ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਭਾਰਤ 'ਚ ਲੋਕ ਸੋਨਾ ਖਰੀਦਣਾ ਅੱਜ ਤੋਂ ਨਹੀਂ ਸਗੋਂ ਸਾਲਾਂ ਤੋਂ ਸ਼ੁਭ ਮੰਨਦੇ ਹਨ ਤੇ ਇਹੀ ਕਾਰਨ ਹੈ ਕਿ ਦੇਸ਼ ਦੇ ਹਰ ਘਰ 'ਚ ਘਰੇਲੂ ਔਰਤਾਂ ਕੋਲ ਤੁਹਾਨੂੰ ਕੁਝ ਗ੍ਰਾਮ ਸੋਨਾ ਜ਼ਰੂਰ ਮਿਲ ਜਾਵੇਗਾ। ਸੋਨਾ ਸਿਰਫ਼ ਉਨ੍ਹਾਂ ਦਾ ਗਹਿਣਾ ਹੀ ਨਹੀਂ, ਸਗੋਂ ਇਹ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਜਾਂ ਪਤੀ ਤੋਂ ਮਿਲਿਆ ਅਨਮੋਲ ਪਿਆਰ ਹੈ, ਜਿਸ ਨੂੰ ਉਹ ਕਿਸੇ ਵੀ ਕੀਮਤ 'ਤੇ ਵੇਚਣਾ ਨਹੀਂ ਚਾਹੁੰਦੀਆਂ।

ਅੰਕੜਿਆਂ ਮੁਤਾਬਕ ਦੁਨੀਆ ਦੇ ਵੱਡੇ ਦੇਸ਼ਾਂ ਦੇ ਮੁਕਾਬਲੇ ਭਾਰਤੀ ਔਰਤਾਂ ਕੋਲ ਜ਼ਿਆਦਾ ਸੋਨਾ ਹੈ। ਪਰ 1 ਅਪ੍ਰੈਲ 2023 ਤੋਂ ਕੇਂਦਰ ਸਰਕਾਰ ਨੇ ਦੇਸ਼ 'ਚ ਸੋਨੇ ਦੇ ਗਹਿਣਿਆਂ ਦੀ ਖਰੀਦੋ-ਫਰੋਖਤ ਲਈ ਨਿਯਮਾਂ 'ਚ ਕੁਝ ਬਦਲਾਅ ਕੀਤੇ ਹਨ, ਜਿਸ ਕਾਰਨ ਭਵਿੱਖ 'ਚ ਤੁਹਾਡੇ ਘਰ 'ਚ ਰੱਖੇ ਸੋਨੇ ਨੂੰ ਵੇਚਣ 'ਚ ਦਿੱਕਤ ਆ ਸਕਦੀ ਹੈ।

ਪੁਰਾਣੇ ਗਹਿਣਿਆਂ ਨੂੰ ਵੇਚਣਾ ਮੁਸ਼ਕਲ ਹੋ ਸਕਦਾ ਹੈ

ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਗਹਿਣਿਆਂ 'ਤੇ ਪਵੇਗਾ ਜੋ ਪੁਰਾਣੇ ਹੋ ਗਏ ਹਨ। ਦਰਅਸਲ, ਕੇਂਦਰ ਸਰਕਾਰ ਨੇ 1 ਅਪ੍ਰੈਲ, 2023 ਤੋਂ ਹਾਲਮਾਰਕਿੰਗ ਨੂੰ ਲਾਜ਼ਮੀ ਕਰ ਦਿੱਤਾ ਹੈ, ਜਿਸ ਤੋਂ ਬਾਅਦ ਤੁਸੀਂ ਦੇਸ਼ ਵਿੱਚ ਕਿਤੇ ਵੀ ਹਾਲਮਾਰਕ ਤੋਂ ਬਿਨਾਂ ਗਹਿਣੇ ਖਰੀਦ ਜਾਂ ਵੇਚਣ ਨਹੀਂ ਸਕਦੇ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਉਨ੍ਹਾਂ ਲੋਕਾਂ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ, ਜਿਨ੍ਹਾਂ ਕੋਲ ਗੈਰ-ਹਾਲਮਾਰਕ ਵਾਲੇ ਗਹਿਣੇ ਹਨ।

ਹਾਲਮਾਰਕ ਦਾ ਕੀ ਫਾਇਦਾ ?

ਦਰਅਸਲ, ਹਾਲਮਾਰਕ ਵਾਲੇ ਗਹਿਣਿਆਂ 'ਤੇ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦਾ ਲੋਗੋ ਲਗਾਇਆ ਜਾਂਦਾ ਹੈ, ਜਿਸ 'ਤੇ ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਸੋਨੇ ਦੇ ਗਹਿਣੇ ਕਿੰਨੇ ਕੈਰੇਟ ਦੇ ਹਨ। 24 ਕੈਰੇਟ ਸੋਨੇ ਨੂੰ ਸਭ ਤੋਂ ਸ਼ੁੱਧ ਮੰਨਿਆ ਜਾਂਦਾ ਹੈ, ਜਿਸਦਾ ਮਤਲਬ ਹੈ ਕਿ ਇਸ ਗਹਿਣਿਆਂ ਵਿੱਚ ਕਿਸੇ ਵੀ ਕਿਸਮ ਦੀ ਮਿਲਾਵਟ ਨਾ-ਮਾਤਰ ਹੈ ਅਤੇ ਇਸੇ ਕਾਰਨ ਅਜਿਹੇ ਸੋਨੇ ਦੀ ਕੀਮਤ ਮਹਿੰਗੀ ਹੈ।

