ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਬੀਮਾ ਪਾਲਿਸੀ ਕਿਸੇ ਵੀ ਵਿਅਕਤੀ ਵੱਲੋਂ ਅਚਾਨਕ ਆਮਦਨ ਖਰਚ ਲਈ ਜਾਂ ਕਿਸੇ ਅਣਸੁਖਾਵੀਂ ਘਟਨਾ ਸਮੇਂ ਪਰਿਵਾਰ ਨੂੰ ਆਰਥਿਕ ਮਦਦ ਦੇਣ ਲਈ ਖਰੀਦੀ ਜਾਂਦੀ ਹੈ ਪਰ ਕਈ ਵਾਰ ਦੇਖਣ ਵਿਚ ਆਉਂਦਾ ਹੈ ਕਿ ਕਿਸੇ ਨਾ ਕਿਸੇ ਕਾਰਨ ਕਈ ਕਾਫੀ ਸਾਰੇ ਬੀਮਾ ਕਲੇਮ ਕੰਪਨੀਆਂ ਵੱਲੋਂ ਰੱਦ ਕਰ ਦਿੱਤੇ ਜਾਂਦੇ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਬੀਮਾ ਰੈਗੂਲੇਟਰ IRDAI ਵੱਲੋਂ ਕਈ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦੀ ਜਾਣਕਾਰੀ ਅਸੀਂ ਇਸ ਰਿਪੋਰਟ ਵਿੱਚ ਦੇਣ ਜਾ ਰਹੇ ਹਾਂ।਼

ਕਿਉਂ ਇੰਸ਼ੋਰੈਂਸ ਕਲੇਮ ਰਿਜੈਕਟ ਕਰਦੀਆਂ ਹਨ ਕੰਪਨੀਆਂ ?

ਇੰਸ਼ੋਰੈਂਸ ਕੰਪਨੀਆਂ ਵੱਲੋਂ ਕਲੇਮ ਰਿਜੈਕਟ ਕਰਨ ਦੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿਚੋਂ ਇੰਸ਼ੋਰੈਂਸ ਕਰਵਾਉਂਦੇ ਸਮੇਂ ਆਪਣੀ ਸਕਿਹਤ ਬਾਰੇ ਸਹੀ ਜਾਣਕਾਰੀ ਨਾ ਦੇਣਾ, ਤੁਹਾਡੇ ਦਸਤਾਵੇਜ਼ਾਂ 'ਚ ਜਾਣਕਾਰੀ ਵੱਖਰੀ ਹੋਣਾ, ਪਾਲਿਸੀ ਦੀਆਂ ਸ਼ਰਤਾਂ ਦੀ ਉਲੰਘਣਾ ਆਦਿ ਸ਼ਾਮਲ ਹਨ। ਅਜਿਹੇ ਵਿਚ ਤੁਹਾਨੂੰ ਇੰਸ਼ੋਰੈਂਸ ਪਾਲਿਸੀ ਲੈਂਦੇ ਸਮੇਂ ਇਨ੍ਹਾਂ ਸਾਰੀਆਂ ਗੱਲਾਂ ਦਾ ਖਾਸ ਖ਼ਿਆਲ ਰੱਖਣਾ ਚਾਹੀਦਾ ਹੈ।

ਇੰਸ਼ੋਰੈਂਸ ਕਲੇਮ ਰਿਜੈਕਟ ਹੋ ਜਾਵੇ ਤਾਂ ਕੀ ਕਰੀਏ ?

ਜੇਕਰ ਇੰਸ਼ੋਰੈਂਸ ਕੰਪਨੀ ਵੱਲੋਂ ਤੁਹਾਡਾ ਕਲੇਮ ਰਿਜੈਕਟ ਕਰ ਦਿੱਤਾ ਗਿਆ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇੰਸ਼ੋਰੈਂਸ ਕੰਪਨੀ ਦੇ ਸ਼ਿਕਾਇਤ ਨਿਵਾਰਣ ਅਧਿਕਾਰੀ (Grievance Redressal Officer) ਕੋਲ ਜਾਣਾ ਪਵੇਗਾ ਤੇ ਕਲੇਮ ਸਬੰਧੀ ਸ਼ਿਕਾਇਤ ਦਰਜ ਕਰਵਾਉਣੀ ਪਵੇਗੀ।

IRDAI ਕੋਲ ਕਰੋ ਸ਼ਿਕਾਇਤ

ਜੇਕਰ ਇੰਸ਼ੋਰੈਂਸ ਕੰਪਨੀ ਦੇ ਸ਼ਿਕਾਇਤ ਨਿਵਾਰਣ ਅਧਿਕਾਰੀ ਕੋਲ ਸ਼ਿਕਾਇਤ ਕਰਨ ਤੋਂ ਬਾਅਦ 15 ਦਿਨਾਂ ਤਕ ਤੁਹਾਡੀ ਸਮੱਸਿਆ ਨਹੀਂ ਸੁਲਝਦੀ ਹੈ ਤਾਂ ਫਿਰ ਇੰਸ਼ੋਰੈਂਸ ਰੈਗੂਲੇਟਰੀ ਆਈਆਰਡੀਏਆਈ ਕੋਲ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਦੇ ਲਈ ਆਈਆਰਡੀਏਆਈ ਦੇ ਈਮੇਲ complains@irdai.gov.in 'ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਟੋਲ ਫ੍ਰੀ ਨੰਬਰ 155255 ਜਾਂ 1800 4254 732 ਨੰਬਰ ਦਾ ਵੀ ਸਹਾਰਾ ਲੈ ਸਕਦੇ ਹੋ।

Insurance Ombudsman ਦਾ ਲਓ ਸਹਾਰਾ

ਇੰਸ਼ੋਰੈਂਸ ਕਲੇਮ ਨਾ ਮਿਲਣ ਦੀ ਸ਼ਿਕਾਇਤ ਤੁਸੀਂ ਆਪਣੇ ਇਲਾਕੇ ਦੇ ਬੀਮਾ ਲੋਕਪਾਲ (Insurance Ombudsman) ਨੂੰ ਕਰ ਸਕਦੇ ਹੋ। ਬੀਮਾ ਲੋਕਪਾਲ ਬਾਰੇ ਜਾਣਕਾਰੀ ਤੁਹਾਨੂੰ ਤੁਹਾਡੀ ਇੰਸ਼ੋਰੈਂਸ ਕੰਪਨੀ ਕੋਲੋਂ ਮਿਲ ਜਾਵੇਗੀ।

Posted By: Seema Anand