਆਈਐੱਮਆਈਆਈ ਨੰਬਰਾਂ ਨਾਲ ਜੁੜਿਆ ਸਾਈਬਰ ਖ਼ਤਰਾ ਦੇਸ਼ ਦੀ ਦੂਰਸੰਚਾਰ ਪ੍ਰਣਾਲੀ ਲਈ ਗੰਭੀਰ ਖਤਰਾ ਬਣ ਚੁੱਕਾ ਹੈ, ਜਿਸ ਕਾਰਨ ਧੋਖਾਧੜੀ, ਨੈੱਟਵਰਕ ਦੁਰਵਰਤੋਂ ਤੇ ਸਾਈਬਰ ਅਪਰਾਧਾਂ ’ਚ ਤੇਜ਼ੀ ਆਈ ਹੈ।

ਬੈਂਗਲੁਰੂ (ਏਜੰਸੀ) : ਦੂਰਸੰਚਾਰ ਮੰਤਰਾਲੇ ਨੇ ਸਮਾਰਟ ਫੋਨ ਨਿਰਮਾਤਾਵਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ 90 ਦਿਨਾਂ ਦੇ ਅੰਦਰ ਬਾਜ਼ਾਰ ’ਚ ਉਤਾਰੇ ਜਾਣ ਵਾਲੇ ਸਾਰੇ ਨਵੇਂ ਮੋਬਾਈਲ ਫੋਨਾਂ ’ਚ ਲਾਜ਼ਮੀ ਤੌਰ ’ਤੇ ਸਰਕਾਰੀ ਸਾਈਬਰ ਸੁਰੱਖਿਆ ਐਪ ਸੰਚਾਰ ਸਾਥੀ ਨੂੰ ਵੀ ਪ੍ਰੀ ਲੋਡ ਕਰਨ। ਇਹ ਵੀ ਯਕੀਨੀ ਬਣਾਉਣਾ ਪਵੇਗਾ ਕਿ ਯੂਜ਼ਰ ਇਸ ਐਪ ਨੂੰ ਫੋਨ ਤੋਂ ਡਿਲੀਟ ਨਾ ਕਰ ਸਕਣ। ਮੰਤਰਾਲੇ ਨੇ ਮੌਜੂਦਾ ਫੋਨ ’ਚ ਵੀ ਸਾਫਟਵੇਅਰ ਅਪਡੇਟ ਜ਼ਰੀਏ ਐਪ ਇੰਸਟਾਲ ਕਰਾਉਣ ’ਤੇ ਜ਼ੋਰ ਦਿੱਤਾ ਹੈ।
ਮੰਤਰਾਲੇ ਮੁਤਾਬਕ ਡੁਪਲੀਕੇਟ ਜਾਂ ਨਕਲੀ ਆਈਐੱਮਆਈਆਈ ਨੰਬਰਾਂ ਨਾਲ ਜੁੜਿਆ ਸਾਈਬਰ ਖ਼ਤਰਾ ਦੇਸ਼ ਦੀ ਦੂਰਸੰਚਾਰ ਪ੍ਰਣਾਲੀ ਲਈ ਗੰਭੀਰ ਖਤਰਾ ਬਣ ਚੁੱਕਾ ਹੈ, ਜਿਸ ਕਾਰਨ ਧੋਖਾਧੜੀ, ਨੈੱਟਵਰਕ ਦੁਰਵਰਤੋਂ ਤੇ ਸਾਈਬਰ ਅਪਰਾਧਾਂ ’ਚ ਤੇਜ਼ੀ ਆਈ ਹੈ।
ਨਿੱਜਤਾ ਨੂੰ ਲੈ ਕੇ ਉੱਠੇ ਇਤਰਾਜ਼
ਸਰਕਾਰੀ ਨਿਰਦੇਸ਼ਾਂ ਦਾ ਨਿੱਜਤਾ ਸਮਰਥਕ ਸੰਗਠਨਾਂ ਤੇ ਟੈਕ ਕੰਪਨੀਆਂ ਨੇ ਵਿਰੋਧ ਕੀਤਾ ਹੈ। ਇਸ ਤੋਂ ਪਹਿਲਾਂ ਵੀ ਸਰਕਾਰੀ ਐਂਟੀ ਸਪੈਮ ਐਪ ਨੂੰ ਲੈ ਕੇ ਐਪਲ, ਸੈਮਸੰਗ, ਵੀਵੋ, ਓਪੋ ਤੇ ਸ਼ਾਓਮੀ ਵਰਗੀਆਂ ਕੰਪਨੀਆਂ ਨੇ ਇਤਰਾਜ਼ ਕੀਤਾ ਸੀ। ਡਿਜੀਟਲ ਅਧਿਕਾਰ ਮਾਹਰ ਮਿਸ਼ੀ ਚੌਧਰੀ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਯੂਜ਼ਰਸ ਦੀ ਸਹਿਮਤੀ ਨੂੰ ਦਰਕਿਨਾਰ ਕਰਦਾ ਹੈ, ਜਿਹੜਾ ਚਿੰਤਾਜਨਕ ਹੈ। ਉੱਥੇ, ਕਾਊਂਟਰਪੁਆਇੰਟ ਦੇ ਰਿਸਰਚ ਡਾਇਰੈਕਟਰ ਤਰੁਣਾ ਪਾਠਕ ਨੇ ਸੁਝਾਅ ਦਿੱਤਾ ਕਿ ਐਪ ਨੂੰ ਲਾਜ਼ਮੀ ਰੂਪ ਨਾਲ ਪ੍ਰੀ-ਇੰਸਟਾਲ ਕਰਨ ਦੀ ਬਜਾਏ ਸਰਕਾਰ ਨੂੰ ਯੂਜ਼ਰਸ ਨੂੰ ਇਸਨੂੰ ਅਪਣਾਉਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ, ਤਾਂ ਜੋ ਨਿੱਜਤਾ ਤੇ ਸੁਰੱਖਿਆ ਦਰਮਿਆਨ ਸੰਤੁਲਨ ਕਾਇਮ ਰਹਿ ਸਕੇ।
ਕੀ ਹੈ ਸੰਚਾਰ ਸਾਥੀ ਐਪ
ਸੰਚਾਰ ਸਾਥੀ ਐਪ ਸੈਂਟਰਲ ਰਜਿਸਟਰੀ ’ਤੇ ਆਧਾਰਤ ਐਪ ਹੈ। ਇਸ ਜ਼ਰੀਏ ਸ਼ੱਕੀ ਕਾਲਾਂ ਦੀ ਰਿਪੋਰਟ ਕੀਤੀ ਜਾ ਸਕਦੀ ਹੈ, ਆਈਐੱਮਈਆਈ ਨੰਬਰ ਚੈਕ ਕੀਤਾ ਜਾ ਸਕਦਾ ਹੈ ਤੇ ਚੋਰੀ ਜਾਂ ਗੁਆਚੇ ਫੋਨ ਨੂੰ ਬਲਾਕ ਕੀਤਾ ਜਾ ਸਕਦਾ ਹੈ। ਇਸ ਨਾਲ ਉਨ੍ਹਾਂ ਨੂੰ ਧੋਖਾਧੜੀ ਵਾਲੇ ਮੋਬਾਈਲ ਕੁਨੈਕਸ਼ਨਾਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਡਿਸਕੁਨੈਕਟ ਕਰਨ ’ਚ ਮਦਦ ਵੀ ਮਿਲਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਐਪ ਸਰਕਾਰੀ ਖ਼ਤਰੇ ਨੂੰ ਰੋਕਣ, ਚੋਰੀ ਹੋਏ ਫੋਨ ਲੱਭਣ ਤੇ ਨਕਲੀ ਮੋਬਾਈਲ ਨੂੰ ਬਾਜ਼ਾਰ ’ਚ ਆਉਣ ਤੋਂ ਰੋਕਣ ’ਚ ਵੱਡੀ ਭੂਮਿਕਾ ਨਿਭਾ ਰਹੀ ਹੀ। ਹਾਲੇ ਇਹ ਐਪਲ ਗੂਗਲ ਪਲੇ ਸਟੋਰ ’ਤੇ ਸਵੈ ਇੱਛੁਕ ਡਾਊਨਲੋਡ ਲਈ ਉਪਲਬਧ ਹੈ, ਪਰ ਹੁਣ ਨਵੇਂ ਫੋਨ ’ਚ ਇਹ ਜ਼ਰੂਰੀ ਹੋਵੇਗਾ।
ਕੀ ਹੈ ਆਈਐੱਮਈਆਈ ਨੰਬਰ
ਹਰ ਮੋਬਾਈਲ ਹੈਂਡਸੈੱਟ ’ਚ ਇਕ 14 ਤੋਂ 17ਅੰਕਾਂ ਦੀ ਖ਼ਾਸ ਗਿਣਤੀ ਹੁੰਦੀ ਹੈ, ਜਿਸਨੂੰ ਅੰਤਰਰਾਸ਼ਟਰੀ ਮੋਬਾਈਲ ਉਪਕਰਨ ਪਛਾਣ (ਆਈਐੱਮਈਆਈ) ਕਿਹਾ ਜਾਂਦਾ ਹੈ। ਇਹ ਨੰਬਰ ਕਿਸੇ ਵੀ ਫੋਨ ਦੀ ਯੂਨੀਕ ਪਛਾਣ ਹੈ ਤੇ ਚੋਰੀ ਦੀ ਸਥਿਤੀ ’ਚ ਉਸ ਫੋਨ ਦੀ ਨੈੱਟਵਰਕ ਪਹੁੰਚ ਬੰਦ ਕਰਨ ਤੇ ਲੋਕੇਸ਼ਨ ਟ੍ਰੈਕਿੰਗ ਵਰਗੇ ਉਪਾਵਾਂ ’ਚ ਇਸਤੇਮਾਲ ਕੀਤਾ ਜਾਂਦਾ ਹੈ।