ਨਵੀਂ ਦਿੱਲੀ, ਜੇਐੱਨਐੱਨ। Vico V19 ਸਮਾਰਟਫੋਨ ਭਾਰਤੀ ਬਾਜ਼ਾਰ 'ਚ 26 ਮਾਰਚ ਨੂੰ ਲਾਂਚ ਕੀਤਾ ਜਾਣਾ ਸੀ, ਪਰ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ ਕੰਪਨੀ ਨੇ ਇਸ ਈਵੈਂਟ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੀ ਜਾਣਕਾਰੀ ਆਪਣੇ ਅਧਿਕਾਰਤ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਨਾਲ ਹੀ ਕੰਪਨੀ ਨੇ ਇਹ ਐਲਾਨ ਵੀ ਕੀਤਾ ਹੈ ਕਿ ਕੰਪਨੀ ਫਿਲਹਾਲ ਸਮਾਰਟਫੋਨ ਦੇ ਨਿਰਮਾਣ ਦੀ ਬਜਾਏ N95 ਮਾਸਕ ਦਾ ਨਿਰਮਾਣ ਕਰੇਗੀ। ਇਹ ਮਾਸਕ ਦੇਸ਼ 'ਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਿਹਤ ਸੇਵਾਵਾਂ 'ਚ ਲੱਗੇ ਮੁਲਾਜ਼ਮਾਂ ਨੂੰ ਦਿੱਤੇ ਜਾਣਗੇ।

ਕੰਪਨੀ ਨੇ ਆਪਣੇ ਅਧਿਕਾਰਤ ਟਵੀਟਰ ਅਕਾਊਂਟ 'ਤੇ ਪੋਸਟ ਸ਼ੇਅਰ ਕੀਤੀ ਹੈ ਜਿਸ 'ਚ ਜਾਣਕਾਰੀ ਦਿੱਤੀ ਹੈ ਕਿ ਫਿਲਹਾਲ ਉਹ ਕੋਵਿਡ-19 ਨਾਲ ਜੂਝ ਰਹੇ ਹਨ ਤੇ ਅਜਿਹੇ 'ਚ ਉਨ੍ਹਾਂ ਆਪਣੇ ਨਵੇਂ ਪ੍ਰੋਡਕਟ ਵੀਵੋ ਵੀ19 ਨੂੰ ਲਾਂਚ ਕਰਨ ਦੀ ਪਲਾਨਿੰਗ ਨੂੰ ਰੱਦ ਕਰ ਦਿੱਤਾ ਹੈ। ਹੁਣ ਉਨ੍ਹਾਂ ਦਾ ਫੋਕਸ ਕੋਵਿਡ-19 ਨਾਲ ਲੜਨ ਲਈ ਸਾਧਨ ਲਿਆਉਣ 'ਤੇ ਹੈ। ਅਜਿਹੇ 'ਚ ਐੱਨ95 ਮਾਸਕ ਦਾ ਨਿਰਮਾਣ ਕਰਨ ਦੀ ਯੋਜਨਾ ਬਣਾਈ ਹੈ। ਇਹ ਮਾਸਕ ਡਾਕਟਰਾਂ ਤੇ ਹੈਲਥ ਕੇਅਰ ਵਰਕਰਾਂ ਨੂੰ ਡੋਨੇਟ ਕੀਤੇ ਜਾਣਗੇ। ਇਸ ਦੇ ਨਾਲ ਹੀ ਕੰਪਨੀ ਨੇ ਇਸ ਪੋਸਟ ਜ਼ਰੀਏ ਲੋਕਾਂ ਨੂੰ ਸੋਸ਼ਲ ਡਿਸਟੈਂਸ ਬਣਾਉਣ ਦੀ ਵੀ ਅਪੀਲ ਕੀਤੀ ਹੈ।

ਕੰਪਨੀ ਦਾ ਕਹਿਣਾ ਹੈ ਕਿ ਇਹ ਮਾਸਕ ਦਿੱਲੀ, ਪੰਜਾਬ ਤੇ ਕਰਨਾਟਕ 'ਚ ਵੰਡੇ ਜਾਣਗੇ। ਇਸ ਦੇ ਨਾਲ ਹੀ ਕੰਪਨੀ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੂੰ ਪ੍ਰੋਟੈਕਟਿਵ ਸੂਟਜ਼ ਵੀ ਡੋਨੇਟ ਕਰੇਗੀ।

Posted By: Akash Deep