ਜੇਐੱਨਐੱਨ, ਨਵੀਂ ਦਿੱਲੀ : ਏਅਰਟੈੱਲ ਤੋਂ ਬਾਅਦ ਵੋਡਾਫੋਨ ਆਇਡੀਆ ਦੇ ਗਾਹਕਾਂ ਲਈ ਵੀ ਕੋਈ ਚੰਗੀ ਖਬਰ ਨਹੀਂ ਹੈ। ਕੰਪਨੀ ਨੇ ਸਾਰੇ ਪ੍ਰੀਪੇਡ ਪਲਾਨ 'ਚ 25 ਫੀਸਦੀ ਤਕ ਦੇ ਵਾਧੇ ਦਾ ਐਲਾਨ ਕੀਤਾ ਹੈ। ਵਧਿਆ ਹੋਇਆ ਟੈਰਿਫ 25 ਨਵੰਬਰ ਯਾਨੀ ਅੱਜ ਲਾਗੂ। ਇਸ ਤੋਂ ਪਹਿਲਾਂ ਸੋਮਵਾਰ ਨੂੰ ਏਅਰਟੈੱਲ ਨੇ ਵੀ ਪ੍ਰੀਪੇਡ ਪਲਾਨ ਦੇ ਟੈਰਿਫ ਨੂੰ 20 ਤੋਂ 25 ਫੀਸਦੀ ਤਕ ਵਧਾ ਦਿੱਤਾ ਸੀ।

ਕਰਜ਼ੇ ਵਿਚ ਡੁੱਬੀ ਵੋਡਾਫੋਨ ਆਇਡੀਆ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਸ ਦੀਆਂ ਨਵੀਆਂ ਯੋਜਨਾਵਾਂ ਪ੍ਰਤੀ ਉਪਭੋਗਤਾ ਔਸਤ ਮਾਲੀਆ (ARPU) ਵਿਚ ਸੁਧਾਰ ਕਰਨ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨਗੀਆਂ ਤੇ ਉਦਯੋਗ ਨੂੰ ਵਿੱਤੀ ਤਣਾਅ ਤੋਂ ਬਾਹਰ ਆਉਣ ਵਿਚ ਮਦਦ ਕਰੇਗੀ। ਵੋਡਾਫੋਨ ਆਇਡੀਆ ਦੇ ਸੀਈਓ ਰਵਿੰਦਰ ਟੱਕਰ ਨੇ ਪਿਛਲੇ ਹਫਤੇ ਸੰਕੇਤ ਦਿੱਤਾ ਸੀ ਕਿ ਜਲਦੀ ਹੀ ਟੈਰਿਫ ਵਧਾਏ ਜਾ ਸਕਦੇ ਹਨ। ਏਅਰਟੈੱਲ ਵੱਲੋਂ ਟੈਰਿਫ ਵਧਾਉਣ ਦੇ ਐਲਾਨ ਤੋਂ ਇਕ ਦਿਨ ਬਾਅਦ ਵੋਡਾਫੋਨ ਆਇਡੀਆ ਨੇ ਵੀ ਟੈਰਿਫ ਵਧਾਉਣ ਦਾ ਐਲਾਨ ਕੀਤਾ ਹੈ।

ਕਿੰਨੇ ਮਹਿੰਗੇ ਹੋਏ ਪਲਾਨ

ਹੁਣ ਕੰਪਨੀ ਦਾ ਬੇਸਿਕ ਪੈਕ 99 ਰੁਪਏ ਤੋਂ ਸ਼ੁਰੂ ਹੋਵੇਗਾ, ਜਿਸ ਦੀ ਪਹਿਲਾਂ ਕੀਮਤ 79 ਰੁਪਏ ਸੀ। ਇਸੇ ਤਰ੍ਹਾਂ ਪ੍ਰਤੀ ਦਿਨ 1.5 ਜੀਬੀ ਡੇਟਾ ਵਾਲਾ ਪੈਕ 249 ਰੁਪਏ ਦੀ ਬਜਾਏ 299 ਰੁਪਏ ਵਿਚ ਆਵੇਗਾ। ਇਸ ਦੀ ਵੈਧਤਾ 28 ਦਿਨਾਂ ਦੀ ਹੈ। 1 ਜੀਬੀ ਡਾਟਾ ਪੈਕ ਹੁਣ 219 ਰੁਪਏ ਦੀ ਬਜਾਏ 269 ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ 299 ਰੁਪਏ ਵਾਲੇ 2 ਜੀਬੀ ਡਾਟਾ ਪੈਕ ਦੀ ਕੀਮਤ 25 ਨਵੰਬਰ ਤੋਂ ਬਾਅਦ 359 ਰੁਪਏ ਹੋ ਜਾਵੇਗੀ। 24 ਜੀਬੀ ਡੇਟਾ ਪੈਕ ਵਾਲੇ ਸਾਲਾਨਾ ਪੈਕ ਦੀ ਕੀਮਤ ਹੁਣ 1499 ਰੁਪਏ ਦੀ ਬਜਾਏ 1799 ਰੁਪਏ ਹੋਵੇਗੀ। ਕੰਪਨੀ ਨੇ ਟਾਪ ਅੱਪ ਪੈਕ ਨੂੰ ਵੀ ਮਹਿੰਗਾ ਕਰ ਦਿੱਤਾ ਹੈ। 48 ਰੁਪਏ ਵਾਲਾ ਪੈਕ ਹੁਣ 58 ਰੁਪਏ ਦਾ ਹੋ ਗਿਆ ਹੈ।

