ਨੈਨੀਤਾਲ, ਨਈ ਦੁਨੀਆ : Comet Near Earth: ਕਰੋੜਾਂ ਸਾਲ ਪਹਿਲਾਂ ਸਾਡੀ ਧਰਤੀ ਤੋਂ ਡਾਇਨਾਸੋਰ ਵਰਗੀਆਂ ਖ਼ਤਰਨਾਕ ਪ੍ਰਜਾਤੀ ਨੂੰ ਖਤਮ ਕਰਨ ਵਾਲਾ ਇਕ ਪੂਛਲ ਤਾਰਾ (Comet) ਸੂਰਜ ਦੀ ਦਿਸ਼ਾ 'ਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਫਿਲਹਾਲ ਇਹ ਪੂਛਲ ਤਾਰਾ ਧਰਤੀ ਦੇ ਨੇੜਿਓਂ ਲੰਘਣ ਵਾਲਾ ਹੈ ਅਤੇ ਦਸੰਬਰ ਮਹੀਨੇ 'ਚ ਇਸ ਨੂੰ ਨੰਗੀਆਂ ਅੱਖਾਂ ਨਾਲ ਵੇਖਿਆ ਜਾ ਸਕਦਾ ਹੈ। ਜਿਵੇਂ-ਜਿਵੇਂ ਇਹ ਪੂਛਲ ਤਾਰਾ ਸੂਰਜ ਵੱਲ ਵਧਣ ਜਾ ਰਿਹਾ ਹੈ, ਆਸਮਾਨ 'ਚ ਖ਼ੂਬਸੂਰਤੀ ਖਿਲਾਰ ਰਿਹਾ ਹੈ। ਇਸ ਪੂਛਲ ਤਾਰੇ ਦਾ ਨਾਂ ਵਿਗਿਆਨੀਆਂ ਨੇ ਇਰਾਸਮੁਸ-ਸੀ 2020ਐੱਸ3 ਰੱਖਿਆ ਹੈ। ਦਸੰਬਰ 'ਚ ਇਹ ਪੂਛਲ ਤਾਰਾ ਬੁੱਧ ਗ੍ਰਹਿ ਦੇ ਨੇੜਿਓਂ ਜਾਣ ਲੱਗੇਗਾ, ਉਦੋਂ ਇਸ ਨੂੰ ਨੰਗੀਆਂ ਅੱਖਾਂ ਨਾਲ ਵੀ ਵੇਖਿਆ ਜਾ ਸਕੇਗਾ। ਪੁਲਾੜ ਵਿਗਿਆਨੀ ਹੁਣ ਇਸ ਆਸਮਾਨੀ ਘਟਨਾ ਦਾ ਅਧਿਐਨ ਕਰਨ ਲਈ ਤਿਆਰੀ 'ਚ ਜੁਟ ਗਏ ਹਨ।


ਲੰਬੀ ਪੂਛ ਵਾਲੇ ਹੁੰਦੇ ਹਨ ਪੂਛਲ ਤਾਰੇ

ਆਰੀਆ ਭੱਟ ਪ੍ਰੀਖਣ ਵਿਗਿਆਨ ਸੋਧ ਸੰਸਥਾ (ਏਰੀਜ) ਨੈਨੀਤਾਲ ਦੇ ਪੁਲਾੜ ਵਿਗਿਆਨੀ ਡਾ. ਸ਼ਸ਼ੀਭੂਸ਼ਣ ਪਾਂਡੇ ਨੇ ਦੱਸਿਆ ਕਿ ਲੰਬੀ ਪੂਛ ਵਾਲੇ ਪੂਛਲ ਤਾਰੇ ਵੀ ਸੂਰਜ ਦੀ ਪਰਿਕਰਮਾ ਕਰਕੇ ਵਾਪਸ ਆਪਣੇ ਰਸਤੇ ਅੱਗੇ ਵਧ ਜਾਂਦੇ ਹਨ। ਪੂਛਲ ਤਾਰੇ ਸਾਡੇ ਸੌਰਮੰਡਲ ਦੇ ਆਖ਼ਰੀ ਕਿਨਾਰੇ ਦੇ ਅਬਜੈਕਟ ਹਨ। ਜਦੋਂ ਇਹ ਸੂਰਜ ਦੇ ਨੇੜੇ ਪਹੁੰਚਣ ਲੱਗਦੇ ਹਨ ਤਾਂ ਇਨ੍ਹਾਂ ਦੀ ਪੂਛ ਜਿਹੀ ਨਿਕਲ ਆਉਂਦੀ ਹੈ, ਜੋ ਕਈ ਲੱਖ ਕਿਲੋਮੀਟਰ ਲੰਬੀ ਹੋ ਕੇ ਚਮਕਦਾਰ ਹੋਣ ਲੱਗੀ ਹੈ।

