ਨਵੀਂ ਦਿੱਲੀ (ਪੀਟੀਆਈ) : ਪੁਰਾਣੀਆਂ ਕਾਰਾਂ ਨੂੰ ਕਬਾੜ 'ਚ ਵੇਚਣ ਦੀ ਤਿਆਰੀ ਕਰ ਰਹੇ ਲੋਕਾਂ ਲਈ ਚੰਗੀ ਖ਼ਬਰ ਹੈ। ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪੁਰਾਣੀਆਂ ਕਾਰਾਂ ਦੇ ਬਦਲੇ ਨਵਾਂ ਵਾਹਨ ਖ਼ਰੀਦਣ 'ਤੇ ਪੰਜ ਫ਼ੀਸਦੀ ਤਕ ਦੀ ਛੋਟ ਮਿਲ ਸਕਦੀ ਹੈ।

ਇਕ ਇੰਟਰਵਿਊ 'ਚ ਗਡਕਰੀ ਨੇ ਕਿਹਾ ਕਿ ਸਰਕਾਰ ਨੇ ਪਹਿਲੀ ਫਰਵਰੀ ਨੂੰ ਪੇਸ਼ ਬਜਟ 'ਚ ਵਾਲੰਟਰੀ ਵ੍ਹੀਕਲ ਸਕ੍ਰੈਪੇਜ ਪਾਲਿਸੀ ਦਾ ਐਲਾਨ ਕੀਤਾ ਸੀ। ਇਸ 'ਚ ਨਿੱਜੀ ਵਾਹਨਾਂ ਨੂੰ 20 ਸਾਲ ਤੇ ਕਮਰਸ਼ੀਅਲ ਵਾਹਨਾਂ ਨੂੰ 15 ਸਾਲ ਬਾਅਦ ਫਿਟਨੈੱਸ ਟੈਸਟ 'ਚੋਂ ਲੰਘਣਾ ਪਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਪਾਲਿਸੀ ਤਹਿਤ ਕੀਮਤ 'ਚ ਛੋਟ ਤੋਂ ਇਲਾਵਾ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ 'ਤੇ ਗ੍ਰੀਨ ਟੈਕਸ ਤੇ ਹੋਰ ਡਿਊਟੀ ਲਗਾਉਣ ਦੀ ਵੀ ਵਿਵਸਥਾ ਹੈ। ਗਡਕਰੀ ਨੇ ਕਿਹਾ ਕਿ ਜਿਹੜੇ ਵਾਹਨ ਫਿਟਨੈੱਸ ਟੈਸਟ ਪਾਸ ਨਹੀਂ ਕਰ ਸਕਣਗੇ, ਉਨ੍ਹਾਂ ਨੂੁੰ ਚਲਾਉਣ 'ਤੇ ਜੁਰਮਾਨਾ ਲੱਗੇਗਾ। ਗਡਕਰੀ ਨੇ ਕਿਹਾ ਕਿ ਇਸ ਪਾਲਿਸੀ ਨਾਲ ਗ੍ਰੀਨ ਐਨਰਜੀ ਨੂੰ ਬੜ੍ਹਾਵਾ ਮਿਲਣ ਦੇ ਨਾਲ-ਨਾਲ ਬਿਹਤਰ ਮਾਈਲੇਜ ਦੇ ਨਾਲ ਨਵੀਂ ਤਕਨੀਕ ਨੂੰ ਰਫ਼ਤਾਰ ਮਿਲੇਗੀ। ਨਾਲ ਹੀ ਅੱਠ ਲੱਖ ਕਰੋੜ ਰੁਪਏ ਦੀ ਪੈਟਰੋਲੀਅਮ ਦਰਾਮਦ 'ਚ ਵੀ ਕਟੌਤੀ ਕਰਨ 'ਚ ਮਦਦ ਮਿਲੇਗੀ।