ਮਲਟੀਮੀਡੀਆ ਡੈਸਕ : ਜੇਕਰ ਕੋਈ ਤੁਹਾਨੂੰ ਸ਼ਿਕਾਇਤ ਕਰਦਾ ਹੈ ਕਿ ਤੁਸੀਂ ਉਸ ਦਾ ਫੋਨ ਨਹੀਂ ਚੁੱਕਦੇ ਜਾਂ ਫਿਰ ਤੁਹਾਡੇ ਫੋਨ 'ਚ ਮਿਸਡ ਕਾਲ ਹੁੰਦੀਆਂ ਹਨ ਤਾਂ ਆਉਣ ਵਾਲੇ ਦਿਨਾਂ 'ਚ ਇਹ ਮਿਸਡ ਕਾਲਜ਼ ਹੋਰ ਵਧਣ ਵਾਲੀਆਂ ਹਨ। ਇਸ ਦੇ ਨਾਲ ਹੀ ਲੋਕਾਂ ਦੀ ਇਹ ਸ਼ਿਕਾਇਤ ਵੀ ਵਧਣ ਵਾਲੀ ਹੈ ਕਿ ਤੁਸੀਂ ਉਨ੍ਹਾਂ ਦਾ ਫੋਨ ਨਹੀਂ ਉਠਾਉਂਦੇ। ਅਜਿਹਾ ਇਸ ਲਈ ਨਹੀਂ ਹੋਵੇਗਾ ਕਿ ਇਹ ਤੁਹਾਡੀ ਗ਼ਲਤੀ ਹੋਵੇਗੀ ਬਲਕਿ ਟੈਲੀਕਾਮ ਕੰਪਨੀਆਂ ਨੇ ਇਕ ਵੱਡਾ ਕਦਮ ਉਠਾਇਆ ਹੈ। ਰਿਲਾਇੰਸ ਜਿਓ ਦੇ ਨਕਸ਼ੇ-ਕਦਮ 'ਤੇ ਚਲਦਿਆਂ ਹੁਣ ਭਾਰਤੀ ਏਅਰਟੈੱਲ ਤੇ ਵੋਡਾਫੋਨ-ਆਇਡੀਆ ਨੇ ਵੀ ਆਪਣੇ ਨੰਬਰਾਂ 'ਤੇ ਆਉਣ ਵਾਲੀ ਇਨਕਮਿੰਗ ਕਾਲਜ਼ ਦਾ ਸਮਾਂ ਘਟਾ ਦਿੱਤਾ ਹੈ। ਇਸ ਤੋਂ ਬਾਅਦ ਹੁਣ ਜੇਕਰ ਤੁਸੀਂ ਜਿਓ, ਵੋਡਾਫੋਨ ਆਇਡੀਆ ਜਾਂ ਫਿਰ ਭਾਰਤੀ ਏਅਰਟੈੱਲ ਦੇ ਯੂਜ਼ਰ ਹੋ ਤਾਂ ਤੁਹਾਡਾ ਫੋਨ 25 ਸੈਕੰਡ ਤੋਂ ਜ਼ਿਆਦਾ ਲਈ ਨਹੀਂ ਵੱਜੇਗਾ। ਜੇਕਰ ਇੰਨੀ ਦੇਰ 'ਚ ਤੁਸੀਂ ਕਾਲ ਰਿਸੀਵ ਕਰ ਲਈ ਤਾਂ ਠੀਕ, ਨਹੀਂ ਤਾਂ ਮਿਸਡ ਕਾਲ ਹੋ ਜਾਵੇਗੀ।

