ਨਵੀਂ ਦਿੱਲੀ, ਜੇਐੱਨਐੱਨ : ਭਾਰਤ 'ਚ ਛੇਤੀ ਬਗ਼ੈਰ ਚੀਰ-ਫਾੜ ਦੇ ਪੋਸਟਮਾਰਟਮ ਦੀ ਸਹੂਲਤ ਮਿਲਣ ਜਾ ਰਹੀ ਹੈ। ਕੇਂਦਰੀ ਮੰਤਰੀ ਹਰਸ਼ਵਰਧਨ ਨੇ ਰਾਜ ਸਭਾ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੱਖਣੀ ਤੇ ਦੱਖਣ-ਪੂਰਬੀ ਏਸ਼ੀਆ 'ਚ ਇਸ ਤਰ੍ਹਾਂ ਲਾਸ਼ ਦੀ ਜਾਂਚ ਕਰਨ ਵਾਲਾ ਭਾਰਤ ਪਹਿਲਾ ਦੇਸ਼ ਹੋਵੇਗਾ।

ਨਵੀਂ ਤਕਨੀਕ ਕਾਰਨ ਇਸ 'ਚ ਸਮਾਂ ਘੱਟ ਲੱਗੇਗਾ ਤੇ ਬਿਹਤਰ ਜਾਂਚ ਹੋ ਸਕੇਗੀ। ਓਧਰ ਇਸ ਤਕਨੀਕ ਜ਼ਰੀਏ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੀਆਂ ਭਾਵਨਾਵਾਂ ਦਾ ਵੀ ਧਿਆਨ ਰੱਖਿਆ ਜਾ ਸਕੇਗਾ। ਆਓ ਇਸ ਤਕਨੀਕ 'ਤੇ ਨਜ਼ਰ ਮਾਰਦੇ ਹਾਂ :

ਭਾਰਤ ਚ ਕਦੋਂ ਸ਼ੁਰੂ ਹੋਵੇਗੀ ਤਕਨੀਕ

ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰੇਵਤੀ ਰਮਨ ਸਿੰਘ ਦੇ ਸਵਾਲ ਦੇ ਜਵਾਬ 'ਚ ਹਰਸ਼ਵਰਧਨ ਨੇ ਕਿਹਾ ਕਿ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਸ) ਨਵੀਂ ਦਿੱਲੀ ਤੇ ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ ਸਾਂਝੇ ਤੌਰ 'ਤੇ ਬਗ਼ੈਰ ਕਿਸੇ ਤਰ੍ਹਾਂ ਦੀ ਚੀਰ-ਫਾੜ ਦੀ ਤਕਨੀਕ 'ਤੇ ਕੰਮ ਕਰ ਰਹੇ ਹਨ। ਇਸ ਜ਼ਰੀਏ ਅਗਲੇ ਛੇ ਮਹੀਨਿਆਂ 'ਚ ਪੋਸਟਮਾਰਟਮ ਕੀਤੇ ਜਾ ਸਕਣਗੇ।

ਵਿਦੇਸ਼ 'ਚ ਹੈ ਕਾਰਗਰ

ਦੁਨੀਆ ਦੇ ਕਈ ਦੇਸ਼ ਪਹਿਲਾਂ ਹੀ ਅਜਿਹੀ ਤਕਨੀਕ ਅਪਣਾ ਚੁੱਕੇ ਹਨ। ਇਸ ਤਰ੍ਹਾਂ ਦਾ ਪ੍ਰੀਖਣ ਸਭ ਤੋਂ ਪਹਿਲਾਂ ਸਵੀਡਨ 'ਚ ਸ਼ੁਰੂ ਹੋਇਆ ਸੀ। ਹਾਲਾਂਕਿ ਜਾਪਾਨ, ਅਮਰੀਕਾ, ਆਸਟ੍ਰੇਲੀਆ ਤੇ ਯੂਰੋਪ ਦੇ ਕਈ ਹੋਰ ਦੇਸ਼ ਵੀ ਇਸ ਤਕਨੀਕ ਦੀ ਵਰਤੋਂ ਕਰਦੇ ਹਨ।

ਇਸ ਤਰ੍ਹਾਂ ਹੋਵੇਗੀ ਜਾਂਚ

ਇਸ ਤਕਨੀਕ 'ਚ ਡਾਕਟਰ ਰੇਡੀਏਸ਼ਨ ਦੀ ਵਰਤੋਂ ਕਰਨਗੇ ਜਿਸ ਜ਼ਰੀਏ ਮੌਤ ਦੇ ਸਹੀ ਕਾਰਨ ਤਕ ਪਹੁੰਚਿਆ ਜਾ ਸਕੇਗਾ। ਇਸ 'ਚ ਸੀਟੀ ਸਕੈਨ ਜਾਂ ਐੱਮਆਰਆਈ ਮਸ਼ੀਨ ਦੀ ਵਰਤੋਂ ਵੀ ਸੰਭਵ ਹੈ। ਇਸੇ ਤਰੀਕੇ ਨਾਲ ਡਾਕਟਰ ਇਕ ਜਿਊਂਦੇ ਮਨੁੱਖ ਦੇ ਸਰੀਰ ਦੀ ਵੀ ਜਾਂਚ ਕਰ ਸਕਣਗੇ। 2013 'ਚ 'ਵਿਰਟੋਪਸੀ : ਫੋਰੈਂਸਿਕ ਜਾਂਚ ਦੀ ਨਵੀਂ ਅਵਸਥਾ' ਨਾਂ ਤੋਂ ਸਾਹਮਣੇ ਆਏ ਪਰਚੇ 'ਚ ਇਹ ਗੱਲ ਸਾਹਮਣੇ ਆਈ ਹੈ। ਵਿਰਟੋਪਸੀ ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ ਹੈ। ਇਸ ਮੁਤਾਬਕ ਲਾਸ਼ ਦਾ ਪ੍ਰੀਖਣ ਇਕ ਵਿਸ਼ੇਸ਼ ਸਰਜਰੀ ਪ੍ਰਣਾਲੀ ਹੈ। ਇਸ ਜ਼ਰੀਏ ਡਾਕਟਰ ਮੌਤ ਦਾ ਕਾਰਨ, ਮਿ੍ਤਕ ਦੇ ਸਰੀਰ 'ਚ ਬਿਮਾਰੀ ਜਾਂ ਫਿਰ ਸੱਟ ਦਾ ਪਤਾ ਲਗਾਉਂਦਾ ਹੈ। ਇਹ ਮਿ੍ਤਕ ਦੇ ਸਰੀਰ ਦੀ ਜਾਂਚ ਲਈ ਇਕ ਵਿਸਥਾਰਤ ਤੇ ਵਿਵਸਥਤ ਜਾਂਚ ਦੀ ਸਹੂਲਤ ਦਿੰਦਾ ਹੈ।