ਦੇਸ਼ 'ਚ ਆਮ ਤੌਰ 'ਤੇ ਲੋਕ 18 ਤੋਂ 22 ਕੈਰੇਟ ਸੋਨਾ ਬਣਾਉਂਦੇ ਹਨ, ਜਿਸ ਦੀ ਕੀਮਤ ਥੋੜ੍ਹੀ ਘੱਟ ਹੁੰਦੀ ਹੈ ਕਿਉਂਕਿ ਇਸ 'ਚ ਕੁਝ ਫੀਸਦੀ ਮਿਲਾਵਟ ਹੁੰਦੀ ਹੈ। ਜੇਕਰ ਗਹਿਣਿਆਂ 'ਤੇ ਹਾਲਮਾਰਕ ਕੀਤਾ ਜਾਵੇ ਤਾਂ ਜਿਊਲਰ ਗਾਹਕਾਂ ਨੂੰ ਆਸਾਨੀ ਨਾਲ ਧੋਖਾ ਨਹੀਂ ਦੇ ਸਕਣਗੇ।

ਹਾਲਮਾਰਕ ਨਹੀਂ ਹੈ ਤਾਂ ਕੀ ਕਰੀਏ?

ਬੀਆਈਐਸ ਨਿਯਮਾਂ ਅਨੁਸਾਰ, ਜੇਕਰ ਕਿਸੇ ਵਿਅਕਤੀ ਕੋਲ ਅਜਿਹੇ ਗਹਿਣੇ ਹਨ ਜਿਨ੍ਹਾਂ ਵਿਚ ਹਾਲਮਾਰਕ ਦਾ ਲੋਗੋ ਨਹੀਂ ਹੈ, ਤਾਂ ਤੁਹਾਨੂੰ ਇਸਨੂੰ ਵੇਚਣ ਤੋਂ ਪਹਿਲਾਂ ਹਾਲਮਾਰਕ ਕਰਵਾਉਣਾ ਹੋਵੇਗਾ। ਇਸ ਤੋਂ ਬਿਨਾਂ ਹੁਣ ਤੁਸੀਂ ਦੇਸ਼ 'ਚ ਨਾ ਤਾਂ ਸੋਨਾ ਖਰੀਦ ਸਕੋਗੇ ਅਤੇ ਨਾ ਹੀ ਵੇਚ ਸਕੋਗੇ।

ਤੁਹਾਡੇ ਕੋਲ ਇਕੋ ਇਕ ਵਿਕਲਪ ਹੈ ਕਿ ਤੁਸੀਂ ਗਹਿਣਿਆਂ ਨੂੰ ਹਾਲਮਾਰਕ ਕਰਵਾਓ। ਇਸਦੇ ਲਈ ਤੁਹਾਨੂੰ 45 ਰੁਪਏ ਪ੍ਰਤੀ ਪੀਸ ਦੇ ਹਿਸਾਬ ਨਾਲ ਚਾਰਜ ਦੇਣਾ ਹੋਵੇਗਾ। ਤੁਹਾਨੂੰ BIS ਲੈਬ ਵਿੱਚ ਜਾ ਕੇ ਆਪਣੇ ਗਹਿਣਿਆਂ ਦਾ ਹਾਲਮਾਰਕ ਕਰਵਾਉਣਾ ਹੋਵੇਗਾ।

ਕਿੱਥੇ ਸਥਿਤ ਹੈ ਲੈਬ ?

ਕੇਂਦਰੀ ਖੇਤਰੀ ਦਫਤਰ ਪ੍ਰਯੋਗਸ਼ਾਲਾ- ਸਾਹਿਬਾਬਾਦ ਉਦਯੋਗਿਕ ਖੇਤਰ, ਸਾਹਿਬਾਬਾਦ

ਪੂਰਬੀ ਖੇਤਰੀ ਦਫਤਰ ਪ੍ਰਯੋਗਸ਼ਾਲਾ - ਕਨਕੁਰਗਾਚੀ, ਕੋਲਕਾਤਾ

ਉੱਤਰੀ ਖੇਤਰੀ ਦਫਤਰ ਪ੍ਰਯੋਗਸ਼ਾਲਾ - ਉਦਯੋਗਿਕ ਫੋਕਲ ਪੁਆਇੰਟ, ਮੋਹਾਲੀ

ਪੱਛਮੀ ਖੇਤਰੀ ਦਫਤਰ ਪ੍ਰਯੋਗਸ਼ਾਲਾ - ਅੰਧੇਰੀ (ਪੂਰਬੀ), ਮੁੰਬਈ

ਦੱਖਣੀ ਖੇਤਰੀ ਦਫਤਰ ਪ੍ਰਯੋਗਸ਼ਾਲਾ - ਚੇਨਈ

ਬੰਗਲੌਰ ਸ਼ਾਖਾ ਪ੍ਰਯੋਗਸ਼ਾਲਾ

ਪਟਨਾ ਬ੍ਰਾਂਚ ਪ੍ਰਯੋਗਸ਼ਾਲਾ

ਗੁਹਾਟੀ ਸ਼ਾਖਾ ਪ੍ਰਯੋਗਸ਼ਾਲਾ

Posted By: Seema Anand