ਮੀਡੀਆ ਰਿਪੋਰਟਸ ਅਨੁਸਾਰ ਜਿਓ ਦੇ ਕਦਮ ਨਾਲ ਨਜਿੱਠਣ ਲਈ ਦੋਵਾਂ ਕੰਪਨੀਆਂ ਨੇ ਇਹ ਫ਼ੈਸਲਾ ਲਿਆ ਹੈ। ਏਅਰਟੈੱਲ ਨੇ ਤਾਂ ਪੱਤਰ ਜ਼ਰੀਏ ਟਰਾਈ ਨੂੰ ਇਸ ਦੀ ਸੂਚਨਾ ਵੀ ਦੇ ਦਿੱਤੀ ਹੈ। ਵੋਡਾਪੋਨ ਆਇਡੀਆ ਨੇ ਵੀ ਚੋਣਵੇਂ ਸਰਕਲਜ਼ 'ਚ ਰਿੰਗ ਟਾਈਮ 'ਚ ਕਟੌਤੀ ਕੀਤੀ ਹੈ। ਏਅਰਟੈੱਲ ਨੇ ਆਪਣੇ ਖ਼ਤ 'ਚ ਲਿਖਿਆ ਹੈ ਕਿ ਉਸ ਦਾ ਇਹ ਫ਼ੈਸਲਾ ਜਿਓ ਵਲੋਂ ਕੀਤੀ ਗਈ ਸ਼ੁਰੂਆਤ ਤੋਂ ਬਾਅਦ ਲਿਆ ਗਿਆ ਹੈ ਤੇ ਇਸ ਨਾਲ ਗਾਹਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ, ਇੰਡਸਟਰੀ ਵਲੋਂ ਲਗਾਤਾਰ ਸੂਚਨਾ ਦੇ ਬਾਵਜੂਦ ਰੈਗੂਲੇਟਰ ਨੇ ਜਦੋਂ ਕੋਈ ਹਦਾਇਤ ਨਹੀਂ ਦਿੱਤੀ ਤਾਂ ਕੰਪਨੀਆਂ ਕੋਲ ਕੋਈ ਹੋਰ ਚਾਰਾ ਨਹੀਂ ਰਹਿ ਗਿਆ ਸੀ।

ਕੰਪਨੀ ਨੇ ਇਹ ਵੀ ਕਿਹਾ ਕਿ ਇਸ ਫ਼ੈਸਲੇ ਨਾਲ ਇੰਟਰਕੁਨੈਕਟ ਯੂਸਿਜ਼ ਚਾਰਜਿਸ ਦਾ ਨੁਕਸਾਨ ਵੀ ਹੋਵੇਗਾ। 28 ਸਤੰਬਰ ਦੇ ਇਸ ਪੱਤਰ 'ਚ ਏਅਰਟੈੱਲ ਨੇ ਟਰਾਈ ਦੇ ਸਕੱਤਰ ਨੂੰ ਸੂਚਨਾ ਦਿੱਤੀ ਹੈ ਕਿ ਉਹ ਵੀ ਆਪਣੇ ਨੈੱਟਵਰਕ 'ਤੇ ਰਿੰਗ ਟਾਈਮ ਘਟਾ ਰਿਹਾ ਹੈ। ਇਸ ਤੋਂ ਪਹਿਲਾਂ ਤਕ ਆਪਰੇਟਰਜ਼ ਦੇ ਨੈੱਟਵਰਕ 'ਤੇ 45 ਸੈਕੰਡ ਦਾ ਰਿੰਗ ਟਾਈਮ ਸੀ। ਹਾਲਾਂਕਿ, ਬਾਅਦ 'ਚ ਏਅਰਟੈੱਲ ਨੇ ਦੋਸ਼ ਲਗਾਇਆ ਸੀ ਕਿ ਜਿਓ ਦੇ ਨੰਬਰ 'ਤੇ ਘੱਟ ਸਮੇਂ ਲਈ ਰਿੰਗ ਜਾਂਦੀ ਹੈ ਤੇ ਇਸ ਕਾਰਨ ਜਿਓ ਗਾਹਕ ਨੂੰ ਕਾਲ ਬੈਕ ਕਰਨਾ ਪੈਂਦਾ ਹੈ। ਇਸ ਦਾ ਫਾਇਦਾ ਜਿਓ ਨੂੰ ਹੋ ਰਿਹਾ ਹੈ। ਜਿੱਥੇ ਇਹ ਵੋਡਾਫੋਨ ਆਇਡੀਆ ਦੀ ਗੱਲ ਹੈ ਤਾਂ ਕੰਪਨੀ ਦੇ ਬੁਲਾਰੇ ਨੇ ਇਸ ਮੁੱਦੇ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

Posted By: Seema Anand