ਨਵੀਂ ਦਿੱਲੀ (ਪੀਟੀਆਈ) : ਰਿਲਾਇੰਸ ਜਿਓ ਨੇ ਵਾਇਸ ਕਾਲ ਲਈ ਚਾਰਜ ਲਾਉਣ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਆਪਣੇ ਨੈੱਟਵਰਕ ਤੋਂ ਹੋਰ ਨੈੱਟਵਰਕ 'ਤੇ ਕੀਤੀ ਗਈ ਕਾਲ ਲਈ ਛੇ ਪੈਸੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਚਾਰਜ ਕਰੇਗੀ।

ਨਵੀਆਂ ਦਰਾਂ ਸਾਰੇ ਜਿਓ ਯੂਜ਼ਰ ਲਈ ਬੁੱਧਵਾਰ ਤੋਂ ਲਾਗੂ ਹੋ ਚੁੱਕੀਆਂ ਹਨ। ਕਾਲ ਟਰਮੀਨੇਸ਼ਨ ਚਾਰਜ ਨੂੰ ਲੈ ਕੇ ਬਣੀਆਂ ਅਨਿਸ਼ਚਿਤਤਾਵਾਂ ਕਾਰਨ ਕੰਪਨੀ ਨੇ ਇਹ ਕਦਮ ਉਠਾਇਆ ਹੈ। ਹਾਲਾਂਕਿ ਕੰਪਨੀ ਨੇ ਇਸ ਦੀ ਕੀਮਤ ਦੇ ਬਰਾਬਰ ਫ੍ਰੀ ਡਾਟਾ ਦੇਣ ਦੀ ਗੱਲ ਵੀ ਕਹੀ ਹੈ।

ਜਿਓ ਨੇ ਕਿਹਾ ਕਿ ਇਹ ਕਾਲ ਦਰਾਂ ਉਦੋਂ ਤੱਕ ਲਾਗੂ ਰਹਿਣਗੀਆਂ ਜਦੋਂ ਤਕ ਟਰਮੀਨੇਸ਼ਨ ਚਾਰਜ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਦਿੱਤਾ ਜਾਂਦਾ। ਹਾਲਾਂਕਿ ਇਕ ਜਿਓ ਨੰਬਰ ਤੋਂ ਦੂਜੇ ਜਿਓ ਨੰਬਰ ਅਤੇ ਕਿਸੇ ਵੀ ਲੈਂਡਲਾਈਨ ਫੋਨ 'ਤੇ ਕੀਤੀ ਗਈ ਕਾਲ ਲਈ ਕੋਈ ਕੰਪਨੀ ਚਾਰਜ ਨਹੀਂ ਲਵੇਗੀ।

ਏਅਰਟੈੱਲ ਨੇ ਜਿਓ ਦੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਉਹ ਟਰਾਈ ਨੂੰ ਆਈਯੂਸੀ ਘੱਟ ਕਰਨ ਲਈ ਮਜਬੂਰ ਕਰਨਾ ਚਾਹੁੰਦੀ ਹੈ। ਇਹ ਪਹਿਲੀ ਵਾਰੀ ਹੋਵੇਗਾ ਜਦੋਂ ਜਿਓ ਦੇ ਯੂਜ਼ਰਸ ਨੂੰ ਵਾਇਸ ਕਾਲ ਲਈ ਕੋਈ ਫੀਸ ਦੇਣੀ ਪਵੇਗੀ। ਇਸ ਤੋਂ ਪਹਿਲਾਂ ਜਿਓ ਸਿਰਫ਼ ਡਾਟਾ ਲਈ ਚਾਰਜ ਕਰਦਾ ਸੀ। ਪੂਰੇ ਦੇਸ਼ 'ਚ ਕਿਸੇ ਵੀ ਨੈੱਟਵਰਕ 'ਤੇ ਇਸ ਦੇ ਯੂਜ਼ਰ ਮੁਫਤ 'ਚ ਵਾਇਸ ਕਾਲ ਕਰ ਸਕਦੇ ਸਨ।

ਆਈਯੂਸੀ 'ਤੇ ਫਸਿਆ ਪੇਚ

ਟਰਾਈ ਨੇ ਸਾਲ 2017 'ਚ ਇੰਟਰਕੁਨੈਕਟ ਯੂਸੇਜ਼ ਚਾਰਜ (ਆਈਯੂਸੀ) ਨੂੰ 14 ਪੈਸੇ ਪ੍ਰਤੀ ਮਿੰਟ ਤੋਂ ਘਟਾ ਕੇ ਛੇ ਪੈਸੇ ਕਰ ਦਿੱਤਾ ਸੀ। ਇਸ ਦੌਰਾਨ ਕਿਹਾ ਸੀ ਕਿ ਜਨਵਰੀ, 2020 ਤੱਕ ਆਈਯੂਸੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ। ਪਰ ਹੁਣ ਟਰਾਈ ਇਸ ਦੀ ਸਮਾਂ ਹੱਦ ਵਧਾਉਣ 'ਤੇ ਵਿਚਾਰ ਕਰ ਰਿਹਾ ਹੈ। ਇਸ ਲਈ ਸਲਾਹ ਮੰਗੀ ਗਈ ਹੈ ਜਿਸ ਤੋਂ ਬਾਅਦ ਤੋਂ ਆਈਯੂਸੀ ਨੂੰ ਲੈ ਕੇ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ।

