ਜਾਗਰਣ ਬਿਊਰੋ, ਨਵੀਂ ਦਿੱਲੀ : ਪੈਗਾਸਸ ਜਾਸੂਸੀ ਕਾਂਡ ਦੌਰਾਨ ਇਕ ਵਾਰ ਫਿਰ ਸਾਈਬਰ ਕ੍ਰਾਈਮ ਤੋਂ ਬਚਣ ਲਈ ਸੁਰੱਖਿਅਤ ਪ੍ਰਬੰਧ ਹੋਣ ਦੀ ਚਰਚਾ ਛਿੜ ਗਈ ਹੈ। ਲੈਪਟਾਪ ਤੇ ਡੈਸਕਟਾਪ ਦੀ ਤਰ੍ਹਾਂ ਮੋਬਾਈਲ ਫੋਨ ਨੂੰ ਵੀ ਆਸਾਨੀ ਨਾਲ ਮਾਲਵੇਅਰ ਅਟੈਕ ਦਾ ਸ਼ਿਕਾਰ ਬਣਾਇਆ ਜਾ ਸਕਦਾ ਹੈ। ਆਈਟੀ ਐਕਸਪਰਟ ਦੇ ਮੁਤਾਬਕ ਇਸ ਤੋਂ ਬਚਣ ਲਈ ਪ੍ਰਮੁੱਖ ਉਪਾਅ ਚੌਕਸੀ ਹੈ ਜਾਂ ਫੋਨ ਨੂੰ ਹਮੇਸ਼ਾ ਫਾਰਮੈੱਟ ਕਰਦੇ ਰਹਿਣਾ ਹੈ। ਹਾਲ ਹੀ 'ਚ ਨੈਸਕਾਮ ਨੇ ਆਪਣੀ ਰਿਪੋਰਟ 'ਚ ਡਾਰਕ ਸਾਈਡ ਰੈਨਸਮਵੇਅਰ ਦੀ ਚਿਤਾਵਨੀ ਦਿੱਤੀ ਸੀ ਜੋ ਦੁਨੀਆ ਦੇ 15 ਦੇਸ਼ਾਂ ਵਿਚ ਰੈਨਸਮਵੇਅਰ ਦੀ ਮਦਦ ਨਾਲ ਲੋਕਾਂ ਤੋਂ ਵਸੂਲੀ ਕਰਦਾ ਹੈ। ਆਈਟੀ ਮੰਤਰਾਲੇ ਨਾਲ ਜੁੜੀ ਏਜੰਸੀ ਸੀਆਈਆਰਟੀ-ਇਨ ਮੁਤਾਬਕ ਸਾਲ 2020 'ਚ ਭਾਰਤ 'ਚ 11.6 ਲੱਖ ਸਾਈਬਰ ਹਮਲੇ ਹੋਏ ਜੋ ਸਾਲ 2019 ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਹਨ।

ਆਈਟੀ ਐਕਸਪਰਟ ਜਿਤਿਨ ਜੈਨ ਮੁਤਾਬਕ ਮਾਲਵੇਅਰ 'ਚ ਲਿੰਕ 'ਤੇ ਕਲਿੱਕ ਕਰਨਾ ਹੁੰਦਾ ਹੈ ਤੇ ਫਿਰ ਉਹ ਮੋਬਾਈਲ ਫੋਨ 'ਚ ਐਂਟਰ ਕਰ ਜਾਂਦਾ ਹੈ ਪਰ ਪੈਗਸਸ ਨੂੰ ਮੋਬਾਈਲ ਫੋਨ 'ਚ ਵੜਨ ਲਈ ਕਲਿੱਕ ਕਰਨ ਦੀ ਜ਼ਰੂਰਤ ਨਹੀਂ ਹੈ। ਸਿਰਫ਼ ਮੈਸੇਜ ਜ਼ਰੀਏ ਹੀ ਕੰਮ ਹੋ ਜਾਂਦਾ ਹੈ। ਇਹ ਮਾਲਵੇਅਰ ਮੋਬਾਈਲ ਫੋਨ ਦੇ ਹਰੇਕ ਡਾਟਾ ਦੀ ਕਾਪੀ ਕਰ ਲੈਂਦਾ ਹੈ। ਇੱਥੋਂ ਤਕ ਕਿ ਮੋਬਾਈਲ ਫੋਨ ਦੇ ਕੈਮਰੇ ਤੇ ਮਾਈਕ੍ਰੋਫੋਨ ਦੇ ਹਰੇਕ ਡਾਟਾ ਦੀ ਕਾਪੀ ਕਰ ਲੈਂਦਾ ਹੈ। ਇੱਥੋਂ ਤਕ ਕਿ ਮੋਬਾਈਲ ਫੋਨ ਦੇ ਕੈਮਰੇ ਤੇ ਮਾਈਕ੍ਰੋਫੋਨ ਨੂੰ ਆਨ ਕਰ ਸਕਦਾ ਹੈ ਤਾਂ ਜੋ ਗੱਲਬਾਤ ਸੁਣੀ ਜਾ ਸਕੇ।

