ਜੇਐੱਨਐੱਨ, ਨਵੀਂ ਦਿੱਲੀ : ਅਯੁੱਧਿਆ ਫ਼ੈਸਲੇ ਦੇ ਮੱਦੇਨਜ਼ਰ ਸੂਬਿਆਂ ਦੀਆਂ ਸਰਕਾਰਾਂ ਸੋਸ਼ਲ ਮੀਡੀਆ 'ਚ ਹੋਣ ਵਾਲੀ ਹਰ ਐਕਟੀਵਿਟੀ 'ਤੇ ਨਜ਼ਰ ਰੱਖ ਰਹੀਆਂ ਹਨ ਤੇ ਕਿਸੇ ਵੀ ਵ੍ਹਟਸਐਪ ਜਾਂ ਸੋਸ਼ਲ ਮੀਡੀਆ ਮੈਸੇਜਿਸ ਕਾਰਨ ਭਾਵਨਾਵਾਂ ਭੜਕਾਉਣ ਦਾ ਖਦਸ਼ਾ ਰਹਿੰਦਾ ਹੈ ਤਾਂ ਪ੍ਰਸ਼ਾਸਨ ਉਸ 'ਤੇ ਕੜੀ ਕਾਰਵਾਈ ਕਰਨ ਦੀ ਤਿਆਰੀ 'ਚ ਹੈ। ਇਸ ਦੇ ਲਈ ਸੂਬਿਆਂ ਨੇ ਵਿਸ਼ੇਸ਼ ਟੀਮਾਂ ਬਣਾਈਆਂ ਹਨ ਤੇ ਕੋਈ ਵੀ ਗ਼ਲਤੀ ਭਾਰੀ ਪੈ ਸਕਦੀ ਹੈ। ਇਸ ਦੌਰਾਨ ਵ੍ਹਟਸਐਪ 'ਤੇ ਸਭ ਤੋਂ ਤੇਜ਼ੀ ਨਾਲ ਭੜਕਾਊ ਸਮੱਗਰੀ ਪੈਲਣ ਦਾ ਖਦਸ਼ਾ ਰਹਿੰਦਾ ਹੈ। ਇਸ 'ਤੇ ਖ਼ਾਸ ਤੌਰ 'ਤੇ ਨਜ਼ਰ ਰੱਖੀ ਜਾ ਰਹੀ ਹੈ।

ਰਾਜਸਥਾਨ ਦੇ ਕੁਝ ਸ਼ਹਿਰਾਂ 'ਚ ਤਾਂ ਸਰਕਾਰ ਨੇ ਇੰਟਰਨੈੱਟ 'ਤੇ ਹੀ ਰੋਕ ਲਗਾ ਦਿੱਤੀ ਹੈ ਪਰ ਜਿੱਥੇ ਅਜਿਹਾ ਨਹੀਂ ਹੈ ਉੱਥੇ ਵ੍ਹਟਸਐਪ ਯੂਜ਼ਰ ਖ਼ੁਦ ਸੰਜਮ ਵਰਤਣ। ਇਸ ਤੋਂ ਇਲਾਵਾ ਜਿਹੜੇ ਲੋਕ ਕਿਸੇ ਵੀ ਵ੍ਹਟਸਐਪ ਗਰੁੱਪ ਦੇ ਐਡਮਿਨ ਹਨ ਉਨ੍ਹਾਂ ਨੂੰ ਖ਼ਾਸ ਅਪੀਲ ਹੈ ਕਿ ਉਹ ਜ਼ਿਆਦਾ ਸਾਵਧਾਨੀ ਵਰਤਣ ਕਿਉਂਕਿ ਉਨ੍ਹਾਂ ਤੋਂ ਇਲਾਵਾ ਗਰੁੱਪ 'ਚ ਹੋਰ ਕੋਈ ਮੈਂਬਰ ਵੀ ਭੜਕਾਊ ਮੈਸੇਜ ਕਰਦਾ ਹੈ ਤਾਂ ਉਸ ਦੇ ਲਈ ਐਡਮਿਨ ਜ਼ਿੰਮੇਵਾਰ ਹੋਣਗੇ। ਇਸ ਲਈ ਬਿਹਤਰ ਹੋਵੇਗਾ ਕਿ ਐਡਮਿਨ ਇਹਤਿਆਤਨ ਗਰੁੱਪ 'ਚ ਮੈਸੇਜਿਜ਼ 'ਤੇ ਨਜ਼ਰ ਰੱਖਣ ਜਾਂ ਫਿਰ ਸਾਰਿਆਂ ਨੂੰ ਮੈਸੇਜ ਕਰਨ ਤੋਂ ਰੋਕ ਦੇਣ।

