ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਐੱਲਪੀਯੂ ਦੇ ਵਿਗਿਆਨੀਆਂ ਨੇ ਹੁਣ ਕੋਵਿਡ-19 ਮਹਾਮਾਰੀ ਤੋਂ ਬਚਾਅ ਲਈ ਪੂਰੇ 20 ਸੈਕੰਡ ਤਕ ਹੱਥ ਧੋਣ ਨੂੰ ਯਕੀਨੀ ਬਣਾਉਣ ਲਈ ਇਕ ਸੰਗੀਤਮਈ ਇੰਟਰਨੈੱਟ ਆਫ ਥਿੰਗਜ਼ (ਆਈਓਟੀ) ਡਿਵਾਈਸ ਤਿਆਰ ਕੀਤੀ ਹੈ, ਜਿਸ ਨੂੰ ਕਿਸੇ ਵੀ ਲੀਕੁਇਡ ਸੋਪ ਡਿਸਪੈਂਸਰ 'ਤੇ ਫਿੱਟ ਕੀਤਾ ਜਾ ਸਕੇਗਾ। ਵਿਗਿਆਨੀਆਂ ਅਨੁਸਾਰ '20 ਸੈਕੰਡ ਫਾਰ ਲਾਈਫ' (ਜੀਵਨ ਲਈ 20 ਸੈਕੰਡ) ਨਾਂ ਦੀ ਇਹ ਡਿਵਾਈਸ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਕੇ ਕੀਟਾਣੂ ਮੁਕਤ ਕਰਨ ਦੌਰਾਨ 20 ਸੈਕੰਡ ਤੋਂ ਜ਼ਿਆਦਾ ਸਮਾਂ ਤਕ ਚਮਕ, ਬੀਪ ਅਤੇ ਸੰਗੀਤਮਈ ਆਵਾਜ਼ ਪ੍ਰਦਾਨ ਕਰਦਾ ਰਹੇਗਾ। ਬੈਟਰੀ ਰਾਹੀਂ ਸੰਚਾਲਿਤ ਇਸ ਸਪਲੈਸ਼ ਪਰੂਫ਼ ਡਿਵਾਈਸ ਦੇ ਬੇਸ ਮਾਡਲ ਦੀ ਅਨੁਮਾਨਿਤ ਕੀਮਤ ਸਿਰਫ 70 ਰੁਪਏ ਹੈ। ਵਿਗਿਆਨੀਆਂ ਦੀ ਟੀਮ ਦੇ ਮੈਂਬਰ ਬੀਟੈੱਕ ਇਲੈਕਟ੍ਰਾਨਿਕਸ ਕੰਮਿਊਨਿਕੇਸ਼ਨ ਐਂਡ ਇੰਜੀਨੀਅਰਿੰਗ ਦੇ ਵਿਦਿਆਰਥੀ ਪ੍ਰਬੀਨ ਕੁਮਾਰ ਦਾਸ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਤੇਜ਼ੀ ਨਾਲ ਫੈਲਣ ਦਾ ਮੁੱਖ ਕਾਰਨ ਗੰਦਗੀ ਹੈ। ਜ਼ਿਆਦਾਤਰ ਲੋਕਾਂ ਲਈ ਹੱਥ ਧੋਣ ਸਮੇਂ ਪੂਰੇ ਸਮੇਂ ਦਾ ਧਿਆਨ ਰੱਖਣਾ ਮੁਸ਼ਕਲ ਹੈ। 20 ਸੈਕੰਡ ਤਕ ਹੱਥ ਧੋਣ ਨੂੰ ਯਕੀਨੀ ਬਣਾਉਣ ਲਈ ਇਹ ਡਿਵਾਈਸ ਲਿਆਂਦੀ ਗਈ ਹੈ। ਦਾਸ ਅਤੇ ਉਨ੍ਹਾਂ ਦੀ ਟੀਮ ਨੇ ਚਾਰ ਵੈਰੀਐਂਟਸ ਨਾਲ ਡਿਵਾਈਸ ਦੇ ਪ੍ਰਰੋਟੋਟਾਈਪ ਵਿਕਸਿਤ ਕੀਤੇ ਹਨ, ਜਿਸ 'ਚ ਇਕ ਐਡਵਾਂਸਡ ਮਾਡਲ ਵੀ ਸ਼ਾਮਲ ਹੈ, ਜੋ ਉਚਿਤ ਸਫਾਈ ਸੁਨਿਸ਼ਚਿਤ ਕਰਨ ਲਈ ਕਈ ਭਾਸ਼ਾਵਾਂ 'ਚ ਸਟੈੱਪ ਵਾਈਜ਼ ਹੱਥ ਧੋਣ ਦੇ ਨਿਰਦੇਸ਼ ਪ੍ਰਦਾਨ ਕਰਦਾ ਹੈ। ਬੇਸ ਡਿਵਾਈਸ 'ਚ ਵੀ ਜਦੋਂ ਹੈਂਡਵਾਸ਼ ਦਾ ਨੋਜ਼ਲ ਸਾਬਣ ਲਈ ਦਬਾਇਆ ਜਾਂਦਾ ਹੈ, ਉਦੋਂ 20 ਤੋਂ ਜ਼ਿਆਦਾ ਸੈਕੰਡਜ਼ ਲਈ ਸੰਗੀਤ ਵੱਜਣਾ ਸ਼ੁਰੂ ਹੋ ਜਾਂਦਾ ਹੈ ਅਤੇ ਹੱਥ ਧੋਂਦੇ ਰਹਿਣ ਦਾ ਸਮਾਂ ਯਕੀਨੀ ਹੋ ਜਾਂਦਾ ਹੈ। ਇਸ ਡਿਵਾਈਸ ਦੇ ਐਡਵਾਂਸਡ ਮਾਡਲ ਨੂੰ ਵਾਈ-ਫਾਈ ਨੈੱਟਵਰਕ ਅਤੇ ਮੋਬਾਈਲ ਐਪ ਦੇ ਮਾਧਿਅਮ ਨਾਲ ਵੀ ਜੋੜਿਆ ਤੇ ਸੰਚਾਲਿਤ ਕੀਤਾ ਜਾ ਸਕੇਗਾ।

