ਨਵੀਂ ਦਿੱਲੀ (ਪੀਟੀਆਈ) : ਸਮਾਰਟਫੋਨ ਤੁਹਾਡੀ ਜ਼ਿੰਦਗੀ ਨੂੰ ਬਹੁਤ ਸੌਖਾ ਬਣਾਉਂਦਾ ਜਾ ਰਿਹਾ ਹੈ। ਗੂਗਲ ਰਾਹੀਂ ਹਾਲੇ ਤਕ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੁਰੰਤ ਹਾਸਲ ਕਰ ਲੈਂਦੇ ਸਨ। ਹੁਣ ਤੁਹਾਡੇ ਸ਼ਹਿਰ ਤੇ ਆਲੇ-ਦੁਆਲੇ ਦੇ ਮੌਸਮ ਬਾਰੇ ਜਾਣਕਾਰੀ ਦੇਣ ਵਾਲਾ ਇਕ ਐਪ ਵੀ ਤੁਹਾਡੇ ਮੋਬਾਈਲ ਫੋਨ ਦਾ ਹਿੱਸਾ ਬਣ ਗਿਆ ਹੈ। ਧਰਤ ਵਿਗਿਆਨ ਮੰਤਰੀ ਹਰਸ਼ਵਰਧਨ ਨੇ ਸੋਮਵਾਰ ਨੂੰ ਇਕ ਮੋਬਾਈਲ ਐਪ ਲਾਂਚ ਕੀਤਾ ਜੋ ਮੌਸਮ ਸਬੰਧੀ ਹਰੇਕ ਜਾਣਕਾਰੀ ਤੁਹਾਨੂੰ ਮੁਹੱਈਆ ਕਰਵਾਏਗਾ।

ਇੰਟਰਨੈਸ਼ਨਲ ਕ੍ਰਾਪਸ ਰਿਸਰਚ ਇੰਸਟੀਚਿਊਟ ਫਾਰ ਸੈਮੀ-ਐਰਿਕ ਟ੍ਰਾਪਿਕਸ (ਆਈਸੀਆਰਆਈਐੱਸਟੀ), ਭਾਰਤੀ ਊਸ਼ਣਕਟੀਬੰਧੀ ਮੌਸਮ ਵਿਗਿਆਨ ਸੰਸਥਾਨ (ਆਈਆਈਟੀਐੱਮ), ਪੂਨੇ ਤੇ ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨਾਲ ਰਲ ਕੇ 'ਮੌਸਮ' ਨਾਮਕ ਇਹ ਐਪ ਤਿਆਰ ਕੀਤਾ ਗਿਆ ਹੈ।

ਐਪ ਲਾਂਚ ਕਰਨ ਮੌਕੇ ਹਰਸ਼ਵਰਧਨ ਨੇ ਕਿਹਾ ਕਿ ਨਵੇਂ ਉਪਕਰਨਾਂ, ਕੰਪਿਊਟਰ ਸਬੰਧੀ ਸਰੋਤਾਂ ਆਦਿ ਨੂੰ ਬਦਲਣ ਲਈ ਭਾਰੀ ਨਿਵੇਸ਼ ਦੀ ਜ਼ਰੂਰਤ ਹੈ। ਘੱਟ ਤੋਂ ਘੱਟ ਮੌਜੂਦਾ ਬਜਟ ਦੇ ਦੁੱਗਣੇ ਨਿਵੇਸ਼ ਦੀ ਜ਼ਰੂਰਤ ਹੈ।

'ਮੌਸਮ' ਐਪ ਗੂਗਲ ਤੇ ਐਪਲ ਦੇ ਐਪ ਸਟੋਰ 'ਤੇ ਉਪਲੱਬਧ ਹੈ। ਐਪ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਏਗਾ। ਐਪ ਰਾਹੀਂ ਕਰੀਬ 200 ਸ਼ਹਿਰਾਂ ਦੇ ਤਾਪਮਾਨ, ਨਮੀ ਦੇ ਪੱਧਰ, ਹਵਾ ਦੀ ਰਫ਼ਤਾਰ ਤੇ ਦਿਸ਼ਾ ਸਮੇਤ ਮੌਸਮ ਸਬੰਧੀ ਹੋਰ ਜਾਣਕਾਰੀ ਮਿਲੇਗੀ। ਇਸ 'ਤੇ ਦਿਨ 'ਚ ਅੱਠ ਸੂਚਨਾਵਾਂ ਅਪਡੇਟ ਕੀਤੀਆਂ ਜਾਣਗੀਆਂ।

ਐਪ ਦੇਸ਼ ਦੇ ਕਰੀਬ 450 ਸ਼ਹਿਰਾਂ ਲਈ ਅਗਲੇ ਸੱਤ ਦਿਨਾਂ ਦੇ ਮੌਸਮ ਦਾ ਹਾਲ ਮੁਹੱਈਆ ਕਰਵਾਏਗਾ। ਪਿਛਲੇ 24 ਘੰਟਿਆਂ ਦੀ ਜਾਣਕਾਰੀ ਵੀ ਐਪ 'ਤੇ ਮੌਜੂਦ ਰਹੇਗੀ। ਇਸ 'ਚ ਸਾਰੇ ਜ਼ਿਲ੍ਹਿਆਂ ਲਈ ਰੰਗ ਅਧਾਰਿਤ ਅਲਰਟ (ਲਾਲ, ਪੀਲਾ, ਸੰਤਰੀ) ਸਿਸਟਮ ਵੀ ਹੋਵੇਗਾ ਜਿਸ ਰਾਹੀਂ ਪ੍ਰਤੀਕੂਲ ਮੌਸਮ ਬਾਰੇ ਲੋਕਾਂ ਨੂੰ ਚੌਕਸ ਕੀਤਾ ਜਾਵੇਗਾ।

Posted By: Seema Anand