ਪਾਂਡੇ ਨੇ ਦੱਸਿਆ ਕਿ ਹਾਲ ਦੇ ਦਿਨਾਂ 'ਚ ਇਰਾਸਮੁਸ-ਸੀ 2020ਐੱਸ3 ਨਾਂ ਦਾ ਪੂਛਲ ਤਾਰਾ ਸਾਡੇ ਨੇੜੇ ਆ ਪਹੁੰਚਿਆ ਹੈ। ਸਤੰਬਰ 'ਚ ਦੱਖਣੀ ਅਫ਼ਰੀਕਾ ਦੇ ਐਸਟ੍ਰੋਨੋਮਰ ਨਿਕੋਲਸ ਇਰਾਮੁਸ ਨੇ ਇਸ ਨੂੰ ਪਹਿਲੀ ਵਾਰ ਵੇਖਿਆ ਅਤੇ ਉਨ੍ਹਾਂ ਦੇ ਹੀ ਨਾਂ 'ਤੇ ਇਸ ਦਾ ਨਾਮਕਰਨ ਕੀਤਾ ਗਿਆ ਹੈ। ਫਿਲਹਾਲ ਇਸ ਪੂਛਲ ਤਾਰੇ ਨੂੰ ਟੈਲੀਸਕੋਪ ਦੀ ਮਦਦ ਨਾਲ ਵੇਆਿ ਜਾ ਸਕਦਾ ਹੈ। ਦਸੰਬਰ 'ਚ ਇਹ ਬੁੱਧ ਗ੍ਰਹਿ ਦੇ ਕਾਫ਼ੀ ਨੇੜੇ ਪਹੁੰਚਣ ਵਾਲਾ ਹੈ, ਉਦੋਂ ਇਹ ਨੰਗੀਆਂ ਅੱਖਾਂ ਨਾਲ ਵੇਖਿਆ ਜਾ ਸਕੇਗਾ।

ਪੂਛਲ ਤਾਰਿਆਂ ਦੇ ਮਲਬੇ ਨਾਲ ਹੁੰਦੀ ਹੈ ਉਲਕਾ ਵਰਖਾ

ਵਿਗਿਆਨੀਆਂ ਅਨੁਸਾਰ, ਲੰਬੀ ਪੂਛ ਬਣਾਉਣ ਵਾਲੇ ਪੂਛਲ ਤਾਰੇ ਖ਼ਗੋਲੀ ਘਟਨਾਵਾ ਦੇ ਲਿਹਾਜ਼ ਨਾਲ ਦੂਹਰੇ ਆਕਰਸ਼ਣ ਦਾ ਕੇਂਦਰ ਹੁੰਦੇ ਹਨ। ਜਦੋਂ ਇਹ ਸੂਰਜ ਦੇ ਨੇੜੇ ਪਹੁੰਚਦੇ ਹਨ ਤਾਂ ਇਨ੍ਹਾਂ ਦੀ ਲੰਬੀ ਚਮਕਦਾਰ ਪੂਛ ਕਾਫ਼ੀ ਸੁੰਦਰ ਲੱਗਦੀ ਹੈ। ਇਸ ਤੋਂ ਇਲਾਵਾ ਇਹ ਧਰਤੀ ਦੇ ਰਸਤੇ 'ਤੇ ਧੂੜ ਤੇ ਕਣਾਂ ਦਾ ਮਲਬਾ ਛੱਡ ਜਾਂਦੇ ਹਨ। ਜਦੋਂ ਇਹ ਧਰਤੀ ਦੇ ਗੁਰੂਤਾਆਕਰਸ਼ਣ ਦੇ ਸੰਪਰਕ 'ਚ ਆਉਂਦੇ ਹਨ ਤਾਂ ਮਲਬੇ ਦੇ ਕਣ ਧਰਤੀ ਦੇ ਵਾਤਾਵਰਨ 'ਚ ਸੜ ਜਾਂਦੇ ਹਨ। ਜਿਸ ਕਾਰਨ ਆਸਮਾਨੀ ਆਤਿਸ਼ਬਾਜ਼ੀ ਵੇਖਣ ਨੂੰ ਮਿਲਦੀ ਹੈ, ਜਿਸ ਨੂੰ ਉਲਕਾ ਵਰਖਾ ਵੀ ਕਿਹਾ ਜਾਂਦਾ ਹੈ।

