ਨਵੀਂ ਦਿੱਲੀ : ਗੂਗਲ ਨੇ ਆਪਣੀ ਇਸ਼ਤਿਹਾਰੀ ਨੀਤੀ 'ਚ ਤਬਦੀਲੀ ਕੀਤੀ ਹੈ ਤੇ ਹੁਣ ਅਜਿਹੇ ਇਸ਼ਤਿਹਾਰਾਂ ਨੂੰ ਇਸ ਪਲੈਟਫਾਰਮ 'ਤੇ ਜਗ੍ਹਾ ਨਹੀਂ ਮਿਲੇਗੀ, ਜੋ ਕਿਸੇ ਨਾ ਕਿਸੇ ਰੂਪ 'ਚ ਜਾਸੂਸੀ ਨੂੰ ਵਧਾਉਂਦੇ ਹਨ। ਜਾਣਕਾਰੀ ਮੁਤਾਬਿਕ ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਣ Google ਨੇ ਸਟਾਕਰਵੇਅਰ ਜਿਹੇ ਨਿਗਰਾਨੀ ਸਾਫਟਵੇਅਰਾਂ 'ਤੇ ਬੈਨ ਲਾਉਣ ਦਾ ਫ਼ੈਸਲਾ ਲਿਆ ਹੈ। ਨਾਲ ਹੀ ਸਪਾਈਵੇਅਰ ਦੇ ਇਸ਼ਤਿਹਾਰ ਵੀ ਨਹੀਂ ਦਿਖਾਈ ਦੇਣਗੇ। Google ਇਸ਼ਤਿਹਾਰ ਤੇ ਜਾਸੂਸੀ ਸਾਫਟਵੇਅਰ ਨੂੰ ਲੈ ਕੇ ਆਪਣੀ ਇਸ਼ਤਿਹਾਰੀ ਨੀਤੀ 'ਚ 11 ਅਗਸਤ ਤੋਂ ਇਹ ਤਬਦੀਲੀ ਕਰੇਗਾ। Google ਕੰਪਨੀ ਨੇ ਸ਼ੁੱਕਰਵਾਰ ਨੂੰ ਇਸ ਸਬੰਧ 'ਚ ਬਿਆਨ ਜਾਰੀ ਕੀਤਾ।

Google 'ਤੇ ਅਜਿਹੇ ਇਸ਼ਤਿਹਾਰ ਉਤਪਾਦ ਵੀ ਬੰਦ ਹੋ ਜਾਣਗੇ, ਜਿਨ੍ਹਾਂ 'ਚ ਸਪਾਇਵੇਅਰ, ਮੈਲਵੇਅਰ ਸ਼ਾਮਿਲ ਹੋਣਗੇ ਤੇ ਜਿਨ੍ਹਾਂ ਦੀ ਵਰਤੋਂ ਟੈਕਸਟ, ਫੋਨ ਕਾਲ ਜਾਂ ਬ੍ਰਾਊਜਿੰਗ ਹਿਸਟਰੀ 'ਤੇ ਨਜ਼ਰ ਰੱਖਣ ਲਈ ਕੀਤੀ ਜਾ ਸਕਦੀ ਹੈ। ਜੀਪੀਐੱਸ ਟ੍ਰੈਕਰ ਵਿਸ਼ੇਸ਼ ਰੂਪ 'ਚ ਜਾਸੂਸੀ ਕਰਨ ਜਾਂ ਕਿਸੇ ਦੀ ਸਹਿਮਤੀ ਤੋਂ ਬਿਨਾਂ ਉਸ ਨੂੰ ਟਰੈਕ ਕਰਨ ਕਰਨ ਲਈ ਕੀਤਾ ਜਾਂਦਾ ਹੈ।

ਕਿਵੇਂ ਜਾਸੂਸੀ ਕਰਦੇ ਹਨ ਸਾਫਟਵੇਅਰ

Google ਅਨੁਸਾਰ ਸਟਾਕਰਵੇਅਰ ਤੇ ਸਪਾਈਵੇਅਰ ਜਿਹੇ ਸਾਫਟਵੇਅਰ ਨਾਲ ਜੀਵਨਸਾਥੀ ਦੀ ਜਾਸੂਸੀ ਕਰਵਾਉਣ ਜਾਂ ਪ੍ਰੇਮਿਕਾ ਦੇ ਫੋਨ ਤੋਂ ਲੋਕੇਸ਼ਨ ਪਤਾ ਲਾਉਣ ਤੇ ਮੈਸੇਜ ਪੜ੍ਹਨ 'ਚ ਕੀਤਾ ਜਾਂਦਾ ਹੈ। ਨਵੀਂ ਇਸ਼ਤਿਹਾਰ ਨੀਤੀ ਤਹਿਤ ਸਾਥੀ ਦੀ ਨਿਗਰਾਨੀ ਕਰਨ ਵਾਲੇ ਸਪਾਈਵੇਅਰ ਤੇ ਤਕਨਾਲੋਜੀ 'ਤੇ ਰੋਕ ਲੱਗੇਗੀ। ਖ਼ਾਸ ਤੌਰ 'ਤੇ ਸਪਾਈਵੇਅਰ ਦੀ ਵਰਤੋਂ ਅਜਿਹੇ ਲੋਕਾਂ ਵੱਲੋਂ ਕੀਤੀ ਜਾਂਦਾ ਹੈ, ਜਿਨ੍ਹਾਂ ਨੂੰ ਕਿਸੇ ਦੀ ਨਿੱਝਤਾ 'ਚ ਦਖ਼ਲ ਦੇਣ ਵਿਚ ਕੋਈ ਝਿਜਕ ਨਹੀਂ ਹੁੰਦੀ। ਕੁਝ ਪਤੀ ਵੀ ਆਪਣੀ ਪਤਨੀ 'ਤੇ ਨਜ਼ਰ ਰੱਖਣ ਲਈ ਇਸ ਤਰ੍ਹਾਂ ਦੇ ਸਪਾਈਵੇਅਰ ਦੀ ਵਰਤੋ ਕਰਦੇ ਹਨ।

2018 'ਚ ਕੀਤੇ ਇਕ ਅਧਿਐਨ ਅਨੁਸਾਰ ਗੂਗਲ 'ਤੇ ਹਜ਼ਾਰਾਂ ਸਰਚ ਟਰਮਜ਼ ਹਨ, ਜਿਨ੍ਹਾਂ ਜ਼ਰੀਏ ਲੋਕਾਂ ਨੇ ਜੀਵਨਸਾਥੀ 'ਤੇ ਜਾਸੂਸੀ ਦੇ ਸਬੰਧ 'ਚ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਨਵੀਂ ਨੀਤੀ ਲਾਗੂ ਕਰਨ ਤੋਂ ਬਾਅਦ ਗੂਗਲ ਸ਼ਰਤਾਂ ਨਾਲ ਪ੍ਰਾਈਵੇਟ ਜਾਸੂਸੀ ਦੀ ਮਨਜ਼ੂਰੀ ਦੇਵੇਗਾ। ਮਾਤਾ-ਪਿਤਾ ਚਾਹੁਣ ਤਾਂ ਸੁਰੱਖਿਆ ਕਾਰਨਾਂ ਨਾਲ ਆਪਣੇ ਬੱਚਿਆਂ 'ਤੇ ਨਜ਼ਰ ਰੱਖ ਸਕਣਗੇ।

Posted By: Harjinder Sodhi