ਨਵੀਂ ਦਿੱਲੀ (ਪੀਟੀਆਈ) : ਸੂਚਨਾ ਤਕਨੀਕ ਕੰਪਨੀ ਇਨਫੋਸਿਸ ਨੇ ਬੁੱਧਵਾਰ ਨੂੰ ਕਿਹਾ ਕਿ ਇਨਕਮ ਟੈਕਸ ਵਿਭਾਗ ਦੀ ਨਵੀਂ ਈ-ਫਾਈਲਿੰਗ ਵੈੱਬਸਾਈਟ ਦੀਆਂ ਖਾਮੀਆਂ ਦੂਰ ਕਰ ਲਈਆਂ ਜਾਣਗੀਆਂ। ਇਨਫੋਸਿਸ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਲਿਖਿਆ ਕਿ ਕੰਪਨੀ ਦੀ ਟੀਮ ਤਕਨੀਕੀ ਖਾਮੀਆਂ ਨੂੰ ਦੂਰ ਕਰਨ ਲਈ ਕੰਮ ਕਰ ਰਹੀ ਹੈ।

ਸਾਨੂੰ ਉਮੀਦ ਹੈ ਕਿ ਇਸੇ ਹਫ਼ਤੇ ਵੈੱਬਸਾਈਟ ਸੁਚਾਰੂ ਰੂਪ ਨਾਲ ਕੰਮ ਕਰਨ ਲੱਗੇਗੀ। ਮੰਗਲਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੰਪਨੀ ਨੂੰ ਇਸ ਵੈੱਬਸਾਈਟ ਦੀਆਂ ਦਿੱਕਤਾਂ ਛੇਤੀ ਤੋਂ ਛੇਤੀ ਖ਼ਤਮ ਕਰਨ ਨੂੰ ਕਿਹਾ ਸੀ, ਜਿਸ ਤੋਂ ਬਾਅਦ ਕੰਪਨੀ ਨੇ ਇਹ ਨਵੀਂ ਜਾਣਕਾਰੀ ਦਿੱਤੀ ਹੈ। ਇਨਕਮ ਟੈਕਸ ਵਿਭਾਗ ਦੀ ਨਵੀਂ ਪੋਰਟਲ ਸੋਮਵਾਰ ਨੂੰ ਲਾਂਚ ਹੋਣੀ ਸੀ।

ਇਸ 'ਚ ਪੂਰਾ ਦਿਨ ਖ਼ਾਮੀ ਰਹੀ ਤੇ ਇਹ ਰਾਤ ਪੌਣੇ ਨੌਂ ਵਜੇ ਲਾਈਵ ਹੋਈ। ਸੀਤਾਰਮਨ ਨੇ ਇਨਫੋਸਿਸ ਤੇ ਉਸ ਦੇ ਚੇਅਰਮੈਨ ਨੰਦਨ ਨੀਲੇਕਣੀ ਨੂੰ ਇਨਕਮ ਟੈਕਸ ਵਿਭਾਗ ਦੀ ਨਵੀਂ ਈ-ਫਾਈਲਿੰਗ ਵੈੱਬਸਾਈਟ 'ਚ ਆ ਰਹੀਆਂ ਤਕਨੀਕੀ ਖਾਮੀਆਂ ਨੂੰ ਛੇਤੀ ਤੋਂ ਛੇਤੀ ਦੂਰ ਕਰਨ ਨੂੰ ਕਿਹਾ ਸੀ। ਟਵਿੱਟਰ 'ਤੇ ਭਾਰੀ ਗਿਣਤੀ 'ਚ ਯੂਜ਼ਰਜ਼ ਦੀਆਂ ਸ਼ਿਕਾਇਤਾਂ ਤੋਂ ਬਾਅਦ ਵਿੱਤ ਮੰਤਰੀ ਨੇ ਕੰਪਨੀ ਤੇ ਉਸ ਦੇ ਚੇਅਰਮੈਨ ਨੂੰ ਟਵੀਟ ਕਰ ਕੇ ਵੈੱਬਸਾਈਟ ਨੂੰ ਛੇਤੀ ਤੋਂ ਛੇਤੀ ਠੀਕ ਕਰਨ ਨੂੰ ਕਿਹਾ।