ਜੇਐੱਨਐੱਨ, ਨਵੀਂ ਦਿੱਲੀ : ਦੂਰਸੰਚਾਰ ਵਿਭਾਗ (DoT) ਨੇ ਮੋਬਾਈਲ ਫੋਨ ਚੋਰੀ ਹੋਣ ਜਾਂ ਗੁਆਚਣ 'ਤੇ ਰਿਪੋਰਟ ਕਰਨ ਲਈ ਵੈੱਬਸਾਈਟ ਲਾਂਚ ਕਰ ਦਿੱਤੀ ਹੈ। ਇਸ ਨਵੀਂ ਵੈੱਬਸਾਈਟ ਜ਼ਰੀਏ ਮੋਬਾਈਲ ਯੂਜ਼ਰਜ਼ ਆਸਾਨੀ ਨਾਲ ਮੋਬਾਈਲ ਫੋਨ ਟ੍ਰੇਸ ਕਰ ਸਕਣਗੇ। ਦੂਰਸੰਚਾਰ ਵਿਭਾਗ ਨੇ CEIR (ਸੈਂਟ੍ਰਲ ਇਕਵੀਪਮੈਂਟ ਆਇਡੈਂਟਿਟੀ ਰਜਿਸਟਰ) ਪੋਰਟਲ ਲਾਂਚ ਕਰ ਦਿੱਤਾ ਹੈ। ਇਸ ਪਲੈਟਫਾਰਮ ਨੂੰ ਪਾਇਲਟ ਪ੍ਰਾਜੈਕਟ ਵਜੋਂ ਸਭ ਤੋਂ ਪਹਿਲਾਂ ਮਹਾਰਾਸ਼ਟਰ ਲਈ ਲਾਂਚ ਕੀਤਾ ਗਿਆ ਹੈ। ਬਾਅਦ 'ਚ ਇਸ ਪ੍ਰਾਜੈਕਟ ਨੂੰ ਦੇਸ਼ ਭਰ ਦੇ ਮੋਬਾਈਲ ਯੂਜ਼ਰਜ਼ ਲਈ ਲਾਂਚ ਕੀਤਾ ਜਾਵੇਗਾ।

ਦੂਰਸੰਚਾਰ ਵਿਭਾਗ (DoT) ਇਸ ਪਾਇਲਟ ਪ੍ਰੋਜੈਕਟ 'ਤੇ 2017 ਤੋਂ ਕੰਮ ਕਰ ਰਿਹਾ ਹੈ। ਇਸ ਪ੍ਰੋਜੈਕਟ 'ਚ ਗਲੋਬਲ IMEI (ਇੰਟਰਨੈਸ਼ਨਲ ਮੋਬਾਈਲ ਇਕਵੀਪਮੈਂਟ ਆਇਡੈਂਟਿਟੀ) ਨੰਬਰ ਫੀਡ ਕੀਤਾ ਜਾ ਰਿਹਾ ਹੈ ਜਿਸ ਦੀ ਮਦਦ ਨਾਲ ਕਲੋਨ ਕੀਤੇ ਗਏ IMEI ਨੂੰ ਟ੍ਰੇਸ ਕੀਤਾ ਜਾ ਸਕੇਗਾ। ਕੇਂਦਰ ਸਰਕਾਰ ਨੇ 2017 'ਚ ਇਸ ਪਾਇਲਟ ਪ੍ਰੋਜੈਕਟ ਦਾ ਐਲਾਨ ਕੀਤਾ ਸੀ ਜਿਸ ਤਹਿਤ ਯੂਜ਼ਰਜ਼ CEIR ਪਲੈਟਫਾਰਮ 'ਤੇ ਆਪਣੇ ਗੁਆਚੇ ਮੋਬਾਈਲ ਦੀ ਰਿਪੋਰਟ ਕਰ ਸਕਣਗੇ। ਇਸ ਪੋਰਟਲ 'ਤੇ ਦਰਜ ਡਾਟਾਬੇਸ ਦੇ ਆਧਾਰ 'ਤੇ ਮੋਬਾਈਲ ਚੋਰੀ ਹੋਣ ਜਾਂ ਗੁਆਚਣ 'ਤੇ ਟ੍ਰੇਸ ਕੀਤਾ ਜਾ ਸਕੇਗਾ।

