ਏਐੱਨਆਈ, ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਵਾਯਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਦੇਸ਼ ’ਚ ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਇਕ ਵਾਰ ਫਿਰ ਤੋਂ ਮੋਦੀ ਸਰਕਾਰ ’ਤੇ ਹਮਲਾ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸਰਕਾਰ ਤੁਹਾਡੀ ਜੇਬ ਖਾਲੀ ਕਰਕੇ ਆਪਣੇ ਦੋਸਤਾਂ ਨੂੰ ਮੁਫ਼ਤ ’ਚ ਦੇ ਰਹੀ ਹੈ। ਰਾਹੁਲ ਗਾਂਧੀ ਨੇ ਟਵੀਟ ’ਚ ਲਿਖਿਆ, ਪੈਟਰੋਲ ਪੰਪ ’ਤੇ ਗੱਡੀ ’ਚ ਤੇਲ ਪਵਾਉਣ ਸਮੇਂ ਜਦੋਂ ਤੁਹਾਡੀ ਨਜ਼ਰ ਤੇਜ਼ੀ ਨਾਲ ਵੱਧਦੇ ਮੀਟਰ ’ਤੇ ਪਵੇ ਤਾਂ ਇਹ ਜ਼ਰੂਰ ਯਾਦ ਰੱਖਿਓ ਕਿ ਕੱਚੇ ਤੇਲ ਦਾ ਭਾਅ ਵਧਿਆ ਨਹੀਂ, ਬਲਕਿ ਘੱਟ ਹੋਇਆ ਹੈ। ਉਨ੍ਹਾਂ ਨੇ ਲਿਖਿਆ ਕਿ ਪੈਟਰੋਲ 100 ਰੁਪਏ ਲੀਟਰ ਹੈ। ਤੁਹਾਡੀ ਜੇਬ ਖਾਲੀ ਕਰਕੇ ਮਿੱਤਰਾਂ ਨੂੰ ਦੇਣ ਦਾ ਮਹਾਨ ਕੰਮ ਮੋਦੀ ਸਰਕਾਰ ਮੁਫ਼ਤ ’ਚ ਕਰ ਰਹੀ ਹੈ।

ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕਈ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਕੁਝ ਸੂਬਿਆਂ ’ਚ ਤਾਂ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਵੀ ਜਾ ਚੁੱਕੀ ਹੈ। ਰਾਜਸਥਾਨ ਤੋਂ ਬਾਅਦ ਵੀਰਵਾਰ ਨੂੰ ਮੱਧ ਪ੍ਰਦੇਸ਼ ’ਚ ਵੀ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 100 ਰੁਪਏ ਤੋਂ ਪਾਰ ਪਹੁੰਚ ਗਈ।

ਇਸਤੋਂ ਪਹਿਲਾਂ ਐਤਵਾਰ ਨੂੰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਸੀ ਕਿ ਹਰੇਕ ਨਾਗਰਿਕ ਦਾ ਦਰਦ ਅਤੇ ਪੈਟਰੋਲ-ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਬਾਰੇ ਗਹਿਰਾ ਸੰਕਟ ਹੈ।

Posted By: Ramanjit Kaur