ਜਗਰਾਓਂ: ਜ਼ਿੰਦਗੀ ਲਈ ਖੂਨ ਸਭ ਤੋਂ ਅਹਿਮ ਐਲੀਮੈਂਟ ਹੈ। ਹਾਦਸੇ 'ਚ ਜ਼ਖਮੀ ਹੋਣ ਜਾਂ ਬਿਮਾਰ ਹੋਣ 'ਤੇ ਲੋਕਾਂ ਨੂੰ ਐਮਰਜੈਂਸੀ ਖੂਨ ਦੀ ਜ਼ਰੂਰਤ ਹੁੰਦੀ ਹੈ। ਖੂਨ ਨਾ ਮਿਲਣ 'ਤੇ ਜ਼ਿੰਦਗੀ ਵੀ ਖ਼ਤਰੇ 'ਚ ਪੈ ਜਾਂਦੀ ਹੈ। ਅਜਿਹੇ ਨਾਜ਼ੁਕ ਸਮੇਂ 'ਚ ਬਿਨਾਂ ਸਮੱਸਿਆ ਦੇ ਖੂਨ ਮਿਲੇ, ਇਸ ਲਈ ਕਾਲਸਟੇਮ ਸਾਫਟਵੇਅਰ ਕੰਪਨੀ ਦੇ ਦੋ ਨੌਜਵਾਨਾਂ ਸੰਦੀਪ ਸਿੰਘ ਅਤੇ ਰਵਨੀਤ ਸਿੰਘ ਲਾਂਬਾ ਨੇ ਇਕ ਮੋਬਾਈਲ ਬਲੱਡ ਐਪਲੀਕੇਸ਼ਨ 'ਬਲੱਡ ਵਾਲੇਟ' ਤਿਆਰ ਕੀਤਾ ਹੈ। ਇਸ ਦੀ ਸਹਾਇਤਾ ਨਾਲ ਜ਼ਰੂਰਤਮੰਦਾਂ ਨੂੰ ਸਮੇਂ 'ਤੇ ਖੂਨ ਉਪਲੱਬਧ ਕਰਵਾਇਆ ਜਾ ਸਕਦਾ ਹੈ। ਸੰਦੀਪ ਤੇ ਰਵਨੀਤ ਦੇ ਜ਼ਿੰਦਗੀ ਬਚਾਉਣ ਦੇ ਇਸ ਜਨੂੰਨ ਨਾਲ ਕਈ ਲੋਕਾਂ ਨੂੰ ਜੀਨਵਦਾਨ ਮਿਲੇਗਾ।

ਦੇਸ਼ 'ਚ ਹਰ ਸਾਲ ਪੰਜ ਕਰੋੜ ਯੂਨਿਟ ਖੂਨ ਦੀ ਜ਼ਰੂਰਤ

ਸੰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦੇਸ਼ 'ਚ ਹਰ ਸਾਲ ਪੰਜ ਕਰੋੜ ਯੂਨਿਟ ਖੂਨ ਦੀ ਜ਼ਰੂਰਤ ਪੈਂਦੀ ਹੈ। ਇਸ 'ਚ ਅੱਧਾ ਖੂਨ ਹੀ ਮਰੀਜ਼ਾਂ ਤਕ ਪਹੁੰਚਦਾ ਹੈ। ਰੋਜ਼ਾਨਾ 38,000 ਤੋਂ ਜ਼ਿਆਦਾ ਯੂਨਿਟ ਖੂਨ ਦੀ ਜ਼ਰੂਰਤ ਪੈਂਦੀ ਹੈ। ਇਸ ਜ਼ਰੂਰਤ ਦੀ ਪੂਰਤੀ ਲਈ ਅਸੀਂ ਤਕਨੀਕ ਦਾ ਪ੍ਰਯੋਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ Android ਫੋਨ ਲਈ ਬਲੱਡ ਵਾਲੇਟ ਨਾਂ ਦਾ ਐਪ ਤਿਆਰ ਕੀਤਾ ਹੈ।