ਦੂਰਸੰਚਾਰ ਮੰਤਰਾਲੇ ਨੇ 2017 ਤੋਂ 15 ਡਿਜਿਟ ਦੇ ਗਲੋਬਲ IMEI ਨੰਬਰ ਨੂੰ ਇਸ ਡਾਟਾਬੇਸ 'ਚ ਫੀਡ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਪਲੈਟਫਾਰਮ 'ਤੇ ਯੂਜ਼ਰਜ਼ ਆਪਣੇ ਗੁਆਚੇ ਜਾਂ ਚੋਰੀ ਹੋਏ ਮੋਬਾਈਲ ਨੰਬਰ ਨੂੰ ਬਲਾਕ ਕਰ ਸਕਣਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਵਿੱਤੀ ਹਾਨੀ ਨਾ ਪਹੁੰਚੇ। ਅੱਜਕਲ੍ਹ ਯੂਜ਼ਰਜ਼ ਆਪਣੇ ਸਮਾਰਟਫੋਨ 'ਚ ਬੈਂਕ ਡਿਟੇਲਜ਼ ਤੋਂ ਲੈ ਕੇ ਤਰ੍ਹਾਂ ਦੀਆਂ ਨਿੱਜੀ ਜਾਣਕਾਰੀਆਂ ਰੱਖਦੇ ਹਨ। ਅਜਿਹੇ ਵਿਚ ਇਸ ਪੋਰਟਲ ਦੇ ਸ਼ੁਰੂ ਹੋ ਜਾਣ ਤੋਂ ਬਾਅਦ ਚੋਰੀ ਕੀਤੇ ਗਏ ਸਮਾਰਟਫੋਨ ਨੂੰ ਐਕਸੈੱਸ ਕਰਨਾ ਮੁਸ਼ਕਲ ਹੋ ਜਾਵੇਗਾ।

CEIR ਕਿਵੇਂ ਕਰਦਾ ਹੈ ਕੰਮ

ਦੂਰਸੰਚਾਰ ਵਿਭਾਗ ਦੇ ਇਸ ਨਵੇਂ ਪੋਰਟਲ 'ਤੇ ਸਾਰੇ ਹੈਂਡਸੈੱਟਸ ਦੀ ਜਾਣਕਾਰੀ ਉਪਲਬਧ ਹੈ। ਇਸ ਵਿਚ ਹੈਂਡਸੈੱਟ ਨੂੰ ਵ੍ਹਾਈਟ, ਗ੍ਰੇਅ ਤੇ ਬਲੈਕਲਿਸਟ ਕੀਤਾ ਗਿਆ ਹੈ। ਇਸ ਲਿਸਟ 'ਚ ਵ੍ਹਾਈਟ IMEI ਵਾਲੇ ਮੋਬਾਈਲ ਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੋ। ਗ੍ਰੇਅ ਲਿਸਟ ਵਾਲੇ ਡਿਵਾਈਸ ਸਟੈਂਡਰਡ ਮੁਤਾਬਿਕ ਤਾਂ ਨਹੀਂ ਪਰ ਇਨ੍ਹਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਗ੍ਰੇਅ ਲਿਸਟ ਵਾਲੇ ਡਿਵਾਈਸ ਨੂੰ ਮਾਨੀਟਰ ਕੀਤਾ ਜਾਵੇਗਾ ਉੱਥੇ ਹੀ ਬਲੈਕਲਿਸਟ ਵਾਲੇ IMEI ਨੂੰ ਯੂਜ਼ਰਜ਼ ਇਸਤੇਮਾਲ ਨਹੀਂ ਕਰ ਸਕਦੇ। ਬਲੈਕਲਿਸਟ IMEI ਵਾਲੇ ਡਿਵਾਈਸ ਨੂੰ ਮੋਬਾਈਲ ਨੈੱਟਵਰਕ ਕੁਨੈਕਟ ਕਰਨ ਦਾ ਐਕਸੈੱਸ ਨਹੀਂ ਹੋਵੇਗਾ।

ਮੋਬਾਈਲ ਫੋਨ ਗੁਆਚਣ ਜਾਂ ਚੋਰੀ ਹੋਣ ਤੋਂ ਬਾਅਦ ਯੂਜ਼ਰਜ਼ ਨੂੰ FIR ਦਰਜ ਕਰਵਾਉਣੀ ਪਵੇਗੀ। ਇਸ ਲਈ DoT ਨੇ 14422 ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਪੁਲਿਸ ਕੰਪਲੇਟ ਤੋਂ ਬਾਅਦ ਡਿਪਾਰਟਮੈਂਟ ਉਸ ਡਿਵਾਈਸ ਨੂੰ ਬਲੈਕਲਿਸਟ ਕਰ ਦੇਵੇਗਾ। CEIR ਕੋਲ ਦੁਨੀਆ ਭਰ ਦੇ ਹਰ ਡਿਵਾਈਸ ਦਾ IMEI ਬਾਰੇ ਜਾਣਕਾਰੀ ਹੋਵੇਗੀ ਜਿਸ ਕਾਰਨ ਡਿਵਾਈਸ ਦੀ ਕਲੋਨਿੰਗ ਰੋਕੀ ਜਾ ਸਕੇਗੀ।

Posted By: Seema Anand