ਮਨੀਸ਼ ਸ਼ਰਮਾ, ਜਲੰਧਰ : ਘਰ 'ਚ ਮਾਰੂਤੀ 800 ਕਾਰ ਖ਼ਰਾਬ ਪਈ ਸੀ। ਰਿਪੇਅਰ 'ਤੇ ਕਾਫ਼ੀ ਖ਼ਰਚ ਆ ਰਿਹਾ ਸੀ। ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਦਵਿੰਦਰ ਸਿੰਘ ਤੇ ਉਨ੍ਹਾਂ ਦੇ ਦੋਸਤ ਸਿਮਰਨ ਸਿੰਘ ਨੇ ਇਸ ਤੋਂ ਬਾਈਕ ਬਣਾਉਣ ਬਾਰੇ ਸੋਚਿਆ। ਦੋਵੇਂ ਦੋਸਤ ਭੋਗਪੁਰ ਦੇ ਪਿੰਡ ਗੇਹਲੜਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਲਾਕਡਾਊਨ 'ਚ ਇਕ ਮਹੀਨੇ ਦੌਰਾਨ ਹੀ ਲਗਜ਼ਰੀ ਬਾਈਕ 'ਡ੍ਰੈਕੁਲਾ' ਤਿਆਰ ਕਰ ਲਈ। ਉਨ੍ਹਾਂ ਦੀ ਇਹ ਨਵੀਂ ਬਾਈਕ 20 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇ ਰਹੀ ਹੈ। ਇਸਦੀ ਸਪੀਡ ਵੀ 200 ਕਿਲੋਮੀਟਰ ਪ੍ਰਤੀ ਘੰਟੇ ਤਕ ਜਾ ਸਕਦੀ ਹੈ। ਪਿੰਡ ਦੇ ਲੋਕਾਂ ਲਈ ਵੀ ਇਹ ਬਾਈਕ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਘਰ ਦੇ ਲੋਕ ਵੀ ਉਨ੍ਹਾਂ ਦੀ ਕਾਮਯਾਬੀ ਤੋਂ ਖ਼ੁਸ਼ ਹਨ।

ਜਲੰਧਰ ਦੇ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ੰਸ ਤੋਂ ਮਕੈਨੀਕਲ ਇੰਜੀਨੀਅਰਿੰਗ 'ਚ ਬੀਟੈੱਕ ਕਰ ਰਹੇ ਦਵਿੰਦਰ ਸਿੰਘ ਨੇ ਦੱਸਿਆ ਕਿ ਮੈਨੂੰ ਘਰ 'ਚ ਪਈ ਕਾਰ ਦੀ ਰਿਪੇਅਰਿੰਗ ਦਾ ਖ਼ਰਚਾ ਵੇਖ ਇਹ ਆਈਡੀਆ ਆਇਆ ਕਿ ਇਸ ਦੀ ਬਾਈਕ ਬਣਾਈ ਜਾ ਸਕਦੀ ਹੈ। ਅਸੀਂ ਇਸ ਦੇ ਮਾਹਿਰਾਂ ਨਾਲ ਗੱਲਬਾਤ ਕੀਤੀ। ਫਿਰ ਇੰਟਰਨੈੱਟ 'ਤੇ ਵੀ ਇਸ ਬਾਰੇ ਸਰਚ ਕੀਤੀ ਕਿ ਇਹ ਸੰਭਵ ਹੈ ਵੀ ਜਾਂ ਨਹੀਂ। ਸਾਨੂੰ ਸਕਾਰਾਤਮਕ ਨਤੀਜੇ ਮਿਲੇ ਤਾਂ ਅਸੀਂ ਇਸ ਕੰਮ 'ਚ ਜੁਟ ਗਏ। ਫਿਰ ਇਸਦਾ ਡਿਜ਼ਾਈਨ, ਸਪੈਸੀਫਿਕੇਸ਼ਨ ਤੇ ਕੰਸੈਪਟ ਤਿਆਰ ਕਰਨ ਤੋਂ ਬਾਅਦ ਬਾਈਕ ਬਣਾਉਣੀ ਸ਼ੁਰੂ ਕਰ ਦਿੱਤੀ।

