ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਵਿੱਚ ਹੋਟਲ ਚੇਨ ਚਲਾਉਣ ਵਾਲੀ ਕੰਪਨੀ ਓਯੋ ਨੇ ਆਪਣੇ ਮੁਲਾਜ਼ਮਾਂ ਵਿੱਚ ਵੱਡਾ ਫੇਰਬਦਲ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਤਕਨਾਲੋਜੀ ਤੇ ਉਤਪਾਦ ਯੂਨਿਟਾਂ ਵਿੱਚ 600 ਮੁਲਾਜ਼ਮਾਂ ਦੀ ਛਾਂਟੀ ਕਰਨ ਅਤੇ ਵਿਕਰੀ ਵਿੱਚ 250 ਨੂੰ ਨੌਕਰੀ ਦੇਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨੇ ਇਹ ਫੈਸਲਾ ਕਈ ਪ੍ਰੋਜੈਕਟਾਂ ਨੂੰ ਬੰਦ ਕਰਨ ਅਤੇ ਯੂਨਿਟਾਂ ਦੇ ਰਲੇਵੇਂ ਤੋਂ ਬਾਅਦ ਲਿਆ ਹੈ।

ਓਯੋ ਦੁਆਰਾ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਕੰਪਨੀ ਉਤਪਾਦ, ਇੰਜੀਨੀਅਰਿੰਗ, ਕਾਰਪੋਰੇਟ ਹੈੱਡਕੁਆਰਟਰ ਤੇ ਓਯੋ ਵੈਕੇਸ਼ਨ ਹੋਮਜ਼ ਟੀਮ ਨੂੰ ਘਟਾ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਪਾਰਟਨਰ ਰਿਲੇਸ਼ਨਸ਼ਿਪ ਮੈਨੇਜਮੈਂਟ ਅਤੇ ਬਿਜ਼ਨਸ ਡਿਵੈਲਪਮੈਂਟ 'ਚ ਮੁਲਾਜ਼ਮਾਂ ਦੀ ਗਿਣਤੀ ਵਧਾ ਰਹੀ ਹੈ। ਇਸ ਕਾਰਨ 600 ਮੁਲਾਜ਼ਮਾਂ ਨੂੰ ਕੰਪਨੀ ਵਿੱਚੋਂ ਕੱਢ ਦਿੱਤਾ ਜਾਵੇਗਾ ਤੇ 250 ਮੁਲਾਜ਼ਮਾਂ ਨੂੰ ਨੌਕਰੀ ਦਿੱਤੀ ਜਾਵੇਗੀ। ਇਸ ਨਾਲ ਕੰਪਨੀ 'ਚ ਮੁਲਾਜ਼ਮਾਂ ਦੀ ਗਿਣਤੀ 10 ਫੀਸਦੀ ਤਕ ਘੱਟ ਜਾਵੇਗੀ। ਇਸ ਸਮੇਂ ਕੰਪਨੀ ਵਿੱਚ 3700 ਮੁਲਾਜ਼ਮ ਕੰਮ ਕਰਦੇ ਹਨ।

ਕੰਪਨੀ ਵੱਲੋਂ ਦੱਸਿਆ ਗਿਆ ਕਿ ਕੰਮਕਾਜ ਨੂੰ ਸੁਚਾਰੂ ਰੱਖਣ ਲਈ ਉਤਪਾਦ ਅਤੇ ਇੰਜੀਨੀਅਰਿੰਗ ਟੀਮ ਦਾ ਰਲੇਵਾਂ ਕੀਤਾ ਗਿਆ ਹੈ। ਕੁਝ ਪਾਇਲਟ ਪ੍ਰੋਜੈਕਟਾਂ, ਗੇਮਿੰਗ ਅਤੇ ਸਮਾਜਿਕ ਸਮੱਗਰੀ ਕਿਊਰੇਸ਼ਨ ਟੀਮਾਂ ਦਾ ਆਕਾਰ ਘਟਾਇਆ ਗਿਆ ਹੈ।

Posted By: Sarabjeet Kaur