ਦ ਨਿਊਯਾਰਕ ਟਾਈਮਜ਼, ਵਾਸ਼ਿੰਗਟਨ : ਦਿੱਗਜ ਟੈਕਨਾਲੋਜੀ ਕੰਪਨੀ ਐਪਲ ਨੇ ਬੀਤੇ ਸਾਲ ਆਈਫੋਨ ਦੇ ਐਪ-ਸਟੋਰ ਤੋਂ ਕਈ ਪੇਰੈਂਟਲ ਕੰਟਰੋਲ ਐਪ ਹਟਾ ਦਿੱਤੀਆਂ ਸਨ। ਇਨ੍ਹਾਂ ਐਪਾਂ ਦੀ ਮਦਦ ਨਾਲ ਮਾਂ-ਬਾਪ ਇਹ ਤੈਅ ਕਰ ਸਕਦੇ ਸਨ ਕਿ ਉਨ੍ਹਾਂ ਦਾ ਬੱਚਾ ਕਿੰਨੇ ਸਮੇਂ ਤਕ ਫੋਨ ਇਸਤੇਮਾਲ ਕਰੇਗਾ। ਇਨ੍ਹਾਂ ਐਪਾਂ ਨੂੰ ਹਟਾਉਣ ਤੋਂ ਬਾਅਦ ਐਪਲ 'ਤੇ ਆਪਣੇ ਮੁਕਾਬਲੇਬਾਜ਼ਾਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲੱਗਾ ਸੀ। ਇਸ ਹਫ਼ਤੇ ਪ੍ਰਕਾਸ਼ਿਤ ਇਕ ਮੀਡੀਆ ਰਿਪੋਰਟ ਮੁਤਾਬਕ, ਇਸ ਮਾਮਲੇ ਵਿਚ ਨਿਆਇਕ ਵਿਭਾਗ ਐਪਲ ਅਤੇ ਹੋਰ ਟੈੱਕ ਕੰਪਨੀਆਂ ਦੇ ਖ਼ਿਲਾਫ਼ ਜਾਂਚ ਸ਼ੁਰੂ ਕਰ ਸਕਦਾ ਹੈ। ਇਸੇ ਰਿਪੋਰਟ ਦੇ ਮੱਦੇਨਜ਼ਰ ਐਪਲ ਨੇ ਆਪਣੀ ਨੀਤੀ ਵਿਚ ਬਦਲਾਅ ਕਰਦੇ ਹੋਏ ਪੇਰੈਂਟਲ ਕੰਟਰੋਲ ਐਪਸ ਲਈ ਫਿਰ ਰਸਤਾ ਖੋਲ੍ਹ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਆਪਣੇ ਉੱਪਰ ਜਾਂਚ ਦੇ ਡਰ ਨਾਲ ਐਪਲ ਨੇ ਇਹ ਕਦਮ ਚੁੱਕਿਆ ਹੈ।

ਐਪ-ਸਟੋਰ ਨੂੰ ਕੰਟਰੋਲ ਕਰਨ ਦਾ ਲੱਗਾ ਦੋਸ਼

ਕਈ ਐਪਸ ਨੇ ਐਪਲ 'ਤੇ ਆਪਣੀ ਤਾਕਤ ਦੀ ਦੁਰਵਰਤੋਂ ਕਰ ਕੇ ਐਪ-ਸਟੋਰ ਨੂੰ ਕੰਟਰੋਲ ਕਰਨ ਦਾ ਦੋਸ਼ ਲਾਇਆ ਹੈ। ਸਪਾਟੀਫਾਈ ਦੇ ਨਾਲ ਦੋ ਹੋਰ ਪੇਰੈਂਟਲ ਕੰਟਰੋਲ ਐਪ ਨੇ ਮੁਕਾਬਲੇਬਾਜ਼ੀ ਖ਼ਤਮ ਕਰਨ ਨੂੰ ਲੈ ਕੇ ਐਪਲ ਖ਼ਿਲਾਫ਼ ਯੂਰਪੀ ਰੈਗੂਲੇਟਰੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਨੀਦਰਲੈਂਡਸ ਦੀ ਰੈਗੂਲੇਟਰੀ ਇਸ ਮਾਮਲੇ ਵਿਚ ਐਪਲ ਦੀ ਜਾਂਚ ਕਰ ਰਹੀ ਹੈ।

