ਜਾਗਰਣ ਬਿਊਰੋ, ਨਵੀਂ ਦਿੱਲੀ : ਲੰਬੇ ਇੰਤਜ਼ਾਰ ਤੋਂ ਬਾਅਦ ਦੂਰਸੰਚਾਰ ਵਿਭਾਗ (ਡੀਓਟੀ) ਨੇ ਟੈਲੀਕਾਮ ਕੰਪਨੀਆਂ ਨੂੰ 5ਜੀ ਟੈਲੀਫੋਨ ਸੇਵਾ ਦੇ ਟ੍ਰਾਇਲ ਦੀ ਇਜਾਜ਼ਤ ਦੇ ਦਿੱਤੀ। ਮੰਗਲਵਾਰ ਨੂੰ ਦਿੱਤੀ ਗਈ ਇਜਾਜ਼ਤ ਮੁਤਾਬਕ ਇਹ ਟ੍ਰਾਇਲ ਅਗਲੇ ਛੇ ਮਹੀਨਿਆਂ ਤਕ ਚੱਲੇਗਾ। ਇਸ ਲਿਹਾਜ਼ ਨਾਲ ਇਸ ਸਾਲ ਦਸੰਬਰ ਤੋਂ ਦੇਸ਼ 'ਚ 5ਜੀ ਸੇਵਾ ਰਸਮੀ ਰੂਪ ਨਾਲ ਬਹਾਲ ਹੋ ਸਕਦੀ ਹੈ। ਇਸ ਟ੍ਰਾਇਲ ਲਈ ਚੀਨ ਦੀਆਂ ਕੰਪਨੀਆਂ ਹੁਆਵੇ ਜਾਂ ਜੇਟੀਈ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਨਿੱਜੀ ਟੈਲੀਕਾਮ ਕੰਪਨੀਆਂ ਭਾਰਤੀ ਏਅਰਟੈੱਲ, ਰਿਲਾਇੰਸ ਜਿਓ ਤੇ ਵੋਡਾਫੋਨ ਆਈਡੀਆ ਤੋਂ ਇਲਾਵਾ ਸਰਕਾਰੀ ਕੰਪਨੀ ਮਹਾਨਗਰ ਟੈਲੀਫੋਨ ਨਿਗਮ ਲਿਮ. (ਐੱਮਟੀਐੱਨਐੱਲ) ਨੂੰ 5ਜੀ ਦੇ ਟ੍ਰਾਇਲ ਦੀ ਇਜਾਜ਼ਤ ਦਿੱਤੀ ਗਈ ਹੈ। ਇਨ੍ਹਾਂ ਕੰਪਨੀਆਂ ਨੇ ਟੈਲੀਕਾਮ ਉਪਕਰਨਾਂ ਦੇ ਮੂਲ ਨਿਰਮਾਤਾਵਾਂ ਨਾਲ ਕਰਾਰ ਕੀਤਾ ਹੈ ਜਿਨ੍ਹਾਂ ਐਰਿਕਸਨ, ਨੋਕੀਆ, ਸੈਮਸੰਗ ਤੇ ਸੀ-ਡਾਟ 5ਜੀ ਤਕਨੀਕ ਮੁਹਈਆ ਕਰਵਾਉਣਗੀਆਂ। ਰਿਲਾਇੰਸ ਜਿਓ ਆਪਣੀ ਖ਼ੁਦ ਦੀ ਵਿਕਸਤ ਤਕਨੀਕ ਦੀ ਮਦਦ ਨਾਲ ਟ੍ਰਾਇਲ ਵਿਚ ਹਿੱਸਾ ਲਵੇਗੀ।

