ਨਵੀਂ ਦਿੱਲੀ : PUBG ਦੀਆਂ ਮੁਸ਼ਕਲਾਂ ਭਾਰਤ ਸਮੇਤ ਅੰਤਰਰਾਸ਼ਟਰੀ ਪੱਧਰ 'ਤੇ ਵੀ ਵਧਦੀਆਂ ਜਾ ਰਹੀਆਂ ਹਨ। ਇਸ ਗੇਮ ਨੂੰ ਬੈਨ ਕਰਨ ਲਈ ਲੋਕ ਪਟੀਸ਼ਨ ਦਾਇਰ ਕਰ ਰਹੇ ਹਨ। ਭਾਰਤ ਵਿਚ ਕੁਝ ਥਾਵਾਂ 'ਤੇ ਇਸ ਗੇਮ ਦੇ ਬੈਨ ਹੋਣ ਤੋਂ ਬਾਅਦ ਹੁਣ ਇਰਾਕ ਵਿਚ PUBG ਨੂੰ ਬੈਨ ਕਰ ਦਿੱਤਾ ਗਿਆ ਹੈ। ਸਿਰਫ਼ PUBG ਹੀ ਨਹੀਂ ਬਲਿਕ ਇਸ ਦੀ ਮੁਕਾਬਲੇਬਾਜ਼ ਗੇਮ Fortnite 'ਤੇ ਵੀ ਇਰਾਕ ਵਿਚ ਬੈਨ ਲਗਾ ਦਿੱਤਾ ਗਿਆ ਹੈ। ਇਸ ਗੇਮ 'ਤੇ ਬੈਨ ਲਗਾਉਣ ਵਾਲਾ ਇਰਾਕ ਚੌਥਾ ਦੇਸ਼ ਬਣ ਚੁੱਕਾ ਹੈ। ਇਰਾਕੀ ਸੰਸਦ ਵਿਚ PUBG 'ਤੇ ਬੈਨ ਲਗਾਉਣ ਦੀ ਰਿਪੋਰਟ ਤੋਂ ਬਾਅਦ ਇਕ ਕਾਨੂੰਨੀ ਖਰੜਾ ਪੇਸ਼ ਕੀਤਾ ਗਿਆ ਸੀ ਜਿਸ ਵਿਚ ਇਹ ਕਿਹਾ ਗਿਆ ਕਿ PUBG ਲੋਕਾਂ ਦੇ ਦਿਮਾਗ਼ 'ਤੇ ਗ਼ਲਤ ਅਸਰ ਪਾ ਰਹੀ ਹੈ।

ਇਰਾਕ ਵਿਚ ਗੇਮ ਦਾ ਐਕਸੈੱਸ ਕੀਤਾ ਗਿਆ ਬਲਾਕ

ਇਰਾਕ ਦੀ ਕਮਿਊਨੀਕੇਸ਼ਨ ਮਿਨਿਸਟਰੀ ਅਤੇ ਮੀਡੀਆ ਕਮਿਸ਼ਨ ਨੂੰ ਇਸ ਗੇਮ ਦਾ ਐਕਸੈੱਸ ਬਲਾਕ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਗੇਮ 'ਤੇ ਪੂਰੀ ਤਰ੍ਹਾਂ ਨਾਲ ਬੈਨ ਲਗਾ ਦਿੱਤਾ ਜਾਵੇਗਾ। ਇਰਾਕ ਵਿਚ PUBG Mobile ਗੇਮ ਖੇਡਣ ਦੀ ਲਤ ਕਾਰਨ ਕਈ ਵਿਆਹੁਤਾ ਲੋਕਾਂ ਨੇ ਇਕ-ਦੂਸਰੇ ਤੋਂ ਤਲਾਕ ਲੈ ਲਿਆ। ਜਦੋਂ ਤੋਂ ਇਹ ਗੇਮ ਲਾਂਚ ਕੀਤੀ ਗਈ ਹੈ ਉਦੋਂ ਤੋਂ ਹੁਣ ਤਕ ਇਹ 360 ਮਿਲੀਅਨ ਵਾਰ ਡਾਊਨਲੋਡ ਕੀਤੀ ਜਾ ਚੁੱਕੀ ਹੈ।

ਜਾਣੋ ਕਿਹੜੀਆਂ ਥਾਵਾਂ 'ਤੇ ਬੈਨ ਹੋ ਚੁੱਕੀ ਹੈ ਗੇਮ

ਇਸ ਤੋਂ ਪਹਿਲਾਂ ਇਕ ਰਿਪੋਰਟ ਸਾਹਮਣੇ ਆਈ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਨੇਪਾਲ ਵਿਚ ਵੀ ਇਸ ਗੇਮ 'ਤੇ ਬੈਨ ਲਗਾ ਦਿੱਤਾ ਗਿਆ ਹੈ। ਉੱਥੇ, PUBG ਖੇਡਣ ਵਾਲੇ ਖਿਡਾਰੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਵੀ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਚੀਨ ਵਿਚ ਵੀ ਇਸ ਗੇਮ ਨੂੰ ਬੈਨ ਕਰ ਦਿੱਤਾ ਗਿਆ ਹੈ। 13 ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਗੇਮ ਨੂੰ ਨਹੀਂ ਖੇਡ ਸਕਣਗੇ। ਉੱਥੇ, ਕਈ ਦੇਸ਼ਾਂ ਦੇ ਮਾਪੇ PUBG ਨੂੰ ਬੈਨ ਕਰਨ ਦੀ ਮੰਗ ਕਰ ਰਹੇ ਹਨ। ਕੁਝ ਹੀ ਸਮਾਂ ਪਹਿਲਾਂ ਗੁਜਰਾਤ ਨੇ ਇਸ ਗੇਮ ਸਬੰਧੀ ਕਾਰਵਾਈ ਕੀਤੀ ਸੀ। ਇਸ ਨੂੰ ਗੁਜਰਾਤ ਦੇ ਕਈ ਇਲਾਕਿਆਂ ਵਿਚ ਬੈਨ ਕਰ ਦਿੱਤਾ ਗਿਆ ਹੈ। ਉੱਥੇ, ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਨੂੰ ਇੱਥੇ PUBG ਖੇਡਦੇ ਹੋਏ ਦੇਖਿਆ ਜਾਂਦਾ ਤਾਂ ਉਸ ਨੂੰ ਸਥਾਨਕ ਪੁਲਿਸ ਗ੍ਰਿਫ਼ਤਾਰ ਵੀ ਕਰ ਸਕਦੀ ਸੀ।

Posted By: Seema Anand