ਬੱਚਿਆਂ ਦੀਆਂ ਨਿੱਜੀ ਜਾਣਕਾਰੀਆਂ ਐਕਸਿਸ ਕਰਨ ਦੇ ਦੋਸ਼ 'ਚ ਹਟਾਈਆਂ ਸਨ ਐਪਸ

ਕਈ ਸਾਰੇ ਪੇਰੈਂਟਲ ਕੰਟਰੋਲ ਐਪ ਮੋਬਾਈਲ ਡਿਵਾਈਸ ਮੈਨੇਜਮੈਂਟ (ਐੱਮਡੀਐੱਮ) ਅਤੇ ਵਰਚੁਅਲ ਪ੍ਰਾਈਵੇਟ ਨੈੱਟਵਰਕ (ਵੀਪੀਐੱਨ) ਵਰਗੀ ਤਕਨੀਕ ਦਾ ਇਸਤੇਮਾਲ ਕਰਦੇ ਹਨ। ਐੱਮਡੀਐੱਮ ਜ਼ਰੀਏ ਮਾਪੇ ਬੱਚਿਆਂ ਦਾ ਫੋਨ ਕੰਟਰੋਲ ਕਰ ਸਕਦੇ ਹਨ ਅਤੇ ਵੀਪੀਐੱਨ ਦੀ ਮਦਦ ਨਾਲ ਬੱਚਿਆਂ ਦੇ ਫੋਨ 'ਤੇ ਮੌਜੂਦ ਕੁਝ ਐਪਸ ਨੂੰ ਬੰਦ ਕੀਤਾ ਜਾ ਸਕਦਾ ਹੈ। ਐਪਲ ਦਾ ਕਹਿਣਾ ਹੈ ਕਿ ਇਨ੍ਹਾਂ ਤਕਨੀਕਾਂ ਦੀ ਮਦਦ ਨਾਲ ਇਹ ਐਪ ਬੱਚਿਆਂ ਦੀਆਂ ਨਿੱਜੀ ਜਾਣਕਾਰੀਆਂ ਜੁਟਾ ਸਕਦੇ ਹਨ। ਇਸੇ ਕਾਰਨ ਉਸ ਨੇ ਬੀਤੇ ਅਗਸਤ ਵਿਚ ਫ੍ਰੀਡਮ ਨਾਂ ਦੀ ਐਪ ਨੂੰ ਬੰਦ ਕਰ ਦਿੱਤਾ ਸੀ। ਐਪ ਨੇ ਹਾਲਾਂਕਿ ਯੂਜ਼ਰ ਦੀ ਕੋਈ ਵੀ ਜਾਣਕਾਰੀ ਇਕੱਠਾ ਕਰਨ ਤੋਂ ਇਨਕਾਰ ਕੀਤਾ ਸੀ।

ਹੁਣ ਐੱਮਡੀਐੱਮ ਤੇ ਵੀਪੀਐੱਨ ਦੇ ਇਸਤੇਮਾਲ ਦੀ ਦੇ ਦਿੱਤੀ ਮਨਜ਼ੂਰੀ

ਐਪਲ ਨੇ ਹੁਣ ਆਪਣੀ ਨੀਤੀ ਨੂੰ ਅਚਾਨਕ ਬਦਲਦੇ ਹੋਏ ਇਨ੍ਹਾਂ ਦੋਵਾਂ ਤਕਨੀਕਾਂ ਦੇ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ। ਉਸ ਨੇ ਹਾਲਾਂਕਿ ਇਸ ਦੀ ਇਕ ਸ਼ਰਤ ਰੱਖੀ ਹੈ। ਇਸ ਮੁਤਾਬਕ ਐਪ ਡਿਵੈਲਪਰ ਯੂਜ਼ਰ ਦੀਆਂ ਉਨ੍ਹਾਂ ਨਿੱਜੀ ਜਾਣਕਾਰੀਆਂ ਨੂੰ ਕਿਸੇ ਥਰਡ ਪਾਰਟੀ ਨੂੰ ਨਹੀਂ ਵੇਚਣਗੇ ਅਤੇ ਨਾ ਹੀ ਖ਼ੁਦ ਉਸ ਦਾ ਇਸਤੇਮਾਲ ਕਰਨਗੇ।