ਏਅਰਟੈੱਲ ਦੇ ਪਲਾਨ

ਇਸ ਤੋਂ ਪਹਿਲਾਂ ਸੋਮਵਾਰ ਨੂੰ ਏਅਰਟੈੱਲ ਨੇ ਵੀ ਪ੍ਰੀਪੇਡ ਪਲਾਨ ਦੀਆਂ ਦਰਾਂ ਵਧਾਉਣ ਦਾ ਐਲਾਨ ਕੀਤਾ ਸੀ। ਕੰਪਨੀ ਨੇ ਕਿਹਾ ਕਿ ਉਸ ਦਾ 79 ਰੁਪਏ ਦਾ ਬੇਸ ਪਲਾਨ ਹੁਣ 99 ਰੁਪਏ ਦਾ ਹੋ ਗਿਆ ਹੈ। ਇਸ 'ਚ 50 ਫੀਸਦੀ ਜ਼ਿਆਦਾ ਟਾਕਟਾਈਮ ਮਿਲੇਗਾ। ਇਸੇ ਤਰ੍ਹਾਂ 149 ਰੁਪਏ ਵਾਲਾ ਪਲਾਨ ਹੁਣ 179 ਰੁਪਏ ਵਿਚ ਮਿਲੇਗਾ। ਇਸ 'ਚ 28 ਦਿਨਾਂ ਦੀ ਵੈਧਤਾ ਦੇ ਨਾਲ ਅਨਲਿਮਟਿਡ ਕਾਲਿੰਗ, ਰੋਜ਼ਾਨਾ 100 SMS ਤੇ ਕੁੱਲ 2 GB ਡਾਟਾ ਮਿਲੇਗਾ। 219 ਰੁਪਏ ਦਾ ਪਲਾਨ ਹੁਣ 265 ਰੁਪਏ ਦਾ ਹੋ ਗਿਆ ਹੈ। ਇਸ 'ਚ 28 ਦਿਨਾਂ ਦੀ ਵੈਧਤਾ ਦੇ ਨਾਲ ਰੋਜ਼ਾਨਾ 100 SMS ਤੇ 1 GB ਡਾਟਾ ਮਿਲੇਗਾ।

ਕੀ ਜ਼ਰੂਰੀ ਹੈ ਟੈਰਿਫ ਵਧਾਇਆ

ਹਾਲ ਹੀ 'ਚ ਬਰਨਸਟਾਈਨ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਟੈਲੀਕਾਮ ਕੰਪਨੀਆਂ ਟੈਰਿਫ ਵਧਾ ਸਕਦੀਆਂ ਹਨ। ਇਸ ਤੋਂ ਪਹਿਲਾਂ ਕੰਪਨੀਆਂ ਨੇ ਦਸੰਬਰ 2019 'ਚ ਟੈਰਿਫ 'ਚ 25 ਤੋਂ 30 ਫੀਸਦੀ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਕੰਪਨੀਆਂ ਨੇ ਪਲਾਨ 'ਚ ਥੋੜ੍ਹੇ-ਥੋੜ੍ਹੇ ਬਦਲਾਅ ਕੀਤੇ। ਉਦਾਹਰਨ ਲਈ, ਏਅਰਟੈੱਲ ਨੇ ਨਿਊਨਤਮ ਰੀਚਾਰਜ ਪਲਾਨ ਨੂੰ 49 ਰੁਪਏ ਤੋਂ ਵਧਾ ਕੇ 79 ਰੁਪਏ ਕਰ ਦਿੱਤਾ ਹੈ। ਔਸਤ ਆਮਦਨ ਪ੍ਰਤੀ ਉਪਭੋਗਤਾ (ARPU) ਵਿੱਚ ਵਾਧਾ ਟੈਲੀਕਾਮ ਸੈਕਟਰ ਲਈ ਬਹੁਤ ਮਹੱਤਵਪੂਰਨ ਹੈ। ਸਤੰਬਰ 'ਚ ਖਤਮ ਹੋਈ ਤਿਮਾਹੀ 'ਚ Jio ਦਾ ARPU 143.60 ਰੁਪਏ ਸੀ, ਜਦਕਿ ਵੋਡਾਫੋਨ ਆਈਡੀਆ ਦਾ ARPU 1 ਸੀ।

Posted By: Sarabjeet Kaur