ਜੇਐੱਨਐੱਨ, ਨਵੀਂ ਦਿੱਲੀ : ਡਰਾਈਵਿੰਗ ਲਾਇਸੈਂਸ ਨਾਲ ਜੁੜੇ ਨਿਯਮਾਂ 'ਚ ਬਦਲਾਅ ਹੋ ਰਿਹਾ ਹੈ। ਇਸ ਲਈ ਜੇਕਰ ਤੁਸੀਂ ਵੀ ਗੱਡੀ ਚਲਾਉਂਦੇ ਹੋ ਤੇ ਤੁਹਾਡਾ ਲਾਇਸੈਂਸ ਜਲਦ ਹੀ ਐਕਸਪਾਇਰ ਹੋਣ ਵਾਲਾ ਹੈ ਤਾਂ ਤੁਹਾਨੂੰ ਇਸ ਨਾਲ ਜੁੜੀ ਜ਼ਰੂਰੀ ਜਾਣਕਾਰੀ ਦੇ ਰਹੇ ਹਾਂ। ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਦੇ ਐਕਸਪਾਇਰ ਹੋਣ ਦੇ ਇਕ ਸਾਲ ਦੇ ਅੰਦਰ ਆਪਣਾ ਲਾਇਸੈਂਸ ਰੀਨਿਊ ਨਹੀਂ ਕਰਵਾਉਂਦੇ ਤਾਂ ਤੁਹਾਨੂੰ ਹੁਣ ਮੁੜ ਪੂਰੀ ਪ੍ਰਕਿਰਿਆ ਦੁਬਾਰਾ ਸ਼ੁਰੂ ਕਰਨੀ ਪਵੇਗੀ। ਡਰਾਈਵਿੰਗ ਲਾਇਸੈਂਸ ਰੀਨਿਊ ਕਰਵਾਉਣ ਲਈ ਦੁਬਾਰਾ ਤੋਂ ਲਰਨਿੰਗ ਦੀ ਪ੍ਰਕਿਰਿਆ 'ਚੋਂ ਗੁਜ਼ਰਨਾ ਪਵੇਗਾ ਤੇ 20 ਅੰਕਾਂ ਦੇ ਕੰਪਿਊਟਰਾਈਜ਼ਟ ਟੈਸਟ ਨੂੰ ਪਾਸ ਕਰ ਕੇ ਲਰਨਿੰਗ ਲਾਇਸੈਂਸ ਹਾਸਿਲ ਕਰਨਾ ਪਵੇਗਾ ਤੇ ਪਰਮਾਨੈਂਟ ਡਰਾਈਵਿੰਗ ਲਾਇਸੈਂਸ ਟੈਸਟ ਲਈ 30 ਦਿਨਾਂ ਦਾ ਇੰਤਜ਼ਾਰ ਕਰਨਾ ਪਵੇਗਾ।

