ਜੇਐੱਨਐੱਨ, ਨਵੀਂ ਦਿੱਲੀ : ਵੀਡੀਓ ਸ਼ੇਅਰਿੰਗ ਪਲੈਟਫਾਰਮ Youtube ਤੋਂ ਜਲਦੀ ਫ਼ਰਜ਼ੀ ਖ਼ਬਰਾਂ ਦੀ ਛੁੱਟੀ ਹੋਣ ਜਾ ਰਹੀ ਹੈ। Youtube ਦਾ ਮਾਲਕਾਨਾ ਹੱਕ ਰੱਖਣ ਵਾਲੀ ਕੰਪਨੀ Google ਨੇ ਕਿਹਾ ਹੈ ਕਿ ਉਹ ਸਾਊਥ ਕੋਰੀਆ ਨਾਲ ਮਿਲ ਕੇ ਫ਼ਰਜ਼ੀ ਖ਼ਬਰਾਂ ਤੇ ਨਾਜਾਇਜ਼ ਕੰਟੈਂਟ ਦੀ ਮੋਨੀਟਰਿੰਗ ਕਰ ਰਹੀ ਹੈ। Google ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੀਲ ਮੋਹਨ ਨੇ ਕੋਰਿਆਈ ਕਮਿਊਨੀਕੇਸ਼ਨ ਕਮਿਸ਼ਨ (KCC) Han Sang-hyuk ਨਾਲ ਮਿਲ ਕੇ ਵੀਡੀਓ ਕਾਨਫਰੰਸ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ। ਇਹ ਬਿਆਨ ਉਸ ਸਮੇਂ ਆਇਆ, ਜਦੋਂ Google ਨੇ ਸਾਊਥ ਕੋਰਿਆਈ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਕੋਵਿਡ-19 ਨਾਲ ਜੁੜੀਆਂ ਫ਼ਰਜ਼ੀ ਖ਼ਬਰਾਂ ਤੇ ਗ਼ਲਤ ਜਾਣਕਾਰੀਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ Google ਵੱਲੋਂ ਇਨ੍ਹਾਂ ਮਾਮਲਿਆਂ ਦੀ ਮੋਨੀਟਰਿੰਗ ਦੀ ਗੱਲ ਕਹੀ ਗਈ, ਨਾਲ ਹੀ ਕੋਰੀਆ ਵੱਲੋਂ ਇਸ ਮੁਹਿੰਮ 'ਚ Google ਨੂੰ ਸਪੋਰਟ ਕਰਨ ਦਾ ਵਾਅਦਾ ਕੀਤਾ ਗਿਆ।

ਪਿਛਲੇ ਮਹੀਨੇ Google ਨੇ ਕੋਰੀਆ 'ਚ ਆਪਣੇ ਯੂਟਿਊਬ ਪ੍ਰੀਮੀਅਮ ਸਰਵਿਸ ਦੇ ਸਬਸਕ੍ਰਿਪਸ਼ਨ ਮਾਡਲ 'ਚ ਸੁਧਾਰ ਕੀਤਾ ਹੈ। ਨਾਲ ਹੀ ਰੈਗਿਊਲੇਟਰ ਨੇ Google 'ਤੇ ਟੈਲੀਕਾਮ ਕਾਨੂੰਨ ਦੀ ਉਲੰਘਣਾ 'ਤੇ 7,20,000 ਡਾਲਰ ਦਾ ਜੁਰਮਾਨਾ ਵੀ ਲਾਇਆ ਸੀ। ਇਸ ਸਾਲ ਮਾਰਚ 'ਚ Alphabet ਤੇ Google ਦੇ ਸੀਈਓ ਸੁੰਦਰ ਪਿਚਾਈ ਨੇ ਕਿਹਾ ਸੀ ਕਿ ਕੰਪਨੀ ਨੇ ਯੂਟਿਊਬ ਤੋਂ ਹਜ਼ਾਰਾਂ ਦੀ ਗਿਣਤੀ 'ਚ ਅਜਿਹੀਆਂ ਵੀਡੀਓਜ਼ ਨੂੰ ਹਟਾਇਆ ਹੈ, ਜੋ ਖ਼ਤਰਨਾਕ ਸਨ ਤੇ ਗ਼ਲਤ ਸੂਚਨਾਵਾਂ ਦਿੰਦੀਆਂ ਸਨ। ਕੰਪਨੀ ਨੇ ਅਜਿਹੀਆਂ ਫ਼ਰਜ਼ੀ ਖ਼ਬਰਾਂ ਦੀ ਪਛਾਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਤ ਤਕਨੀਕ ਦਾ ਸਹਾਰਾ ਲਿਆ ਹੈ।

Posted By: Harjinder Sodhi