ਨਵੀਂ ਦਿੱਲੀ, ਜੇਐੱਨਐੱਨ : ਕੀ ਤੁਹਾਨੂੰ ਯਾਦ ਹੈ ਕਿ ਤੁਸੀਂ ਬਚਪਨ 'ਚ ਕੀ ਬਣਨ ਦਾ ਸੁਪਨਾ ਦੇਖਿਆ ਸੀ? ਕੀ ਤੁਹਾਨੂੰ ਇਹ ਸਵਾਲ ਵੀ ਯਾਦ ਹੈ ਕਿ ਜਦੋਂ ਤੁਹਾਡੇ ਸਕੂਲ ਟੀਚਰ ਨੇ ਤੁਹਾਡੇ ਕੋਲੋਂ ਪੁੱਛਿਆ ਹੋਵੇਗਾ, 'ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ?' ਤੁਹਾਡੇ ਵਾਂਗ ਹੀ ਬਹੁਤ ਸਾਰੇ ਬੱਚਿਆਂ ਨੂੰ ਸਕੂਲ ਟੀਚਰ ਦੇ ਇਸ ਸਵਾਲ ਦੇ ਜਵਾਬ 'ਚ ਡਾਕਟਰ, ਇੰਜੀਨੀਅਰ, IAS ਆਫਿਸਰ, ਪਾਇਲਟ ਵਰਗੇ ਉੱਤਰ ਦਿੱਤੇ ਹੋਣਗੇ। ਅਜਿਹਾ ਹੀ ਇਕ ਵਾਕਿਆ ਅਮਰੀਕਾ ਦੇ ਇਕ 9 ਸਾਲ ਦੇ ਬੱਚੇ ਨਾਲ ਵੀ ਹੋਇਆ ਹੈ। ਉਸ ਨੇ NASA ਦੇ ਪਲੈਨੇਟਰੀ ਪ੍ਰੋਟੈਕਸ਼ਨ ਆਫਿਸਰ ਲਈ ਅਪਲਾਈ ਕੀਤਾ ਤਾਂ ਜੋ ਧਰਤੀ ਦੀ ਰਖਵਾਲੀ ਕੀਤੀ ਜਾ ਸਕੇ। NASA ਨੇ ਕੁਝ ਸਾਲ ਪਹਿਲਾਂ ਆਪਣੀ ਇਸ ਪੋਸਟ ਲਈ ਅਸਾਮੀ ਕੱਢੀ ਸੀ ਜਿਸ ਵਿਚ ਦੁਨੀਆਭਰ ਦੇ ਸਪੇਸ ਸਾਇੰਟਿਸਟ ਤੇ ਰਿਸਰਚਰਜ਼ ਨੇ ਅਪਲਾਈ ਕੀਤਾ ਹੈ। ਸਭ ਤੋਂ ਯੂਨੀਕ ਅਰਜ਼ੀ ਇਸ 9 ਸਾਲ ਦੇ ਬੱਚੇ ਦੀ ਸੀ, ਜਿਸ ਨੂੰ NASA ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ।

ਅਮਰੀਕੀ ਰਿਸਰਚ ਏਜੰਸੀ NASA ਨੇ ਆਪਣੇ ਇਸ ਪਲੈਨੇਟਰੀ ਆਫਿਸਰ ਦੀ ਅਸਾਮੀ ਲਈ ਜਾਰੀ ਕੀਤੀ ਗਈ ਲੈਟਰ 'ਚ ਲਿਖਿਆ ਸੀ ਕਿ ਇਸ ਪੋਸਟ 'ਤੇ ਕੰਮ ਕਰਨ ਵਾਲੇ ਆਫਿਸਰ ਦਾ ਕੰਮ ਚੰਦਰਮਾ ਜਾਂ ਮੰਗਲ ਗ੍ਰਹਿ ਤੋਂ ਆਉਣ ਵਾਲੇ ਐਕਸਟ੍ਰਾਟੈਰੇਸਟ੍ਰੀਅਲ ਮਾਈਕ੍ਰੋਬਜ਼ (ਧਰਤੀ ਦੇ ਬਾਹਰ ਦੇ ਜੀਵਾਣੂਆਂ) ਤੋਂ ਧਰਤੀ ਦੀ ਰੱਖਿਆ ਕਰਨਾ ਹੋਵੇਗਾ। NASA ਦੇ ਇਸ ਲੈਟਰ ਤੋਂ Jack Davis (ਜੈਕ ਡੇਵਿਸ) ਨਾਂ ਦਾ ਇਹ 9 ਸਾਲਾ ਬੱਚਾ ਏਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਇਸ ਪੋਸਟ ਲਈ ਅਪਲਾਈ ਕਰ ਦਿੱਤਾ।