ਇੰਝ ਕਰੋ ਇਹ ਫੀਚਰ ਐਕਟੀਵੇਟ

ਗਰੁੱਪ ਐਡਮਿਨ ਇਸ ਫੀਚਰ ਨੂੰ ਬੜੀ ਹੀ ਆਸਾਨੀ ਨਾਲ ਐਕਟੀਵੇਟ ਕਰ ਸਕਦੇ ਹਨ ਤੇ ਇਸ ਤੋਂ ਬਾਅਦ ਐਡਮਿਨ ਤੋਂ ਇਲਾਵਾ ਗਰੁੱਪ 'ਚ ਕੋਈ ਹੋਰ ਮੈਸੇਜ ਨਹੀਂ ਕਰ ਸਕੇਗਾ। ਇਸ ਦੇ ਲਈ ਗਰੁੱਪ ਐਡਮਿਨ ਨੂੰ ਸੈਟਿੰਗਜ਼ 'ਚ ਜਾ ਕੇ ਕੁਝ ਬਦਲਾਅ ਕਰਨੇ ਪੈਣਗੇ ਜਿਸ ਤੋਂ ਬਾਅਦ ਉਹ ਗਰੁੱਪ ਮੈਂਬਰਜ਼ ਨੂੰ ਮੈਸੇਜ ਭੇਜਣ ਤੋਂ ਰੋਕ ਸਕਣਗੇ। ਅਜਿਹਾ ਕਰਨ ਲਈ ਐਡਮਿਨ ਨੂੰ ਸਭ ਤੋਂ ਪਹਿਲਾਂ ਵ੍ਹਟਸਐਪ ਦੀ ਸੈਟਿੰਗ 'ਚ ਜਾਣਾ ਪਵੇਗਾ। ਇੱਥੇ ਉਸ ਨੂੰ ਗਰੁੱਪ ਸੈਟਿੰਗ 'ਚ ਜਾਣਾ ਪਵੇਗਾ। ਇੱਥੇ ਉਸ ਨੂੰ ਦੋ ਆਪਸ਼ਨ ਮਿਲਣਗੀਆਂ 'ਸਿਰਫ਼ ਐਡਮਿਨ' ਤੇ 'ਸਾਰੇ ਮੈਂਬਰਜ਼'। ਜੇਕਰ ਐਡਮਿਨ ਇੱਥੇ ਸਿਰਫ਼ ਐਡਮਿਨ ਵਾਲੀ ਆਪਸ਼ਨ ਚੁਣਦਾ ਹੈ ਤਾਂ ਗਰੁੱਪ 'ਚ ਉਸ ਤੋਂ ਇਲਾਵਾ ਹੋਰ ਕੋਈ ਮੈਸੇਜ ਨਹੀਂ ਭੇਜ ਸਕੇਗਾ. ਨਾਲ ਹੀ ਸਾਰੇ ਯੂਜ਼ਰਜ਼ ਨੂੰ ਇਸ ਦਾ ਸੁਨੇਹਾ ਵੀ ਜਾਵੇਗਾ ਕਿ ਉਨ੍ਹਾਂ ਨੂੰ ਗਰੁੱਪ 'ਚ ਮੈਸੇਜ ਭੇਜਣ ਤੋਂ ਰੋਕ ਦਿੱਤਾ ਗਿਆ ਹੈ।

Posted By: Seema Anand