ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਬਲਾਕ ਭੋਗਪੁਰ ਦੇ ਪਿੰਡ ਰੋਹਜੜੀ ਦੇ ਸਰਕਾਰੀ ਹਾਈ ਸਕੂਲ ਵਿਖੇ ਕੰਪਿਊਟਰ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਰਜੀਤ ਸਿੰਘ ਨੇ ਸਰਕਾਰੀ ਸਕੂਲਾਂ ਦੀ ਸ਼ਾਨ ਹੋਰ ਵਧਾ ਦਿੱਤੀ ਹੈ। ਉਨ੍ਹਾਂ ਨੇ ਦਿਨ-ਰਾਤ ਇਕ ਕਰ ਕੇ ਪੰਜਾਬੀ ਬੋਲਣ ਤੇ ਸਮਝਣ ਵਾਲਾ ਦੁਨੀਆ ਦਾ ਪਹਿਲਾ ਦਸਤਾਰਧਾਰੀ ਰੋਬੋਟ ਤਿਆਰ ਕੀਤਾ ਹੈ, ਜਿਸ ਦਾ ਨਾਂ ‘ਸਰਬੰਸ ਕੌਰ’ ਰੱਖਿਆ ਗਿਆ ਹੈ।

ਮੰਗਲਵਾਰ ਨੂੰ ਇਹ ਰੋਬੋਟ ਸਰਕਾਰੀ ਹਾਈ ਸਕੂਲ ਰੋਹਜੜੀ ਵਿਖੇ ਲਾਂਚ ਕੀਤਾ ਗਿਆ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਰੋਬੋਟ ਤੋਂ ਕਈ ਸਵਾਲ ਪੁੱਛੇ, ਜਿਨ੍ਹਾਂ ਦਾ ਜਵਾਬ ਉਸ ਨੇ ਬਹੁਤ ਵਧੀਆ ਤਰੀਕੇ ਨਾਲ ਦਿੱਤਾ। ਇਸ ਸਬੰਧੀ ਵਿਦਿਆਰਥੀਆਂ ’ਚ ਭਾਰੀ ਉਤਸੁਕਤਾ ਦੇਖਣ ਨੂੰ ਮਿਲੀ।

‘ਪੰਜਾਬੀ ਜਾਗਰਣ’ ਨਾਲ ਗੱਲਬਾਤ ਦੌਰਾਨ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਰੋਬੋਟ ਨੂੰ ਭਵਿੱਖ ’ਚ ਵੱਖ-ਵੱਖ ਖੇਤਰਾਂ ’ਚ ਵਰਤਿਆ ਜਾ ਸਕੇਗਾ। ਇਸ ਨੂੰ ਅਧਿਆਪਕਾਂ ਦੇ ਸਹਿਯੋਗੀ ਵਜੋਂ ਵਰਤਿਆ ਜਾਵੇਗਾ, ਅਧਿਆਪਕਾਂ ਦੇ ਬਦਲ ਵਜੋਂ ਨਹੀਂ।

ਇਸ ਨਾਲ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ’ਚ ਸਹਾਇਤਾ ਮਿਲੇਗੀ। ਹੋਰਨਾਂ ਦੇਸ਼ਾਂ ਦੇ ਮੁਕਾਬਲੇ ਇਸ ਰੋਬੋਟ ਨੂੰ ਬਹੁਤ ਹੀ ਘੱਟ ਖ਼ਰਚੇ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਤਿਆਰ ਕਰਨ ਵਿਚ ਘਰੇਲੂ ਵਸਤਾਂ ਜਿਵੇਂ ਬੱਚਿਆਂ ਦੇ ਖਿਡੌਣੇ, ਕਾਪੀਆਂ ਦੇ ਕਵਰ, ਗੱਤਾ, ਪਲੱਗ, ਬਿਜਲੀ ਦੀਆਂ ਤਾਰਾਂ ਆਦਿ ਦੀ ਵਰਤੋਂ ਕੀਤੀ ਗਈ ਹੈ।

