ਜਾਗਰਣ ਬਿਊਰੋ, ਨਵੀਂ ਦਿੱਲੀ : ਟੈਲੀਕਾਮ ਮੰਤਰੀ ਅਸ਼ਵਨੀ ਵੈਸ਼ਣਵ ਨੇ ਅਕਤੂਬਰ ਤੋਂ ਦੇਸ਼ ’ਚ 5ਜੀ ਸੇਵਾ ਸ਼ੁਰੂ ਹੋਣ ਦਾ ਐਲਾਨ ਕੀਤਾ ਹੈ, ਪਰ ਏਅਰਟੈੱਲ ਅਗਸਤ ਤੋਂ ਹੀ ਹੀ ਦੇਸ਼ ’ਚ 5ਜੀ ਸੇਵਾ ਸ਼ੁਰੂ ਕਰਨ ਦਾ ਦਾਅਵਾ ਕਰ ਰਹੀ ਹੈ। ਬੁੱਧਵਾਰ ਨੂੰ ਏਅਰਟੈੱਲ ਦੇ ਐੱਮਡੀ ਤੇ ਸੀਈਓ ਗੋਪਾਲ ਵਿੱਠਲ ਨੇ ਕਿਹਾ ਕਿ ਏਅਰਟੈੱਲ ਅਗਸਤ ’ਚ 5ਜੀ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਇਸ ਕੰਮ ਲਈ ਕੰਪਨੀ ਨੇ ਐਰਿਕਸਨ, ਨੋਕੀਆ ਤੇ ਸੈਮਸੰਗ ਨਾਲ 5ਜੀ ਨੈੱਟਵਰਕ ਲਈ ਸਮਝੌਤਾ ਕੀਤਾ ਹੈ। ਐਰਿਕਸਨ ਏਅਰਟੈੱਲ ਲਈ 12 ਸਰਕਲਾਂ ’ਚ 5ਜੀ ਰੇਡੀਓ ਅਕਸੈਸ ਨੈੱਟਵਰਕ (ਆਰਏਐੱਨ) ਲਗਾਏਗੀ। ਏਅਰਟੈੱਲ ਦੇ ਨਾਲ ਰਿਲਾਇੰਸ ਜਿਓ ਵੀ ਦੇਸ਼ ਦੇ ਕਈ ਸ਼ਹਿਰਾਂ ’ਚ ਪਹਿਲਾਂ ਹੀ 5ਜੀ ਦਾ ਟਰਾਇਲ ਪੂਰਾ ਕਰ ਚੁੱਕੀ ਹੈ। ਹਾਲਾਂਕਿ ਦੋਵੇਂ ਹੀ ਕੰਪਨੀਆਂ 5ਜੀ ਨੈੱਟਵਰਕ ਲਈ ਚੀਨ ਦੀਆਂ ਕੰਪਨੀਆਂ ਨੂੰ ਪੂਰੀ ਤਰ੍ਹਾਂ ਨਾਲ ਦੂਰ ਰੱਖ ਰਹੀਆਂ ਹਨ। ਇਸੇ ਲਈ ਏਅਰਟੈੱਲ ਨੇ ਚੀਨੀ ਕੰਪਨੀਆਂ ਜ਼ੈੱਡਟੀਈ ਤੇ ਹੁਆਵੇ ਦੀ ਥਾਂ ਐਰਿਕਸਨ, ਨੋਕੀਆ ਤੇ ਸੈਮਸੰਗ ਨਾਲ ਸਮਝੌਤਾ ਕੀਤਾ। 5ਜੀ ਸਪੈਕਟ੍ਰਮ ਨਿਲਾਮੀ ਦਾ ਕੰਮ ਪੂਰਾ ਹੋ ਚੁੱਕਾ ਹੈ ਤੇ ਅਗਲੇ 10 ਦਿਨਾਂ ’ਚ ਸਪੈਕਟ੍ਰਮ ਅਲਾਟਮੈਂਟ ਦਾ ਕੰਮ ਵੀ ਪੂਰਾ ਹੋ ਜਾਵੇਗਾ।

Posted By: Neha Diwan