ਰਿੰਗਿੰਗ ਟਾਈਮ 'ਤੇ ਹੋ ਚੁੱਕੈ ਵਿਵਾਦ

ਇਸ ਤੋਂ ਪਹਿਲਾਂ ਜਿਓ ਤੇ ਉਸ ਦੀ ਪ੍ਰਮੁੱਖ ਮੁਕਾਬਲੇ ਵਾਲੀ ਕੰਪਨੀ ਏਅਰਟੈੱਲ ਦਰਮਿਆਨ ਰਿੰਗਿੰਗ ਟਾਈਮ ਨੂੰ ਲੈ ਕੇ ਵਿਵਾਦ ਿਛੜਿਆ ਹੋਇਆ ਸੀ। ਏਅਰਟੈੱਲ ਨੇ ਜਿਓ 'ਤੇ ਰਿੰਗਿੰਗ ਟਾਈਮ ਘੱਟ ਕਰਨ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ 28 ਸਤੰਬਰ ਨੂੰ ਏਅਰਟੈੱਲ ਨੇ ਟਰਾਈ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਨੇ ਆਪਣਾ ਰਿੰਗਿੰਗ ਟਾਈਮ 45 ਸੈਕੰਡ ਤੋਂ ਘਟਾ ਕੇ 25 ਸੈਕੰਡ ਕਰ ਦਿੱਤਾ ਹੈ। ਟਰਾਈ 14 ਅਕਤੂਬਰ ਨੂੰ ਇਸ ਮੁੱਦੇ 'ਤੇ ਸਾਰੇ ਹਿੱਤਧਾਰਕਾਂ ਨਾਲ ਬੈਠਕ ਕਰੇਗਾ।

ਜਿਓ ਦੀ ਦਲੀਲ

ਅਸਲ 'ਚ ਜਿਓ ਦੇ ਨੈੱਟਵਰਕ ਤੇ ਕਾਲ ਫ੍ਰੀ ਹੈ, ਜਿਸ ਕਾਰਨ ਇਸ ਨੂੰ ਆਪਣੇ ਮੁਕਾਬਲੇ ਵਾਲੀਆਂ ਕੰਪਨੀਆਂ ਏਅਰਟੈੱਲ ਤੇ ਵੋਡਾਫੋਨ ਆਈਡੀਆ ਨੂੰ ਪਿਛਲੇ ਤਿੰਨ ਸਾਲਾਂ ਦੌਰਾਨ 13,500 ਕਰੋੜ ਰੁਪਏ ਚੁਕਾਉਣੇ ਪਏ ਹਨ। ਹੁਣ ਜਿਓ ਇਸ ਦੀ ਪੂਰਤੀ ਲਈ ਆਪਣੇ ਗਾਹਕਾਂ 'ਤੇ ਚਾਰਜ ਲਾਉਣ ਜਾ ਰਹੀ ਹੈ। ਇਸ ਦਾ ਕਹਿਣਾ ਹੈ ਕਿ ਜਦੋਂ ਤਕ ਟਰਾਈ ਟਰਮੀਨੇਸ਼ਨ ਚਾਰਜ ਖ਼ਤਮ ਨਹੀਂ ਕਰਦੀ, ਇਹ ਦਰਾਂ ਲਾਗੂ ਰਹਿਣਗੀਆਂ।

ਇਹ ਹਨ ਜਿਓ ਦੇ ਨਵੇਂ ਆਈਯੂਸੀ ਪਲਾਨ

- 10 ਰੁਪਏ 'ਚ 124 ਆਈਯੂਸੀ ਮਿੰਟ ਨਾਲ ਮਿਲੇਗਾ ਇਕ ਜੀਬੀ ਡਾਟਾ

- 20 ਰੁਪਏ ਦੇ ਪੈਕ 'ਚ 249 ਮਿੰਟ ਤੇ ਦੋ ਜੀਬੀ ਡਾਟਾ

- 50 ਰੁਪਏ ਦੇ ਪੈਕ 'ਚ 656 ਮਿੰਟ ਤੇ ਪੰਜ ਜੀਬੀ ਡਾਟਾ

- 100 ਰੁਪਏ ਦੇ ਪੈਕ 'ਚ 1,362 ਮਿੰਟ ਤੇ 10 ਜੀਬੀ ਡਾਟਾ