ਜਲੰਧਰ ਦੇ ਦੋਆਬਾ ਕਾਲਜ ਤੋਂ ਐੱਮਐੱਸਸੀ ਕੰਪਿਊਟਰ ਸਾਇੰਸ ਕਰਨ ਉਪਰੰਤ ਉਹ ਕੰਪਿਊਟਰ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਉਹ ਪੰਜਾਬੀ ਦੀ ਪਹਿਲੀ ਪ੍ਰੋਗਰਾਮਿੰਗ ਭਾਸ਼ਾ ਦੇ ਨਾਲ-ਨਾਲ ‘ਬੋਅ ਐਂਡ ਐਰੋ’ ਨਾਂ ਦੀ ਗੇਮ ਵੀ ਤਿਆਰ ਕਰ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਪੰਜਾਬੀ ਦੇ ਨਾਮੀ ਸ਼ਾਇਰ ਸੁਰਜੀਤ ਪਾਤਰ ਦੀ ਕਵਿਤਾ ‘ਮਰ ਰਹੀ ਹੈ ਮੇਰੀ ਭਾਸ਼ਾ’ ਸੁਣ ਕੇ ਉਨ੍ਹਾਂ ਦੇ ਦਿਲ ਨੂੰ ਡੂੰਘੀ ਸੱਟ ਵੱਜੀ। ਉਨ੍ਹਾਂ ਨੇ ਸੋਚਿਆ ਕਿ ਪੰਜਾਬੀ ਬੜੀ ਅਮੀਰ ਤੇ ਮਹਾਨ ਭਾਸ਼ਾ ਹੈ ਤੇ ਇਹ ਮਰਨੀ ਨਹੀਂ ਚਾਹੀਦੀ।

ਇਸ ਲਈ ਉਨ੍ਹਾਂ ਨੇ ਕੋਈ ਅਜਿਹੀ ਚੀਜ਼ ਬਣਾਉਣ ਦਾ ਫ਼ੈਸਲਾ ਲਿਆ, ਜੋ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੰਮ ਆ ਸਕੇ। ਇਸ ਤੋਂ ਬਾਅਦ ਉਨ੍ਹਾਂ ਨੇ ਰੋਬੋਟ ਬਣਾਉਣ ਸਬੰਧੀ ਦਿਨ-ਰਾਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਰਾਤ ਨੂੰ ਦੋ-ਦੋ ਵਜੇ ਤਕ ਜਾਗ ਕੇ ਉਨ੍ਹਾਂ ਨੇ ਇਹ ਰੋਬੋਟ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਸਿੱਖਿਆ ਵਿਭਾਗ, ਪਰਿਵਾਰ ਦੇ ਨਾਲ-ਨਾਲ ਸਕੂਲ ਦੀ ਮੁੱਖ ਅਧਿਆਪਕਾ ਸੁਖਜੀਤ ਕੌਰ ਸਮੇਤ ਸਮੁੱਚੇ ਸਟਾਫ ਨੇ ਬਹੁਤ ਸਹਿਯੋਗ ਦਿੱਤਾ ਹੈ।

ਇਸ ਮੌਕੇ ਮੁੱਖ ਅਧਿਆਪਕਾ ਸੁਖਜੀਤ ਕੌਰ, ਮੰਜੂ ਬਾਲਾ, ਬਲਜੀਤ ਸਿੰਘ, ਬਲਜੀਤ ਕੁਮਾਰ, ਇੰਦਰ ਮੋਹਨ ਸਿੰਘ, ਇੰਦੂ ਕਾਲੀਆ, ਜਸਵੀਰ ਕੌਰ, ਰਾਖੀ, ਕਿਰਨਜੀਤ ਕੌਰ, ਸੰਗੀਤਾ ਕਪੂਰ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।

‘ਪੰਜਾਬੀ ਜਾਗਰਣ’ ਦਾ ਕੀਤਾ ਵਿਸ਼ੇਸ਼ ਧੰਨਵਾਦ

ਹਰਜੀਤ ਸਿੰਘ ਨੇ ‘ਪੰਜਾਬੀ ਜਾਗਰਣ’ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ‘ਪੰਜਾਬੀ ਜਾਗਰਣ’ ਨੇ ਹੀ ਸਭ ਤੋਂ ਪਹਿਲਾਂ ਉਨ੍ਹਾਂ ਵੱਲੋਂ ਰੋਬੋਟ ਤਿਆਰ ਕਰਨ ਦੀ ਖ਼ਬਰ ਨੂੰ ਪਹਿਲੇ ਪੰਨੇ ਤੇ ਬੜੀ ਪ੍ਰਮੁੱਖਤਾ ਨਾਲ ਛਾਪਿਆ ਸੀ, ਜਿਸ ਨਾਲ ਉਹਨਾਂ ਨੂੰ ਦੇਸ਼-ਵਿਦੇਸ਼ ਤੋਂ ਹੌਂਸਲਾ ਅਫ਼ਜ਼ਾਈ ਮਿਲੀ ਸੀ ।

Posted By: Jagjit Singh