ਜਾਗਰਣ ਬਿਊਰੋ, ਨਵੀਂ ਦਿੱਲੀ : ਸੰਚਾਰ ਤੇ ਸੂਚਨਾ ਟੈਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸੋਮਵਾਰ ਨੂੰ ਇਕ ਅਜਿਹਾ ਪੋਰਟਲ ਲਾਂਚ ਕੀਤਾ ਜਿਸਦੇ ਜ਼ਰੀਏ ਗੁਆਚੇ ਜਾਂ ਚੋਰੀ ਹੋਏ ਮੋਬਾਈਲ ਫੋਨ ਦਾ ਪਤਾ ਲਗਾਇਆ ਜਾ ਸਕੇਗਾ। ਫਿਲਹਾਲ ਇਸਦਾ ਲਾਭ ਦਿੱਲੀ-ਐੱਨਸੀਆਰ ਦੇ ਲੋਕਾਂ ਨੂੰ ਮਿਲੇਗਾ। ਹੌਲੀ-ਹੌਲੀ ਪੂਰੇ ਦੇਸ਼ 'ਚ ਇਸਦਾ ਪ੍ਰਸਾਰ ਕਰਨ ਦੀ ਤਿਆਰੀ ਹੈ। ਇਸਦੀ ਸ਼ੁਰੂਆਤ ਪਾਇਲਟ ਪ੍ਰਾਜੈਕਟ ਵਜੋਂ ਸਤੰਬਰ 'ਚ ਮੁੰਬਈ ਤੋਂ ਕੀਤੀ ਗਈ ਸੀ।

ਪੋਰਟਲ 'ਸੀਈਆਈਆਰ ਡਾਟ ਜੀਓਵੀ ਡਾਟ ਇਨ' ਦਾ ਲਾਭ ਲੈਣ ਲਈ ਸਭ ਤੋਂ ਪਹਿਲਾਂ ਪੁਲਿਸ 'ਚ ਰਿਪੋਰਟ ਲਿਖਾ ਕੇ ਗੁਆਚੇ ਜਾਂ ਚੋਰੀ ਹੋਏ ਨੰਬਰ ਨੂੰ ਬਲਾਕ ਕਰਾਉਣਾ ਪਵੇਗਾ। ਉਸਦੇ ਬਾਅਦ ਐੱਫਆਈਆਰ ਦੀ ਕਾਪੀ ਤੇ ਆਈਡੀ ਪ੍ਰੂਫ ਦੇ ਨਾਲ ਆਪਣੇ ਮੋਬਾਈਲ ਆਪ੍ਰੇਟਰ ਨੂੰ ਨਵਾਂ ਸਿਮ ਕਾਰਡ ਦੇਣ ਲਈ ਅਰਜ਼ੀ ਦੇਣੀ ਪਵੇਗੀ। ਇਸਦੇ ਬਾਅਦ ਆਈਐੱਮਈਆਈ ਬਲਾਕ ਕਰਾਉਣ ਲਈ ਪੋਰਟਲ 'ਤੇ ਰਜਿਸਟ੍ਰੇਸ਼ਨ ਫਾਰਮ ਭਰਨਾ ਪਵੇਗਾ। ਇਸ 'ਤੇ ਤੁਹਾਨੂੰ ਇਕ ਬੇਨਤੀ ਆਈਡੀ ਮਿਲੇਗੀ। ਇਸਦੇ ਜ਼ਰੀਏ ਤੁਸੀਂ ਪੋਰਟਲ 'ਤੇ ਆਪਣੇ ਮੋਬਾਈਲ ਦੀ ਸਥਿਤੀ 'ਤੇ ਨਜ਼ਰ ਰੱਖ ਸਕਦੇ ਹੋ। ਮੋਬਾਈਲ ਮਿਲ ਜਾਣ ਦੀ ਸਥਿਤੀ 'ਚ ਭਵਿੱਖ 'ਚ ਤੁਸੀਂ ਆਈਐੱਮਈਆਈ ਨੂੰ ਅਨਬਲਾਕ ਵੀ ਕਰ ਸਕਦੇ ਹੋ।

