ਪਿ੍ਤਪਾਲ ਸਿੰਘ, ਸ਼ਾਹਕੋਟ: ਗਲਵਾਨ ਘਾਟੀ ਵਿਖੇ ਚੀਨ ਨਾਲ ਹੋਏ ਟਕਰਾਅ ਤੋਂ ਬਾਅਦ ਭਾਰਤ ਸਰਕਾਰ ਨੇ ਚੀਨੀ ਐਪਸ 'ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਲੋਕਾਂ ਨੇ ਭਾਰਤ 'ਚ ਤਿਆਰ ਹੋਈਆਂ ਐਪਸ ਦੀ ਵਰਤੋਂ ਕਰਨ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।

ਭਾਰਤ ਸਰਕਾਰ ਦੇ ਚੀਨੀ ਐਪਸ ਨੂੰ ਬੈਨ ਕਰਨ ਦੇ ਕਦਮ ਨੇ ਭਾਰਤੀ ਐਪਸ ਨੂੰ ਮਾਰਕੀਟ 'ਚ ਵਿਕਸਤ ਹੋਣ ਦਾ ਮੌਕਾ ਦਿੱਤਾ ਹੈ। ਭਾਰਤੀ ਐਪਸ ਨੂੰ ਬਣਾਉਣ ਵਾਲੇ ਡਵੈੱਲਪਰਸ ਨੇ ਸਰਕਾਰ ਵੱਲੋਂ ਚੀਨੀ ਐਪਸ 'ਤੇ ਲਾਈ ਪਾਬੰਦੀ ਦਾ ਸਮਰਥਨ ਕਰਦਿਆਂ ਯੂਜ਼ਰਸ ਨੂੰ ਭਾਰਤ ਵਿਚ ਹੀ ਤਿਆਰ ਹੋਈਆਂ ਐਪਸ ਨੂੰ ਵਰਤਣ ਦੀ ਅਪੀਲ ਕੀਤੀ ਹੈ।

ਇਹ ਐਪ ਡਵੈੱਲਪਰ ਦਾਅਵਾ ਕਰਦੇ ਹਨ ਕਿ ਭਾਰਤੀ ਐਪਸ ਉਪਭੋਗਤਾਵਾਂ ਦਾ ਡੇਟਾ ਦੇਸ਼ ਅੰਦਰ ਸੁਰੱਖਿਅਤ ਰੱਖਦੇ ਹਨ। ਭਾਰਤ ਚੀਨ ਲਈ ਇਕ ਮਹੱਤਵਪੂਰਣ ਖ਼ਪਤਕਾਰ ਬਾਜ਼ਾਰ ਹੈ। ਇਸ ਲਈ ਚੀਨੀ ਐਪਸ 'ਤੇ ਲੱਗੀ ਪਾਬੰਦੀ ਚੀਨ ਦੀ ਆਰਥਿਕਤਾ ਨੂੰ ਪ੍ਰਭਾਵਤ ਕਰੇਗੀ। ਭਾਰਤ ਕੋਲ ਟਿੱਕਟਾਕ, ਕੈਮਸਕੈਨਰ, ਯੂਸੀ ਬਰਾਊਜ਼ਰ ਸਮੇਤ ਸਾਰੀਆਂ ਪਾਬੰਦੀਸ਼ੁਦਾ ਐਪਸ ਦੇ ਵਿਕਲਪਿਕ ਐਪ ਮੌਜੂਦ ਹਨ।

ਇਹ ਹਨ ਚੀਨੀ ਐਪਸ ਦੇ ਵਿਕਲਪ

ਚਿੰਗਾਰੀ ਐਪ ਟਿਕਟਾਕ ਦਾ ਸਭ ਤੋਂ ਵੱਡਾ ਵਿਕਲਪ ਬਣ ਕੇ ਅੱਗੇ ਆਈ ਹੈ। ਸਿਰਫ 10 ਦਿਨਾਂ 'ਚ ਹੀ 30 ਲੱਖ ਡਾਊਨਲੋਡ ਹੋਏ ਤੇ ਇਕ ਸਮੇਂ ਸਿਰਫ 72 ਘੰਟਿਆਂ 'ਚ 5,00,000 ਡਾਉਨਲੋਡ ਹੋਏ। ਹੁਣ ਇਸ ਨੂੰ 10 ਮੀਲੀਅਨ ਤੋਂ ਵੱਧ ਲੋਕ ਡਾਊਨਲੋਡ ਕਰ ਚੁੱਕੇ ਹਨ। ਇਸ ਤੋਂ ਇਲਾਵਾ ਬੋਲੋ ਇੰਡੀਆ, ਮੀਤਰੋਨ ਸਮੇਤ ਹੋਰ ਵੀ ਕਈ ਐਪਸ ਟਿਕਟਾਕ ਦੇ ਭਾਰਤ 'ਚ ਵਿਕਲਪ ਬਣ ਕੇ ਉੱਭਰੇ ਹਨ।

ਰਿਲਾਇੰਸ ਜੀਓ ਦਾ ਜੀਓ ਬ੍ਰਾਊਜ਼ਰ, ਯੂਸੀ ਬਰਾਊਜ਼ਰ ਦਾ ਵਿਕਲਪ ਬਣ ਕੇ ਸਾਹਮਣੇ ਆਇਆ ਹੈ। ਇਸ ਨੂੰ ਯੂਜਰਸ ਵੱਲੋਂ ਵੱਡੇ ਪੱਧਰ 'ਤੇ ਡਾਊਨਲੋਡ ਕੀਤਾ ਗਿਆ ਹੈ। ਇਸ ਨੂੰ ਹੁਣ ਤਕ 10 ਮੀਲੀਅਨ ਤੋਂ ਵੱਧ ਲੋਕਾਂ ਵੱਲੋਂ ਪਸੰਦ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਹੋਰ ਵੀ ਪਾਬੰਦੀਸ਼ੁਦਾ ਚੀਨੀ ਐਪਸ ਦੇ ਵਿਕਲਪ ਭਾਰਤੀਆਂ ਵੱਲੋਂ ਵੱਡੇ ਪੱਧਰ 'ਤੇ ਡਾਊਨਲੋਡ ਕੀਤੇ ਜਾ ਰਹੇ ਹਨ।