ਬੈਂਗਲੁਰੂ, ਏਐੱਨਆਈ : ਗਗਨਯਾਨ ਮਿਸ਼ਨ (Gaganyaan Mission)ਅਤੇ ਚੰਦਰਯਾਨ-3 (Chandrayaan- 3) ਬਾਰੇ ਬੁੱਧਵਾਰ ਨੂੰ ਇਸਰੋ ਮੁਖੀ ਕੇ ਸਿਵਨ ਨੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਚੰਦਰਯਾਨ-3 'ਤੇ ਕੰਮ ਪੂਰੀ ਰਫ਼ਤਾਰ ਨਾਲ ਸ਼ੁਰੂ ਹੋ ਗਿਆ ਹੈ। ਗਗਨਯਾਨ ਮਿਸ਼ਨ ਨੂੰ ਲੈ ਕੇ ਇਸਰੋ ਮੁਖੀ (ISRO Chief) ਨੇ ਦੱਸਿਆ, '4 ਪੁਲਾੜ ਯਾਤਰੀਆਂ ਨੂੰ ਇਸ ਲਈ ਚੁਣਿਆ ਗਿਆ ਹੈ ਅਤੇ ਉਹ ਇਸ ਮਹੀਨੇ ਦੇ ਅੰਤ ਤਕ ਟ੍ਰੇਨਿੰਗ ਲਈ ਰੂਸ ਜਾਣਗੇ। 1984 'ਚ ਰਾਕੇਸ਼ ਸ਼ਰਮਾ (Rakesh Sharma) ਰੂਸੀ ਮਾਡਿਊਲ (Russian Module) ਦੇ ਜ਼ਰੀਏ ਚੰਦਰਮਾ 'ਤੇ ਗਏ ਸਨ ਪਰ ਇਸ ਵਾਰ ਭਾਰਤੀ ਪੁਲਾੜ ਯਾਤਰੀ ਭਾਰਤ ਤੋਂ ਭਾਰਤੀ ਮਾਡਿਊਲ 'ਚ ਜਾਣਗੇ।'

ਇਸ ਤੋਂ ਇਲਾਵਾ ਗਗਨਯਾਨ ਮਿਸ਼ਨ 'ਚ ਪੁਲਾੜ ਯਾਤਰੀਆਂ ਦੀ ਸਿਹਤ ਦੀ ਦੇਖਭਾਲ ਲਈ ਭਾਰਤੀ ਫਲਾਈਟ ਸਰਜਨਾਂ ਦੀ ਵੀ ਟ੍ਰੇਨਿੰਗ ਸ਼ੁਰੂ ਹੋ ਗਈ ਹੈ। ਇਹ ਪ੍ਰਕਿਰਿਆ ਫਰਾਂਸ 'ਚ ਜਾਰੀ ਹੈ। ਇਸਰੋ ਮੁਖੀ ਨੂੰ ਸਵਾਲ ਕੀਤਾ ਗਿਆ ਕਿ ਕੀ ਇਸਰੋ ਚੰਦਰਮਾ 'ਤੇ ਮਨੁੱਖੀ ਮਿਸ਼ਨ ਭੇਜਣ 'ਤੇ ਵਿਚਾਰ ਕਰ ਰਿਹਾ ਹੈ? ਇਸ 'ਤੇ ਉਨ੍ਹਾਂ ਜਵਾਬ ਦਿੱਤਾ, 'ਅਜੇ ਨਹੀਂ ਪਰ ਅਜਿਹਾ ਕਿਸੇ ਦਿਨ ਜ਼ਰੂਰ ਹੋਵੇਗਾ।'

ਇਸ ਮਹੀਨੇ ਦੇ ਸ਼ੁਰੂ 'ਚ ਸਿਵਨ ਨੇ ਦੱਸਿਆ ਸੀ ਕਿ ਚੰਦਰਯਾਨ-3 ਦਾ ਕੰਫਿਗੁਰੇਸ਼ਨ ਕਾਫ਼ੀ ਕੁਝ ਚੰਦਰਯਾਨ-2 ਵਰਗਾ ਹੀ ਹੈ, ਪਰ ਨਵੇਂ ਮਿਸ਼ਨ 'ਚ ਪ੍ਰਪਲਸ਼ਨ ਮੋਡਿਊਲ(propulsion module) ਦੇ ਨਾਲ ਰੋਵਰ ਹੋਵੇਗਾ। ਚੰਦਰਯਾਨ-2 'ਚ ਸਾਡੇ ਕੋਲ ਆਰਬਿਟਰ(orbiter), ਲੈਂਡਰ(lander) ਅਤੇ ਰੋਵਰ ਕੰਫਿਗੁਰੇਸ਼ਨ ਸੀ। ਉਨ੍ਹਾਂ ਅੱਗੇ ਦੱਸਿਆ ਕਿ ਚੰਦਰਯਾਨ-3 ਲਈ ਲਾਗਤ ਕਰੀਬ 250 ਕਰੋੜ ਰੁਪਏ ਹੋਵੇਗੀ ਜਦੋਂਕਿ ਲਾਂਚ ਕੀਮਤ ਕਰੀਬ 350 ਕਰੋੜ ਰੁਪਏ ਹੋਵੇਗੀ।

ਇਸਰੋ ਮੁਖੀ ਨੇ ਗਗਨਯਾਨ ਮਿਸ਼ਨ ਨੂੰ ਲੈ ਕੇ ਕਿਹਾ ਕਿ ਅਸੀਂ ਸਿਰਫ਼ ਮਨੁੱਖਾਂ ਨੂੰ ਪੁਲਾੜ 'ਚ ਨਹੀਂ ਭੇਜਣਾ ਚਾਹੁੰਦੇ, ਸਗੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਹਿਯੋਗ ਦੇ ਮੌਕੇ ਪੈਦਾ ਕਰਨਾ ਚਾਹੁੰਦੇ ਹਾਂ। ਇਹ ਮਿਸ਼ਨ ਏਜੰਸੀਆਂ, ਭਾਰਤੀ ਹਵਾਈ ਫ਼ੌਜ ਅਤੇ ਇਸਰੋ ਦਰਮਿਆਨ ਸਹਿਯੋਗ ਦੀ ਮਿਸਾਲ ਹੈ। ਉਨ੍ਹਾਂ ਅੱਗੇ ਕਿਹਾ, 'ਅਸੀਂ ਭਵਿੱਖ 'ਚ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੇ ਹਾਂ। ਇਸ ਲਈ ਅਸੀਂ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਸਮਝੌਤਾ ਅਤੇ ਸਹਿਯੋਗ ਕਰਾਂਗੇ।'

Posted By: Jagjit Singh