ਇਸ ਸਹੂਲਤ ਲਈ ਦੂਰਸੰਚਾਰ ਵਿਭਾਗ ਨੇ ਸੈਂਟਰਲ ਇਕਵੈਪਮੈਂਟ ਆਈਡੈਂਟਿਟੀ ਰਜਿਸਟਰੀ (ਸੀਈਆਈਆਰ) ਨਾਂ ਨਾਲ ਇਕ ਪ੍ਰਣਾਲੀ ਵਿਕਸਤ ਕੀਤੀ ਹੈ ਤੇ ਉਸਨੂੰ ਸਾਰੇ ਮੋਬਾਈਲ ਆਪ੍ਰੇਟਰਾਂ ਦੇ ਆਈਐੱਮਈਆਈ ਡਾਟਾਬੇਸ ਨਾਲ ਕੁਨੈਕਟ ਕੀਤਾ ਹੈ। ਸੀਆਈਆਰ 'ਚ ਸਾਰੇ ਮੋਬਾਈਲ ਆਪ੍ਰੇਟਰ ਆਪਣੇ ਨੈੱਟਵਰਕ 'ਤੇ ਬਲੈਕਲਿਸਟ ਜਾਂ ਬਲਾਕ ਕੀਤੇ ਗਏ ਮੋਬਾਈਲ ਸੈੱਟਸ ਦਾ ਡਾਟਾ ਸ਼ੇਅਰ ਕਰਦੇ ਹਨ, ਤਾਂ ਜੋ ਇਕ ਨੈੱਟਵਰਕ 'ਤੇ ਬਲੈਕਲਿਸਟ ਜਾਂ ਬਲਾਕ ਕੀਤਾ ਗਿਆ ਮੋਬਾਈਲ ਫੋਨ ਦੂਜੇ ਨੈੱਟਵਰਕ 'ਤੇ ਵੀ ਕੰਮ ਨਹੀਂ ਕਰ ਸਕੇ। ਇਸ ਤਰ੍ਹਾਂ ਹੋਣ ਨਾਲ ਮੋਬਾਈਲ ਫੋਨ ਪਾਉਣ ਜਾਂ ਚੋਰੀ ਕਰਨ ਵਾਲਾ ਵਿਅਕਤੀ ਸਿਮ ਕਾਰਡ ਬਦਲਣ ਦੇ ਬਾਅਦ ਵੀ ਉਸਦਾ ਇਸਤੇਮਾਲ ਨਹੀਂ ਕਰ ਪਾਉਂਦਾ। ਇਸ ਨਾਲ ਮੋਬਾਈਲ ਫੋਨ ਵਾਪਸ ਕੀਤੇ ਜਾਣ ਜਾਂ ਚੋਰ ਦੇ ਫੜੇ ਜਾਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਕਲੋਨ ਆਈਐੱਮਈਆਈ 'ਤੇ ਵੀ ਕਾਰਗਰ

ਆਮਤੌਰ 'ਤੇ ਹਰ ਮੋਬਾਈਲ ਡਿਵਾਈਸ ਦਾ ਆਈਐੱਮਈਆਈ ਨੰਬਰ ਅਲੱਗ ਹੁੰਦਾ ਹੈ। ਪਰ ਹਾਲੀਆ ਕੁਝ ਅਜਿਹੇ ਮਾਮ ਲੇ ਵੀ ਸਾਹਮਣੇ ਆਏ ਹਨ ਜਿੱਥੇ ਇਕ ਹੀ ਆਈਐੱਮਈਆਈ ਨੰਬਰ 'ਤੇ ਇਕ ਤੋਂ ਜ਼ਿਆਦਾ ਹੈਂਡਸੈੱਟ ਮਿਲੇ। ਇਸ ਸਥਿਤੀ 'ਚ ਆਈਐੱਮਈਆਈ ਨੰਬਰ ਬਲਾਕ ਕਰਨ 'ਤੇ ਉਸੇ ਆਈਐੱਮਈਆਈ ਵਾਲਾ ਦੂਜਾ ਫੋਨ ਵੀ ਬਲਾਕ ਹੋਣ ਦਾ ਖਤਰਾ ਰਹਿੰਦਾ ਹੈ। ਇਸ ਨਵੀਂ ਵਿਵਸਥਾ ਦੀ ਮਦਦ ਨਾਲ ਇਕੋ ਜਿਹੇ ਆਈਐੱਮਈਆਈ ਨੰਬਰ ਹੋਣ 'ਤੇ ਵੀ ਸਿਰਫ ਉਸੇ ਫੋਨ ਨੂੰ ਬਲਾਕ ਕਰਨਾ ਸੰਭਵ ਹੋਵੇਗਾ, ਜਿਹੜਾ ਚੋਰੀ ਹੋਇਆ ਹੈ ਜਾਂ ਗੁਆਚਿਆ ਹੈ।

Posted By: Seema Anand