ਜੇਐੱਨਐੱਨ, ਲੁਧਿਆਣਾ : ਮੰਨਿਆ ਜਾਂਦਾ ਹੈ ਕਿ ਲੋੜ ਹੀ ਕਾਢ ਨੂੰ ਜਨਮ ਦਿੰਦੀ ਹੈ। ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਦੋ ਵਿਦਿਆਰਥੀਆਂ ਅਮਨਦੀਪ ਤੇ ਗਗਨਦੀਪ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ। ਦੋਵੇਂ ਵਿਦਿਆਰਥੀ ਸਕੇ ਭਰਾ ਹਨ। ਉਨ੍ਹਾਂ ਨੇ ਮੋਮਬੱਤੀ ਦੀ ਲੋਅ ਨਾਲ ਮੋਬਾਈਲ ਫੋਨ ਚਾਰਜ ਕਰਨ ਲਈ ਚਾਰਜਰ ਤਿਆਰ ਕੀਤਾ ਹੈ। ਲੰਬੇ-ਲੰਬੇ ਪਾਵਰ ਕੱਟਾਂ ਨੂੰ ਝੱਲ ਰਹੇ ਇਨ੍ਹਾਂ ਨੌਜਵਾਨਾਂ ਨੂੰ ਮੋਬਾਈਲ ਚਾਰਜ ਕਰਨ ਵਿਚ ਦਿੱਕਤ ਆਉਂਦੀ ਸੀ। ਅਜਿਹੇ ਵਿਚ ਉਨ੍ਹਾਂ ਨੇ ਜੁਗਾੜ ਲਗਾਇਆ ਤੇ ਆਪਣੀ ਲੋੜ ਨੂੰ ਪੂਰਾ ਕਰਨ ਲਈ ਘਰ 'ਚ ਪਏ ਫਾਲਤੂ ਮਟੀਰੀਅਲ ਨਾਲ ਕੈਂਡਲ ਪਾਵਰ ਫੋਨ ਚਾਰਜਰ ਤਿਆਰ ਕੀਤਾ। ਦੋਵਾਂ ਨੌਜਵਾਨਾਂ ਨੇ ਇਸ ਚਾਰਜਰ ਦੇ ਮਾਡਲ ਨੂੰ ਸੋਮਵਾਰ ਨੂੰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਚ ਜੁਗਾੜ ਮੇਲੇ ਦੌਰਾਨ ਪੇਸ਼ ਕੀਤਾ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।

ਮਕੈਨੀਕਲ ਇੰਜੀਨੀਅਰਿੰਗ ਤੀਜਾ ਸਾਲ ਦੇ ਵਿਦਿਆਰਥੀਆਂ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਈਸ਼ਰ ਨਗਰ ਵਿਚ ਰਹਿੰਦੇ ਹਨ। ਉਨ੍ਹਾਂ ਦੇ ਇਲਾਕੇ ਵਿਚ ਅਕਸਰ ਬਿਜਲੀ ਦੇ ਕੱਟ ਲੱਗਦੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਮੋਬਾਈਲ ਚਾਰਜ ਕਰਨ ਵਿਚ ਦਿੱਕਤ ਆਉਂਦੀ ਸੀ। ਪਰੇਸ਼ਾਨ ਹੋ ਕੇ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਮੋਬਾਈਲ ਫੋਨ ਚਾਰਜ ਕਰਨ ਲਈ ਅਜਿਹਾ ਯੰਤਰ ਬਣਾਇਆ ਜਾਵੇ ਕਿ ਬਿਜਲੀ ਦੀ ਲੋੜ ਹੀ ਨਾ ਪਵੇ। ਇਸ ਉਪਰੰਤ ਉਨ੍ਹਾਂ ਨੇ ਮੋਮਬੱਤੀ, ਖਰਾਬ ਕੰਪਿਊਟਰ ਦੇ ਹੀਟ ਸਿੰਗਸ, ਪੈੱਨ ਸਟੈਂਡ, ਬੇਕਾਰ ਪਈ ਡੇਟਾ ਕੇਬਲ, ਬਾਜ਼ਾਰੋਂ ਸਟੇਟਅੱਪ ਬਕ ਕਨਵਰਟਰ ਤੇ ਪੈਲਟੀਅਰ ਮੌਡਿਊਲ ਖਰੀਦ ਕੇ ਚਾਰਜਰ ਤਿਆਰ ਕੀਤਾ। ਇਸ ਤਹਿਤ ਜਦ ਮੋਮਬੱਤੀ ਬਾਲ ਕੇ ਪੈੱਨ ਸਟੈਂਡ ਵਿਚ ਹੀਟ ਸਿੰਗਸ ਦੇ ਹੇਠ ਰੱਖਿਆ ਜਾਂਦਾ ਹੈ ਤਾਂ ਤਾਪ ਨਾਲ ਕਰੰਟ ਪੈਦਾ ਹੁੰਦਾ ਹੈ। ਇਸ ਕਰੰਟ ਨਾਲ ਪੈਲਟੀਅਰ ਮੌਡਿਊਲ ਬਿਜਲੀ ਪੈਦਾ ਕਰਦਾ ਹੈ। ਹਾਲਾਂਕਿ ਇਕੱਲੀ ਮੋਮਬੱਤੀ ਨਾਲ ਵੋਲਟੇਜ ਪੂਰੀ ਨਹੀਂ ਮਿਲਦੀ। ਵੋਲਟੇਜ ਵਧਾਉਣ ਲਈ ਸਟੇਟਅੱਪ ਬਕ ਕਨਵਰਟਰ ਲਗਾਇਆ ਗਿਆ ਹੈ, ਜੋ ਕਿ ਪੰਜ ਵੋਲਟ ਤਕ ਬਿਜਲੀ ਦਿੰਦਾ ੈਹੈ।

800 ਰੁਪਏ 'ਚ ਤਿਆਰ ਹੋਇਆ ਚਾਰਜਰ

ਅਮਨਦੀਪ ਸਿੰਘ ਤੇ ਗਗਨਦੀਪ ਸਿੰਘ ਨੇ ਕਿਹਾ ਕਿ ਕੈਂਡਲ ਪਾਵਰਡ ਫੋਨ ਚਾਰਜਰ ਨੂੰ ਤਿਆਰ ਕਰਨ 'ਚ 800 ਰੁਪਏ ਦਾ ਖਰਚ ਆਇਆ ਹੈ। ਇਸ ਨੂੰ ਕਦੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।

30 ਮਿੰਟ 'ਚ 15 ਫ਼ੀਸਦੀ ਬੈਟਰੀ ਹੋਵੇਗੀ ਚਾਰਜ

30 ਮਿੰਟਾਂ 'ਚ 15 ਫ਼ੀਸਦੀ ਤਕ ਮੋਬਾਈਲ ਫੋਨ ਦੀ ਬੈਟਰੀ ਨੂੰ ਚਾਰਜ ਕੀਤਾ ਜਾ ਸਕਦਾ ਹੈ। ਇਹ ਪੂਰੀ ਤਰ੍ਹਾਂ ਦੇਸੀ ਮਾਡਲ ਹੈ।