ਪੂਛਲ ਤਾਰਿਆਂ ਕਾਰਨ ਖ਼ਤਮ ਹੋ ਗਏ ਸਨ ਡਾਇਨਾਸੋਰ

ਪੂਛਲ ਤਾਰਿਆਂ ਅਤੇ ਨਿੱਕੇ ਤਾਰਿਆਂ ਦੀ ਇਕ ਵਿਸ਼ੇਸ਼ ਕਲਾਸ ਹੁੰਦੀ ਹੈ ਅਤੇ ਇਹ ਉਸੇ 'ਚ ਸੂਰਜ ਦੀ ਪਰਿਕਰਮਾ ਕਰਦੇ ਹਨ। ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਨਾ ਦੇ ਬਰਾਬਰ ਹੁੰਦੀ ਹੈ। ਪਿਛਲੀ ਵਾਰ 6 ਕਰੋੜ 60 ਲੱਖ ਸਾਲ ਪਹਿਲਾਂ ਇਕ ਨਿੱਕਾ ਤਾਰਾ ਧਰਤੀ ਨਾਲ ਟਕਰਾਇਆ ਸੀ, ਜਿਸ ਕਾਰਨ ਡਾਇਨਾਸੋਰ ਪ੍ਰਜਾਤੀ ਦਾ ਧਰਤੀ ਤੋਂ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ ਸੀ।

ਕਈ ਵਾਰ ਇਹ ਸ਼ੱਕ ਪ੍ਰਗਟਾਇਆ ਜਾਂਦਾ ਹੈ ਕਿ ਕੋਈ ਪੂਛਲ ਤਾਰਾ ਧਰਤੀ ਨਾਲ ਟਕਰਾ ਸਕਦਾ ਹੈ। ਇਸ ਦਾ ਕਾਰਨ ਇਹ ਹੁੰਦਾ ਹੈ ਕਿ ਪੂਛਲ ਤਾਰੇ ਬਹੁਤ ਲੰਬੇ ਸਮੇਂ ਬਾਅਦ ਸੂਰਜ ਦੇ ਨੇੜੇ ਆਉਂਦੇ ਹਨ ਅਤੇ ਉਸੇ ਸਮੇਂ ਇਹ ਧਰਤੀ ਦੇ ਨੇੜਿਓਂ ਵੀ ਲੰਘਦੇ ਹਨ। ਪਰ ਇਨ੍ਹਾਂ ਦਾ ਰਸਤਾ ਵੱਖਰਾ ਹੁੰਦਾ ਹੈ। ਵੈਸੇ ਤਾਂ ਨਾਸਾ ਅਤੇ ਦੁਨੀਆ ਦੀਆਂ ਪੁਲਾੜ ਏਜੰਸੀਆਂ ਇਨ੍ਹਾਂ ਖਗੋਲੀ ਪਿੰਡਾਂ 'ਤੇ ਨਜ਼ਰ ਰੱਖਦੀਆਂ ਹਨ, ਪਰ ਅਜੇ ਤਕ ਕਿਸੇ ਨੇ ਇਹ ਨਹੀਂ ਵੇਖਿਆ ਕਿ ਕੋਈ ਪਿੰਡ ਧਰਤੀ ਨਾਲ ਟਕਰਾਉਣ ਵਾਲਾ ਹੈ।

Posted By: Jagjit Singh