ਨਵੀਂ ਦਿੱਲੀ, ਆਈਏਐਨਐਸ : ਅਮਰੀਕਾ ਦੀ ਦਿੱਗਜ ਟੈਕਨਾਲੋਜੀ ਕੰਪਨੀ ਐਪਲ ਨੇ ਪੈਗਾਸਸ ਦੇ ਨਿਰਮਾਤਾ NSO ਗਰੁੱਪ 'ਤੇ ਮੁਕੱਦਮਾ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ NSO ਗਰੁੱਪ ਨੇ Pegasus ਦੇ ਜ਼ਰੀਏ ਆਈਫ਼ੋਨ ਯੂਜ਼ਰਜ਼ ਦੀ ਜਾਸੂਸੀ ਕੀਤੀ। ਕੰਪਨੀ ਨੇ NSO 'ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਹੈ। ਦੱਸ ਦੇਈਏ ਕਿ ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਭਾਰਤ ਵਿਚ ਜਾਂਚ ਚੱਲ ਰਹੀ ਹੈ।

ਐਪਲ ਨੇ ਕੈਲੀਫੋਰਨੀਆ ਵਿਚ ਅਮਰੀਕੀ ਸੰਘੀ ਅਦਾਲਤ ਵਿਚ NSO ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ NSO ਸਮੂਹ 'ਤੇ ਪਾਬੰਦੀ ਲਗਾਈ ਜਾਵੇ ਤਾਂ ਜੋ ਇਹ ਸਮੂਹ ਸਾਡੇ ਸਾਫਟਵੇਅਰ, ਸੇਵਾਵਾਂ ਅਤੇ ਡਿਵਾਈਸਾਂ ਦੀ ਵਰਤੋਂ ਨਾ ਕਰਨ। ਇਸ ਨਾਲ ਸਾਡੇ ਉਪਭੋਗਤਾਵਾਂ ਦਾ ਨਿੱਜੀ ਡੇਟਾ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਵੇਗਾ। ਕੰਪਨੀ ਨੇ ਅੱਗੇ ਕਿਹਾ ਕਿ ਪੈਗਾਸਸ ਨੇ 1.65 ਬਿਲੀਅਨ ਉਪਭੋਗਤਾਵਾਂ ਦੀ ਜਾਸੂਸੀ ਕੀਤੀ ਹੈ, ਜਿਸ ਵਿਚ ਇਕ ਅਰਬ ਤੋਂ ਵੱਧ ਆਈਫ਼ੋਨ ਉਪਭੋਗਤਾ ਸ਼ਾਮਲ ਹਨ।

ਐਪਲ ਨੇ ਅੱਗੇ ਕਿਹਾ ਹੈ ਕਿ ਕੰਪਨੀ ਦੇ ਡਿਵਾਈਸ ਸੁਰੱਖਿਅਤ ਹਨ ਪਰ ਪ੍ਰਾਈਵੇਟ ਕੰਪਨੀਆਂ ਅਜਿਹੇ ਟੂਲ ਬਣਾ ਰਹੀਆਂ ਹਨ, ਜੋ ਕਾਫੀ ਖ਼ਤਰਨਾਕ ਹਨ। ਇਸ ਦੇ ਨਾਲ ਹੀ ਐਨਐਸਓ ਗਰੁੱਪ ਨੇ ਉਨ੍ਹਾਂ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਸਮੂਹ ਨੇ ਕਿਹਾ ਹੈ ਕਿ ਸਾਡੇ ਸਾਫਟਵੇਅਰ ਦੀ ਵਰਤੋਂ ਅੱਤਵਾਦ ਅਤੇ ਅਪਰਾਧ 'ਤੇ ਰੋਕ ਲਗਾਉਣ ਲਈ ਕੀਤੀ ਜਾਂਦੀ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਅਮਰੀਕਾ 'ਚ ਅਮਰੀਕੀ ਅਧਿਕਾਰੀਆਂ ਨੇ NSO ਗਰੁੱਪ ਨੂੰ ਬੈਨ ਕਰਨ ਲਈ ਬਲੈਕਲਿਸਟ ਕੀਤਾ ਸੀ। ਇਸ ਤੋਂ ਪਹਿਲਾਂ ਸਾਲ 2019 'ਚ ਵ੍ਹਟਸਐਪ ਨੇ ਗਰੁੱਪ 'ਤੇ ਜਾਸੂਸੀ ਦਾ ਦੋਸ਼ ਲਗਾਉਂਦੇ ਹੋਏ ਮੁਕੱਦਮਾ ਦਾਇਰ ਕੀਤਾ ਸੀ।

Posted By: Ramandeep Kaur