ਤਕਨੀਕ ਇਕ ਫ਼ਾਇਦੇ ਕਈ

ਪੋਸਟਮਾਰਟਮ ਦਾ ਰਵਾਇਤੀ ਤਰੀਕਾ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੂੰ ਅਸਹਿਜ ਕਰਦਾ ਹੈ। ਇਹੀ ਸਭ ਤੋਂ ਵੱਡਾ ਕਾਰਨ ਹੈ, ਜਿਸ ਕਾਰਨ ਆਲਮੀ ਪੱਧਰ 'ਤੇ ਇਸ ਤਕਨੀਕ ਨੂੰ ਅਪਣਾਇਆ ਜਾ ਰਿਹਾ ਹੈ। ਨਾਲ ਹੀ ਜਿੱਥੇ ਰਵਾਇਤੀ ਪੋਸਟਮਾਰਟਮ 'ਚ ਕਰੀਬ ਢਾਈ ਘੰਟੇ ਦਾ ਸਮਾਂ ਲੱਗਦਾ ਹੈ, ਉੱਥੇ ਹੀ ਇਸ ਤਕਨੀਕ ਜ਼ਰੀਏ ਸਿਰਫ਼ ਅੱਧੇ ਘੰਟੇ 'ਚ ਪੋਸਟਮਾਰਟਮ ਹੋ ਜਾਵੇਗਾ ਤੇ ਇਸ ਦੀ ਲਾਗਤ ਵੀ ਘੱਟ ਆਵੇਗੀ।

ਕਿੰਨੀ ਸਟੀਕ ਹੈ ਤਕਨੀਕ

2012 ਦੇ ਇਕ ਖੋਜ ਪੱਤਰ ਮੁਤਾਬਕ ਇਸ ਤਕਨੀਕ 'ਚ ਰੇਡੀਓਲਾਜਿਸਟ ਮਿ੍ਤਕ ਦੀ ਮੌਤ ਦੇ ਕਾਰਨ ਦੱਸਦੇ ਹਨ। ਪੋਸਟਮਾਰਟਮ ਕਰਨ ਵਾਲੇ ਡਾਕਟਰ ਇਸ ਨੂੰ ਸਵੀਕਾਰ ਕਰਦੇ ਹਨ ਤੇ ਅਜਿਹੇ 90 ਫ਼ੀਸਦੀ ਮਾਮਲਿਆਂ 'ਚ ਚੀਰ-ਫਾੜ ਨਹੀਂ ਕੀਤੀ ਜਾਂਦੀ। ਹਾਲਾਂਕਿ 2018 'ਚ ਜਨਰਲ ਆਫ ਪੈਥੋਲਾਜੀ ਇਨਫੋਰਮੇਟਿਕਸ ਦੇ ਰੂਸ ਤੇ ਇਟਲੀ ਦੇ ਵਿਗਿਆਨੀਆਂ ਨੇ ਰਵਾਇਤੀ ਤੇ ਇਸ ਤਕਨੀਕ ਦੀ ਤੁਲਨਾ ਕੀਤੀ ਹੈ।

ਇਸ 'ਚ ਉਨ੍ਹਾਂ ਦੇਖਿਆ ਕਿ ਰਵਾਇਤੀ ਪੋਸਟਮਾਰਟਮ ਦੇ 23 'ਚੋਂ 15 (ਕਰੀਬ 65 ਫ਼ੀਸਦੀ) ਮਾਮਲਿਆਂ ਦੇ ਪੋਸਟਮਾਰਟਮ ਜ਼ਰੀਏ ਸਹੀ ਜਾਂਚ ਕੀਤੀ ਗਈ। ਮੌਦ ਦੇ ਇਕ ਮਾਮਲੇ 'ਚ ਸਹੀ ਕੁਝ ਪਤਾ ਨਹੀਂ ਲੱਗ ਸਕਿਆ। ਨਤੀਜਿਆਂ ਦੇ ਅੰਕੜਿਆਂ ਮੁਤਾਬਕ ਇਸ ਤਕਨੀਕ ਦੇ ਨਤੀਜੇ ਰਵਾਇਤੀ ਪੋਸਟ ਮਾਰਟਮ ਦੇ ਨਤੀਜਿਆਂ ਨਾਲ 64 ਫ਼ੀਸਦੀ ਮਿਲਦੇ ਜੁਲਦੇ ਹਨ।