ਸਾਨ ਫਰਾਂਸਿਸਕੋ (ਆਈਏਐੱਨਐੱਸ) : ਅਮਰੀਕਾ 'ਚ ਅਗਲੀ ਰਾਸ਼ਟਰਪਤੀ ਚੋਣ ਨੂੰ ਮੱਦੇਨਜ਼ਰ ਰੱਖਦੇ ਹੋਏ ਫੇਸਬੁੱਕ ਨੇ ਛੇ ਮਹੀਨੇ ਦੌਰਾਨ ਆਪਣੇ ਪਲੇਟਫਾਰਮ ਤੋਂ 3.2 ਅਰਬ ਫ਼ਰਜ਼ੀ ਅਕਾਊਂਟ ਹਟਾਏ ਹਨ। ਦਿੱਗਜ ਸੋਸ਼ਲ ਨੈੱਟਵਰਕਿੰਗ ਸਾਈਟ ਨੇ ਕਿਹਾ ਹੈ ਕਿ ਫ਼ਰਜ਼ੀ ਅਕਾਊਂਟ ਬੰਦ ਕਰਨ ਦਾ ਕੰਮ ਅਪ੍ਰੈਲ ਤੋਂ ਸਤੰਬਰ ਵਿਚਕਾਰ ਕੀਤਾ ਗਿਆ।

ਫੇਸਬੁੱਕ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ਸਮੇਂ ਵਿਚ ਨਫ਼ਰਤ ਫੈਲਾਉਣ ਵਾਲੇ 1.14 ਕਰੋੜ ਪੋਸਟ ਵੀ ਹਟਾਏ ਗਏ। ਫੇਸਬੁੱਕ ਇਸ ਸਾਲ ਹੁਣ ਤਕ ਕੁਲ 5.4 ਅਰਬ ਅਕਾਊਂਟ ਹਟਾ ਚੁੱਕਾ ਹੈ। ਫੇਸਬੁੱਕ ਮੁਤਾਬਿਕ ਫ਼ਰਜ਼ੀ ਅਕਾਊਂਟ, ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਅਤੇ ਨਫ਼ਰਤ ਫੈਲਾਉਣ ਵਾਲੇ ਸੰਦੇਸ਼ਾਂ ਖ਼ਿਲਾਫ਼ ਚਲਾਈ ਜਾ ਰਹੀ ਇਸ ਮੁਹਿੰਮ ਨੂੰ ਕੰਪਨੀ ਨੇ ਨਵੀਂ ਤਕਨੀਕ ਨਾਲ ਅੰਜਾਮ ਦਿੱਤਾ ਹੈ। ਮਸ਼ੀਨ ਲਰਨਿੰਗ 'ਤੇ ਆਧਾਰਤ ਇਹ ਤਕਨੀਕ ਫ਼ਰਜ਼ੀ ਤਰੀਕੇ ਨਾਲ ਖੋਲ੍ਹੇ ਗਏ ਅਕਾਊਂਟ ਦੀ ਤੁਰੰਤ ਪਛਾਣ ਕਰ ਲੈਂਦੀ ਹੈ। ਫੇਸਬੁੱਕ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਨਵੀਂ ਤਕਨੀਕ ਰਾਹੀਂ ਨਫ਼ਰਤ ਫੈਲਾਉਣ ਵਾਲੇ ਪੋਸਟ ਦੀ ਵੀ ਪਛਾਣ ਕਰ ਲਈ ਜਾਂਦੀ ਹੈ। ਨਫ਼ਰਤ ਫੈਲਾਉਣ ਦੇ ਸ਼ੱਕ ਦੇ ਦਾਇਰੇ ਵਿਚ ਆਏ ਪੋਸਟ ਦੀ ਸਮੀਖਿਆ ਲਈ ਭੇਜ ਦਿੱਤਾ ਜਾਂਦਾ ਹੈ।

Posted By: Rajnish Kaur