ਮੌਜੂਦਾ ਸਮੇਂ ਜੇਕਰ ਤੁਸੀਂ ਐਕਸਪਾਇਰ ਹੋ ਚੁੱਕੇ ਡਰਾਈਵਿੰਗ ਲਾਇਸੈਂਸ ਨਾਲ ਡਰਾਈਵਿੰਗ ਕਰਦੇ ਹੋਏ ਫੜੇ ਜਾਂਦੇ ਹੋ ਤਾਂ 500 ਰੁਪਏ ਦਾ ਜੁਰਮਾਨਾ ਦੇਣਾ ਪਵੇਗਾ। ਡਰਾਈਵਿੰਗ ਲਾਇਸੈਂਸ ਐਕਸਪਾਇਰ ਹੋਣ ਤੋਂ ਬਾਅਦ ਉਨ੍ਹਾਂ ਬਿਨੈਕਾਰਾਂ ਨੂੰ ਆਮ ਬਿਨੈਕਾਰ ਵਾਂਗ ਲਾਈਨ 'ਚ ਲੱਗ ਕੇ ਉਸ ਪ੍ਰਕਿਰਿਆ ਦੀ ਪਾਲਣਾ ਕਰਨੀ ਪਵੇਗੀ। ਉਨ੍ਹਾਂ ਨੂੰ ਕੋਈ ਸਪੈਸ਼ਲ ਟ੍ਰੀਟਮੈਂਟ ਨਹੀਂ ਦਿੱਤਾ ਜਾਵੇਗਾ ਤੇ ਪਰਮਾਨੈਂਟ ਡਰਾਈਵਿੰਗ ਲਾਇਸੈਂਸ ਹਾਸਿਲ ਕਰਨ ਲਈ ਇਕ ਮਹੀਨੇ ਦਾ ਇੰਤਜ਼ਾਰ ਕਰਨਾ ਪਵੇਗਾ, ਜਿਸ ਵਿਚ ਕੋਈ ਛੋਟ ਨਹੀਂ ਮਿਲੇਗੀ। RTO 'ਚ ਇਸ ਦੇ ਲਈ ਬਿਨੈਕਾਰ ਮੁੜ ਪਛਾਣ ਤੇ ਰਿਹਾਇਸ਼ੀ ਪ੍ਰਮਾਣ ਵਰਗੇ ਦਸਤਾਵੇਜ਼ ਅਪਲੋਡ ਕਰਨ ਲਈ ਕਿਹਾ ਜਾਵੇਗਾ ਤੇ ਬਾਇਓਮੈਟ੍ਰਿਕਸ ਲਿਆ ਜਾਵੇਗਾ।

ਦੇਸ਼ ਵਿਚ ਹਰ ਸੂਬੇ 'ਚ ਅਲੱਗ-ਅਲੱਗ ਡਰਾਈਵਿੰਗ ਲਾਇਸੈਂਸ ਬਣਦੇ ਹਨ ਜਿਹੜੇ ਰੰਗ, ਰੂਪ ਤੇ ਅਕਾਰ 'ਚ ਅਲੱਗ-ਅਲੱਗ ਹੋ ਸਕਦੇ ਹਨ ਪਰ ਦੇਸ਼ ਦੀ ਸਰਕਾਰ ਡਰਾਈਵਿੰਗ ਲਾਇਸੈਂਸ ਨਾਲ ਜੁੜੇ ਨਿਯਮਾਂ 'ਚ 1 ਅਕਤੂਬਰ, 2019 ਤੋਂ ਬਦਲਾਅ ਕਰ ਰਿਹਾ ਹੈ। ਇਸ ਨਿਯਮ ਤੋਂ ਬਾਅਦ ਸਾਰੇ ਲੋਕਾਂ ਨੂੰ ਆਪਣੇ ਡਰਾਈਵਿੰਗ ਲਾਇਸੈਂਸ ਬਦਲਵਾਉਣਾ ਪਵੇਗਾ। ਫਿਲਹਾਲ ਭਾਰਤ ਦੇ ਸਾਰੇ ਸੂਬਿਆਂ 'ਚ ਡਰਾਈਵਿੰਗ ਲਾਇਸੈਂਸ ਅਲੱਗ-ਅਲੱਗ ਹੁੰਦਾ ਹੈ ਪਰ ਇਸ ਨਿਯਮ ਤੋਂ ਬਾਅਦ ਦੇਸ਼ ਵਿਚ ਡਰਾਈਵਿੰਗ ਲਾਇਸੈਂਸ ਇੱਕੋ ਜਿਹਾ ਹੋਵੇਗਾ। ਹੁਣ ਹਰੇਕ ਸੂਬੇ 'ਚ ਡਰਾਈਵਿੰਗ ਲਾਇਸੈਂਸ ਅਲੱਗ-ਅਲੱਗ ਰੰਗ ਦੇ ਨਾ ਹੋ ਕੇ ਇੱਕੋ ਜਿਹੇ ਹੋਣਗੇ। ਡਰਾਈਵਿੰਗ ਲਾਇਸੈਂਸ 'ਚ ਸਾਰੀ ਜਾਣਕਾਰੀ ਇੱਕੋ ਜਗ੍ਹਾ ਰਹੇਗੀ।

Posted By: Seema Anand