ਨਵੀਂ ਦਿੱਲੀ, ਏਜੰਸੀ : ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੇਸਲਾ ਦੇ ਸੀਈਓ ਐਲਨ ਮਸਕ, 300 ਬਿਲੀਅਨ ਡਾਲਰ ਤੋਂ ਵੱਧ ਦੀ ਨਿੱਜੀ ਜਾਇਦਾਦ ਰੱਖਣ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੀਨੀਅਰਸ ਇੰਡੈਕਸ ਦੇ ਮੁਤਾਬਕ ਸਟਾਕ ਦੀ ਰੈਲੀ ਤੋਂ ਬਾਅਦ ਕੰਪਨੀ ਦੀ ਮਾਰਕੀਟ ਕੈਪ 10 ਬਿਲੀਅਨ ਵਧ ਗਈ, ਜਿਸ ਨਾਲ ਮਸਕ ਦੀ ਦੌਲਤ 302 ਬਿਲੀਅਨ ਦੇ ਅੰਕੜੇ ਤੋਂ ਪਾਰ ਹੋ ਗਈ।

ਮਾਈਕ੍ਰੋਸਾਫਟ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਬਣ ਗਈ

ਸ਼ੁੱਕਰਵਾਰ ਨੂੰ ਮਾਈਕ੍ਰੋਸਾਫਟ ਐਪਲ ਨੂੰ ਪਛਾੜ ਕੇ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਬਣ ਗਈ ਹੈ। ਹਾਲ ਹੀ 'ਚ ਟੇਸਲਾ ਨੂੰ ਹਰਟਜ਼ ਤੋਂ 10,000 ਕਾਰਾਂ ਦਾ ਆਰਡਰ ਮਿਲਿਆ, ਜਿਸ ਤੋਂ ਬਾਅਦ ਇਸਦੇ ਸ਼ੇਅਰ ਨਵੀਂ ਉੱਚਾਈ 'ਤੇ ਪਹੁੰਚ ਗਏ। ਏਲਨ ਮਸਕ ਦੀ ਜਾਇਦਾਦ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਤੇ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਤੋਂ 100 ਬਿਲੀਅਨ ਡਾਲਰ ਤੋਂ ਵੱਧ ਹੈ।

ਵਰਤਮਾਨ 'ਚ ਬੇਜੋਸ ਦੀ ਕੁੱਲ ਜਾਇਦਾਦ ਲਗਪਗ 199 ਬਿਲੀਅਨ ਹੈ। ਦਿਲਚਸਪ ਗੱਲ ਇਹ ਹੈ ਕਿ ਮਸਕ ਦੀ ਦੌਲਤ ਮਿਸਰ, ਪੁਰਤਗਾਲ, ਚੈੱਕ ਗਣਰਾਜ, ਗ੍ਰੀਸ, ਕਤਰ ਅਤੇ ਫਿਨਲੈਂਡ ਵਰਗੇ ਦੇਸ਼ਾਂ ਦੀ ਸਾਲਾਨਾ ਜੀਡੀਪੀ ਤੋਂ ਵੱਧ ਹੈ। ਇੰਨਾ ਹੀ ਨਹੀਂ, ਉਸਦੀ ਦੌਲਤ ਪੇਪਾਲ ਅਤੇ ਸਟ੍ਰੀਮਿੰਗ ਦਿੱਗਜ ਨੈੱਟਫਲਿਕਸ ਦੀ ਸੰਪਤੀ ਤੋਂ ਵੀ ਵੱਧ ਹੈ। ਤੁਹਾਨੂੰ ਦੱਸ ਦੇਈਏ ਕਿ ਮਸਕ ਪੇਪਾਲ ਦੇ ਸਹਿ-ਸੰਸਥਾਪਕ ਸਨ।

ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ 195 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਸੂਚੀ ਵਿੱਚ ਦੂਜੇ ਸਥਾਨ 'ਤੇ ਹਨ। ਬਰਨਾਰਡ ਅਰਨੌਲਟ (167 ਬਿਲੀਅਨ), ਫਰਾਂਸੀਸੀ ਕਾਰੋਬਾਰੀ ਅਤੇ ਦੁਨੀਆ ਦੀ ਸਭ ਤੋਂ ਵੱਡੀ ਲਗਜ਼ਰੀ ਸਮਾਨ ਕੰਪਨੀ ਐਲਵੀਐਮਐਚ ਮੋਏਟ ਹੈਨਸੀ ਦੇ ਚੇਅਰਮੈਨ, ਸੂਚੀ 'ਚ ਤੀਜੇ ਸਥਾਨ 'ਤੇ ਹਨ। ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ (136 ਬਿਲੀਅਨ) ਚੌਥੇ ਨੰਬਰ 'ਤੇ ਹਨ।

ਅਮਰੀਕੀ ਕੰਪਿਊਟਰ ਵਿਗਿਆਨੀ ਅਤੇ ਇੰਟਰਨੈੱਟ ਉੱਦਮੀ ਲੈਰੀ ਪੇਜ 131 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਪੰਜਵੇਂ ਨੰਬਰ 'ਤੇ ਹਨ। ਗੂਗਲ ਦੇ ਸਹਿ-ਸੰਸਥਾਪਕ ਸਰਗੇਈ ਬ੍ਰਿਨ 126 ਬਿਲੀਅਨ ਡਾਲਰ ਦੇ ਨਾਲ ਛੇਵੇਂ ਸਥਾਨ 'ਤੇ ਹਨ। ਅਮਰੀਕੀ ਮੀਡੀਆ ਦਿੱਗਜ ਅਤੇ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ 121 ਬਿਲੀਅਨ ਡਾਲਰ ਦੇ ਨਾਲ ਸੱਤਵੇਂ ਨੰਬਰ 'ਤੇ ਹਨ। ਅਮਰੀਕੀ ਕਾਰੋਬਾਰੀ ਅਤੇ ਨਿਵੇਸ਼ਕ ਸਟੀਵ ਬਾਲਮਰ 118 ਬਿਲੀਅਨ ਡਾਲਰ ਦੀ ਸੰਪਤੀ ਨਾਲ ਅੱਠਵੇਂ, ਲੈਰੀ ਐਲੀਸਨ 115 ਬਿਲੀਅਨ

ਡਾਲਰ ਦੀ ਸੰਪਤੀ ਨਾਲ ਨੌਵੇਂ ਅਤੇ ਪ੍ਰਸਿੱਧ ਨਿਵੇਸ਼ਕ ਵਾਰੇਨ ਬਫੇਟ 105 ਬਿਲੀਅਨ ਡਾਲਰ ਦੀ ਸੰਪਤੀ ਨਾਲ ਦਸਵੇਂ ਸਥਾਨ ’ਤੇ ਹਨ। ਚੋਟੀ ਦੇ 10 ਵਿੱਚੋਂ 9 ਅਮਰੀਕਾ ਦੇ ਹਨ।

Posted By: Ravneet Kaur