-----

'ਜੀਵਨ ਰੱਖਿਅਕ ਸਾਬਤ ਹੋਵੇਗੀ ਡਿਵਾਈਸ'

ਐੱਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਵਿਗਿਆਨੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਭਵਿੱਖ 'ਚ ਵੀ ਸਮਾਜ ਭਲਾਈ ਦੇ ਲਈ ਅਜਿਹੇ ਹੱਲ ਖੋਜਦੇ ਰਹਿਣ ਲਈ ਪ੍ਰਰੇਰਿਤ ਕੀਤਾ। ਸਕੂਲ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਕਾਰਜਕਾਰੀ ਡੀਨ ਡਾ. ਲਵੀਰਾਜ ਗੁਪਤਾ ਨੇ ਕਿਹਾ ਕਿ ਇਹ ਡਿਵਾਈਸ ਦੁਨੀਆ ਭਰ ਦੇ ਲੋਕਾਂ ਲਈ ਜੀਵਨ ਰੱਖਿਅਕ ਸਾਬਤ ਹੋ ਸਕਦਾ ਹੈ। ਇਸ ਲਈ ਇਸ ਨੂੰ ਘਰਾਂ, ਕਾਰਖਾਨਿਆਂ, ਦਫਤਰਾਂ ਤੇ ਹੋਟਲਾਂ ਆਦਿ ਥਾਵਾਂ 'ਤੇ ਵਰਤਿਆ ਜਾਣਾ ਚਾਹੀਦਾ ਹੈ।