ਮੰਡੀ ਗੋਬਿੰਦਗੜ੍ਹ ਦੀ ਦੇਸ਼ਭਗਤ ਯੂਨੀਵਰਸਿਟੀ ਤੋਂ ਐਰੋਨਾਟੀਕਲ ਇੰਜੀਨੀਅਰਿੰਗ 'ਚ ਬੀਟੈੱਕ ਕਰ ਰਹੇ ਹਰਸਿਮਰਨ ਸਿੰਘ ਕਹਿੰਦੇ ਹਨ ਕਿ ਅਸੀਂ ਬਚਪਨ ਤੋਂ ਹੀ ਹਾਈਐਂਡ ਬਾਈਕਸ ਦੇ ਦੀਵਾਨੇ ਹਾਂ। ਦਵਿੰਦਰ ਦੀ ਖ਼ਾਹਿਸ਼ ਹਾਰਲੇ ਡੇਵਿਡਸਨ ਬਾਈਕ ਖ਼ਰੀਦਣ ਦੀ ਸੀ, ਪਰ ਕੁਝ ਨਿੱਜੀ ਕਾਰਨਾਂ ਕਰਕੇ ਇਹ ਸੰਭਵ ਨਹੀਂ ਹੋ ਸਕਿਆ। ਇਸ ਲਈ ਮਾਰੂਤੀ ਕਾਰ ਨੂੰ ਲਗਜ਼ਰੀ ਬਾਈਕ 'ਚ ਬਦਲ ਕੇ ਸੁਪਨਾ ਸਾਕਾਰ ਕਰ ਦਿੱਤਾ। ਇਸ ਲਈ ਉਨ੍ਹਾਂ ਨੇ ਪਿੰਡ 'ਚ ਹੀ ਇਕ ਮਹੀਨੇ ਲਈ 35 ਹਜ਼ਾਰ ਖ਼ਰਚ ਕਰ ਕੇ ਇਕ ਵਰਕਸ਼ਾਪ ਵੀ ਕਿਰਾਏ 'ਤੇ ਲਈ।

ਕਾਨੂੰਨੀ ਤੌਰ 'ਤੇ ਗੱਡੀਆਂ ਦੀ ਮੌਡੀਫਿਕੇਸ਼ਨ ਗ਼ਲਤ ਹੈ?

ਇਸ ਸਵਾਲ 'ਤੇ ਦਵਿੰਦਰ ਤੇ ਹਰਸਿਮਰਨ ਕਹਿੰਦੇ ਹਨ ਕਿ ਪਹਿਲਾਂ ਸਾਨੂੰ ਇਸ ਬਾਰੇ ਪਤਾ ਨਹੀਂ ਸੀ, ਪਰ ਸਾਡੀ ਇਸ ਕੰਮ 'ਚ ਬਹੁਤ ਦਿਲਚਸਪੀ ਹੈ। ਪੜ੍ਹਾਈ ਤੋਂ ਬਾਅਦ ਅਸੀਂ ਵਿਦੇਸ਼ ਜਾ ਕੇ ਗੱਡੀਆਂ ਦੀ ਮੌਡੀਫਿਕੇਸ਼ਨ 'ਚ ਕਰੀਅਰ ਬਣਾਵਾਂਗੇ।

ਇੰਝ ਬਣੀ ਲਗਜ਼ਰੀ ਬਾਈਕ 'ਡ੍ਰੈਕੁਲਾ'

ਲਗਜ਼ਰੀ ਬਾਈਕ ਲਈ ਇੰਜਣ ਤਾਂ ਮਾਰੂਤੀ 800 ਦਾ ਮਿਲ ਗਿਆ, ਪਰ ਉਸ ਨੂੰ ਬਾਈਕ ਦੀ ਦਿੱਖ ਦੇਣ ਲਈ ਵੀ ਸਾਮਾਨ ਚਾਹੀਦਾ ਸੀ। ਇਸ ਲਈ ਇਸ 'ਚ ਬ੍ਰੇਕ, ਚੈਸੀ, ਫਰੰਟ ਸ਼ਾਕਰ, ਹੈਂਡਲ ਤੇ ਸੀਟ ਬਜਾਜ ਪਲਸਰ ਦੀ ਇਸਤੇਮਾਲ ਕੀਤੀ। ਹੈੱਡਲਾਈਟ ਤੇ ਮਡਗਾਰਡ ਯਾਮਾਹਾ ਦਾ ਤੇ ਰਿਮ, ਚੈਨਸੈੱਟ ਤੇ ਸਪੀਡੋਮੀਟਰ ਬੁਲਟ ਦੇ ਲਗਾਏ। ਇਸ 'ਚ ਰੇਡੀਏਟਰ ਤੇ ਕੂਿਲੰਗ ਫੈਨ ਟਾਟਾ ਏਸ ਦਾ ਇਸਤੇਮਾਲ ਕੀਤਾ ਗਿਆ ਹੈ।