ਆਪਣੀ ਅਰਜ਼ੀ 'ਚ ਜੈਕ ਡੇਵਿਸ ਲਿਖਦਾ ਹੈ, 'ਮੇਰਾ ਨਾਂ ਜੈਕ ਡੇਵਿਸ ਹੈ ਤੇ ਮੈਂ ਪਲੈਨੇਟਰੀ ਪ੍ਰੋਟੈਕਸ਼ਨ ਆਫਿਸਰ ਦੇ ਅਹੁਦੇ ਲਈ ਅਪਲਾਈ ਕਰਨਾ ਚਾਹੁੰਦਾ ਹਾਂ। ਮੈਂ ਬੇਸ਼ੱਕ 9 ਸਾਲ ਦਾ ਹਾਂ ਪਰ ਮੰਨਦਾ ਹਾਂ ਕਿ ਇਸ ਪੋਸਟ ਲਈ ਬਿਲਕੁਲ ਠੀਕ ਹਾਂ। ਇਸ ਦਾ ਇਕ ਮੁੱਖ ਕਾਰਨ ਹੈ ਕਿ ਮੇਰੀ ਭੈਣ ਮੈਨੂੰ ਏਲੀਅਨ ਬੁਲਾਉਂਦੀ ਹੈ ਤੇ ਮੈਂ ਲਗਪਗ ਸਾਰੀਆਂ ਸਪੇਸ ਤੇ ਏਲੀਅਨ ਮੂਵੀਜ਼ ਨੂੰ ਦੇਖਿਆ ਹੈ। ਮੈਂ ਮਾਰਵਲ ਏਜੰਟਸ ਆਫ ਸ਼ੀਲਡ ਦੇਖੀ ਹੈ ਤੇ ਆਸ ਕਰਦਾ ਹਾਂ ਕਿ ਮੈਨ ਇਨ ਬਲੈਕ ਵੀ ਦੇਖ ਸਕਾਂ। ਮੈਂ ਵੀਡੀਓ ਗੇਮਜ਼ 'ਚ ਬਿਹਤਰ ਹਾਂ। ਕਾਫੀ ਯੰਗ ਹਾਂ ਜਿਸ ਕਾਰਨ ਇਕ ਏਲੀਅਨ ਦੀ ਤਰ੍ਹਾਂ ਸੋਚਣ ਲਈ ਸਿੱਖ ਸਕਦਾ ਹਾਂ।'

ਹਾਲਾਂਕਿ, ਜੈਕ ਡੇਵਿਸ ਨੇ ਇਹ ਅਰਜ਼ੀ 2017 'ਚ ਲਿਖੀ ਸੀ ਪਰ ਅੱਜਕਲ੍ਹ ਇਹ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜੈਕ ਡੇਵਿਸ ਦੇ ਇਸ ਪੱਤਰ ਦੇ ਜਵਾਬ 'ਚ NASA ਦੇ ਪਲੈਨੇਟਰੀ ਡਵੀਜ਼ਨ ਦੇ ਡਾਇਰੈਕਟਰ ਡਾਕਟਰ ਜੇਮਜ਼ ਐੱਲ ਗ੍ਰੀਨ ਨੇ ਉਸ ਨੂੰ ਪੱਤਰ ਵੀ ਲਿਖਿਆ ਹੈ। ਨਾਲ ਹੀ ਉਨ੍ਹਾਂ ਜੈਕ ਡੇਵਿਸ ਨੂੰ ਕਾਲ ਵੀ ਕੀਤੀ। ਜੇਮਸ ਐੱਲ ਗ੍ਰੀਨ ਨੇ ਜੈਕ ਡੇਵਿਸ ਨੂੰ ਕਾਲ 'ਤੇ ਦੱਸਿਆ ਕਿ ਉਹ ਕਾਫੀ ਪੜ੍ਹਾਈ ਕਰੇ ਤਾਂ ਜੋ ਭਵਿੱਖ ਵਿਚ ਗਲੈਕਸੀ ਦੇ ਗਾਰਡੀਅਨ (ਰਖਵਾਲੇ) ਬਣ ਸਕੇ।

ਜੇਮਸ ਗ੍ਰੀਨ ਨੇ ਪੱਤਰ 'ਚ ਲਿਖਿਆ, 'ਅਸੀਂ ਹਮੇਸ਼ਾ ਤੋਂ ਭਵਿੱਖ ਦੇ ਉੱਭਰਦੇ ਹੋਏ ਵਿਗਿਆਨੀ ਨੂੰ ਮਦਦ ਲਈ ਲੱਭਦੇ ਹਾਂ, ਸਾਨੂੰ ਆਸ ਹੈ ਕਿ ਤੁਸੀਂ ਸਕੂਲ 'ਚ ਆਪਣੀ ਪੜ੍ਹਾਈ ਹੋਰ ਲਗਨ ਨਾਲ ਕਰੋਗੇ। ਅਸੀਂ ਤੁਹਾਨੂੰ NASA 'ਚ ਇਕ ਦਿਨ ਜ਼ਰੂਰ ਦੇਖਣਾ ਚਾਹਾਂਗੇ।' ਇਸ ਤੋਂ ਬਾਅਦ ਅਮਰੀਕੀ ਸ਼ਹਿਰ ਨਿਊ ਜਰਸੀ ਦੇ ਲਿਬਰਟੀ ਲਾਈਫ ਸੈਂਟਰ ਨੇ ਜੈਕ ਨੂੰ ਜੈਨਿਫਰ ਕੈਲਸਟੇ ਪਲੈਨੇਟੇਰੀਅਮ (Jennifer Chalsty Planetarium) ਦਾ ਅਧਿਕਾਰਤ ਕਿਡ ਸਾਇੰਸ ਐਡਵਾਈਜ਼ਰ ਬਣਾਇਆ ਹੈ।

Posted By: Seema Anand