ਐਪ 'ਚ ਪੂਰੇ ਦੇਸ਼ ਦੇ ਬਲੱਡ ਬੈਂਕਾਂ ਦੀ ਜਾਣਕਾਰੀ

ਜ਼ਰੂਰਤ ਸਮੇਂ ਰਿਕਵਾਇਰਡ ਗਰੁੱਪ ਦੇ ਬਲੱਡ ਦੀ ਜਾਣਕਾਰੀ ਸਮੇਤ ਐਪ 'ਚ ਸੰਦੇਸ਼ ਦੇ ਸਕਦੇ ਹਨ। ਫਿਰ ਇਹ ਸੰਦੇਸ਼ ਉਨ੍ਹਾਂ ਸਾਰੇ ਮੋਬਾਈਲਾਂ 'ਚ ਚਲਾ ਜਾਂਦਾ ਹੈ ਜਿਨ੍ਹਾਂ ਨੇ ਸਾਡੀ ਐਪ ਇੰਸਟਾਲ ਕੀਤੀ ਹੈ। ਐਪ 'ਚ ਪੂਰੇ ਭਾਰਤ ਦੀ ਬਲੱਡ ਬੈਂਕਾਂ ਦੀ ਜਾਣਕਾਰੀ ਮਿਲ ਸਕਦੀ ਹੈ। ਇਸ ਜਾਣਕਾਰੀ ਨੂੰ ਅਸੀਂ ਵੱਟਸਐਪ ਅਤੇ ਫੇਸਬੁੱਕ 'ਤੇ ਆਸਾਨੀ ਨਾਲ ਸਾਂਝਾ ਕਰ ਸਕਦੇ ਹਾਂ। ਜਿਨ੍ਹਾਂ ਨੂੰ ਖੂਨ ਦੀ ਜ਼ਰੂਰਤ ਹੁੰਦੀ ਹੈ ਉਨ੍ਹ ਤੱਕ ਖੂਨ ਦੀ ਉਪਲੱਬਧਾ ਯਕੀਨੀ ਬਣਾਈ ਜਾਂਦੀ ਹੈ।


ਹਰ ਸੂਬੇ ਦੇ ਖੂਨਦਾਨੀਆਂ ਦੀ ਜਾਣਕਾਰੀ ਵੀ ਹੈ ਇਸ 'ਚ

ਸਮਾਜ ਸੇਵਕ ਰਵਨੀਤ ਸਿੰਘ ਲਾਂਬਾ ਨੇ ਦੱਸਿਆ ਕਿ ਇਸ ਮੋਬਾਈਲ ਐਪ 'ਚ ਹਰ ਸੂਬੇ ਅਤੇ ਜ਼ਿਲ੍ਹੇ ਦੇ ਖੂਨਦਾਨੀਆਂ ਦੀ ਪੂਰੀ ਜਾਣਕਾਰੀ ਉਪਲੱਬਧ ਹੈ। ਐਪ 'ਚ ਖੂਨਦਾਨ ਕਰਨ ਤੋਂ ਪਹਿਲਾਂ ਅਤੇ ਬਾਅਦ 'ਚ ਖਾਣਪੀਣ ਤੇ ਇਸ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ ਤੇ ਜਾਣਕਾਰੀਆਂ ਉਪਲੱਬਧ ਹਨ। ਸਾਡਾ ਟੀਚਾ ਹੈ ਕਿ ਇਨ੍ਹਾਂ ਨੂੰ ਪੜ੍ਹਕੇ ਲੋਕ ਜਾਣਨ ਕਿ ਚੰਗੀ ਸਿਹਤ ਲਈ ਖੂਨਦਾਨ ਕਰਨਾ ਵੀ ਜ਼ਰੂਰੀ ਹੈ।

ਕੀ ਹੈ ਖ਼ਾਸ ਇਸ ਮੋਬਾਈਲ ਐਪ 'ਚ

ਇਹ ਐਪ 27 ਜਨਵਰੀ 2018 ਨੂੰ ਜਾਰੀ ਹੋਇਆ ਸੀ। ਇਸ ਦਾ ਅਪਡੇਟ 4 ਫਰਵਰੀ 2019 ਨੂੰ ਜਾਰੀ ਹੋਇਆ ਹੈ। ਇਸ 'ਚ 1000 ਤੋਂ ਜ਼ਿਆਦਾ ਖੂਨਦਾਨੀ ਜੁੜੇ ਹਨ। ਇਸ 'ਚ ਬੀ ਪਾਜ਼ੀਟਿਵ ਗਰੁੱਪ ਦੇ 500, ਨੈਗੇਟਿਵ ਗਰੁੱਪ ਦੇ 50, ਏ ਪਾਜ਼ੀਟਿਵ ਗਰੁੱਪ ਦੇ 200 ਅਤੇ ਏਬੀ ਪਾਜ਼ੀਟਿਵ ਗਰੁੱਪ ਦੇ 200 ਖੂਨਦਾਨੀ ਜੁੜੇ ਹਨ। ਇਹ ਐਪ ਗੂਗਲ ਪਲੇਅ ਸਟੋਰ 'ਚ ਉਪਲੱਬਧ ਹੈ।

Posted By: Susheel Khanna