ਮਾਹਿਰ ਇਹ ਵੀ ਮੰਨਦੇ ਹਨ ਕਿ ਆਮ ਭਾਰਤੀ ਲੈਪਟਾਪ ਤੇ ਡੈਸਕਟਾਪ ਲਈ ਐਂਟੀ ਵਾਇਰਸ ਪੈਕ ਲੈਂਦੇ ਹਨ ਜਾਂ ਵਾਇਰਸ ਤੋਂ ਬਚਣ ਦਾ ਹੋਰ ਉਪਾਅ ਕਰਦੇ ਹਨ, ਪਰ ਮੋਬਾਈਲ ਫੋਨ ਲਈ ਅਜਿਹਾ ਨਹੀਂ ਕਰਦੇ। ਜਦਕਿ ਅੱਜਕਲ੍ਹ ਦੇ ਜ਼ਿਆਦਾਤਰ ਮੋਬਾਈਲ ਫੋਨ ਲੈਪਟਾਪ ਤੇ ਡੈਸਕਟਾਪ ਤੋਂ ਜ਼ਿਆਦਾ ਤਾਕਤਵਰ ਹੁੰਦੇ ਹਨ। ਅਜਿਹੇ ਵਿਚ ਮੋਬਾਈਲ ਫੋਨ ਵੀ ਪੂਰੀ ਤਰ੍ਹਾਂ ਨਾਲ ਮਾਲਵੇਅਰ ਹਮਲਾਵਰ ਦੇ ਨਿਸ਼ਾਨੇ 'ਤੇ ਹਨ।

ਐਂਟੀ ਵਾਇਰਸ ਪ੍ਰੋਡਕਟ ਵੇਚਣ ਵਾਲੀ ਕੰਪਨੀ ਨਾਰਟਨ ਦੀ ਰਿਪੋਰਟ ਮੁਤਾਬਕ ਐੱਪਲ ਆਈਓਏਐੱਸ ਯੂਜ਼ਰਜ਼ ਨੂੰ ਮਾਲਵੇਅਰ ਅਟੈਕ ਤੋਂ ਬਚਣ ਲਈ ਬਿਹਤਰ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਐੱਪਲ ਫੋਨ ਨੂੰ ਹੈਕ ਨਹੀਂ ਕੀਤਾ ਜਾ ਸਕਦਾ। ਮਾਹਿਰਾਂ ਮੁਤਾਬਕ ਡਾਟਾ ਚੋਰੀ ਕਰਨ ਦੇ ਉਦੇਸ਼ ਨਾਲ ਕਈ ਐਂਡਰਾਇਡ ਫੋਨ 'ਚ ਪਹਿਲਾਂ ਤੋਂ ਹੀ ਮਾਲਵੇਅਰ ਇੰਸਟਾਲ ਹੁੰਦੇ ਹਨ।

ਕੀ-ਕੀ ਹੈ ਖ਼ਤਰਾ

ਪੈਗਾਸਸ ਦਾ ਇਸਤੇਮਾਲ ਜਾਸੂਸੀ ਲਈ ਕੀਤਾ ਗਿਆ ਪਰ ਆਈਟੀ ਮਾਹਿਰਾਂ ਮੁਤਾਬਕ ਮਾਲਵੇਅਰ ਅਟੈਕਰਜ਼ ਮੋਬਾਈਲ ਫੋਨ ਨੂੰ ਹੈਕ ਕਰ ਕੇ ਉਸ ਦੇ ਡਾਟਾ ਚੋਰੀ ਕਰਨ ਸਮੇਤ ਯੂਜ਼ਰਜ਼ ਨੂੰ ਫੋਨ ਨੂੰ ਫ੍ਰੀ ਕਰਨ ਲਈ ਪੈਸੇ ਮੰਗ ਸਕਦੇ ਹਨ।

ਕੀ ਹੈ ਬਚਣ ਦਾ ਤਰੀਕਾ

ਆਈਟੀ ਮਾਹਿਰ ਵਕੀਲ ਪਵਨ ਦੁੱਗਲ ਕਹਿੰਦੇ ਹਨ, ਮੋਬਾਈਲ ਫੋਨ ਦੀ ਸੁਰੱਖਿਆ ਨੂੰ ਜੀਵਨ ਜਿਊਣ ਦੀ ਸ਼ੈਲੀ ਦਾ ਹਿੱਸਾ ਬਣਾਉਣਾ ਪਵੇਗਾ। ਜਾਗਰੂਕਤਾ ਤੇ ਚੌਕਸੀ ਨਾਲ ਹੀ ਅਜਿਹਾ ਜਾਲਸਾਜ਼ੀ ਤੋਂ ਬਚਿਆ ਜਾ ਸਕਦਾ ਹੈ। ਨਿਯਮਤ ਤੌਰ 'ਤੇ ਫੋਨ ਨੂੰ ਫਾਰਮੈੱਟ ਕਰਦੇ ਰਹੋ। ਸੰਵੇਦਨਸ਼ੀਲ ਡਾਟਾ ਨੂੰ ਫੋਨ ਵਿਚ ਰੱਖਣ ਤੋਂ ਬਚੋ। ਐੱਸਬੀਆਈ ਦੇ ਚੇਅਰਮੈਨ ਡੀਕੇ ਖਰੇ ਵੀ ਮੰਨਦੇ ਹਨ ਕਿ ਚੌਕਸ ਰਹਿ ਕੇ ਹੀ ਸਾਈਬਰ ਹਮਲੇ ਤੋਂ ਬਚਿਆ ਜਾ ਸਕਦਾ ਹੈ।

Posted By: Seema Anand