5ਜੀ ਸੇਵਾ ਦੇ ਬਹਾਲ ਹੋਣ 'ਤੇ ਵਰਤੋਂਕਾਰ ਨੂੰ 4ਜੀ ਦੇ ਮੁਕਾਬਲੇ 10 ਗੁਣਾ ਜ਼ਿਆਦਾ ਸਪੀਡ ਨਾਲ ਡਾਊਨਲੋਡਿੰਗ ਸਹੂਲਤ ਮਿਲੇਗੀ ਪਰ ਇਸ ਤੋਂ ਵੀ ਮਹੱਤਵਪੂਰਨ ਹੈ ਕਿ ਟੈਲੀ-ਮੈਡੀਸਨ, ਟੈਲੀ-ਐਜੂਕੇਸ਼ਨ, ਡ੍ਰੋਨ ਦੀ ਮਦਦ ਨਾਲ ਕਾਸ਼ਤਾਰੀ ਨਿਗਰਾਨੀ ਵਰਗੇ ਕਈ ਖੇਤਰਾਂ ਵਿਚ ਕਾਰੋਬਾਰ ਲਈ ਨਵੇਂ ਰਾਹ ਖੁੱਲ੍ਹ ਜਾਣਗੇ। ਇਸ ਟ੍ਰਾਇਲ ਨਾਲ ਦੇਸ਼ ਵਿਚ ਵਿਕਸਤ ਕੀਤੇ ਗਏ 5ਜੀ ਫੋਨ ਤੇ ਹੋਰ ਉਪਕਰਨਾਂ ਦੀ ਵੀ ਪਰਖ ਹੋ ਜਾਵੇਗੀ। 5ਜੀ ਟ੍ਰਾਇਲ ਲਈ ਦੂਰਸੰਚਾਰ ਵਿਭਾਗ ਇਨ੍ਹਾਂ ਕੰਪਨੀਆਂ ਨੂੰ ਵੱਖਰੇ ਤੌਰ 'ਤੇ ਸਪੈਕਟ੍ਮ ਦੀ ਅਲਾਟਮੈਂਟ ਕਰੇਗਾ। ਪਰ ਇਹ ਕੰਪਨੀਆਂ ਆਪਣੇ ਪਹਿਲਾਂ ਤੋਂ ਅਲਾਟ ਸਪੈਕਟ੍ਮ 'ਤੇਵੀ 5ਜੀ ਦਾ ਟ੍ਰਾਇਲ ਕਰ ਸਕਣਗੀਆਂ।

ਦੂਰਸੰਚਾਰ ਵਿਭਾਗ ਮੁਤਾਬਕ ਇਨ੍ਹਾਂ ਕੰਪਨੀਆਂ ਨੂੰ ਛੋਟੇ ਸ਼ਹਿਰ ਤੇ ਦਿਹਾਤੀ ਇਲਾਕੇ ਵਿਚ 5ਜੀ ਦਾ ਟ੍ਰਾਇਲ ਕਰਨਾ ਹੋਵੇਗਾ ਤਾਂ ਜੋ 5ਜੀ ਸੇਵਾ ਦੀ ਰਸਮੀ ਸ਼ੁਰੂਆਤ ਪਿੱਛੋਂ ਵੱਡੇ ਸ਼ਹਿਰਾਂ ਦੇ ਨਾਲ-ਨਾਲ ਛੋਟੇ ਸ਼ਹਿਰਾਂ ਤੇ ਦਿਹਾਤੀ ਇਲਾਕਿਆਂ ਵਿਚ ਵੀ 5ਜੀ ਸੇਵਾ ਸ਼ੁਰੂ ਹੋ ਸਕੇ। ਟ੍ਰਾਇਲ ਲਈ ਦਿੱਤੇ ਗਏ ਛੇ ਮਹੀਨਿਆਂ 'ਚ ਪਹਿਲੇ ਦੋ ਮਹੀਨਿਆਂ ਵਿਚ ਉਪਕਰਨਾਂ ਦੀ ਖ਼ਰੀਦਦਾਰੀ ਤੇ ਉਨ੍ਹਾਂ ਦੀ ਸੈਟਿੰਗ ਦਾ ਕੰਮ ਕੀਤਾ ਜਾਵੇਗਾ। ਹਾਲਾਂਕਿ ਏਅਰਟੈੱਲ ਇਸ ਸਾਲ ਜਨਵਰੀ ਵਿਚ ਹੀ 5ਜੀ ਸੇਵਾ ਦੀ ਸ਼ੁਰੂਆਤ ਲਈ ਖ਼ੁਦ ਨੂੰ ਤਿਆਰ ਦੱਸਿਆ ਸੀ। ਰਿਲਾਇੰਸ ਜਿਓ ਵੀ ਆਪਣੇ 5ਜੀ ਨੈੱਟਵਰਕ ਵਿਕਸਤ ਕਰਨ ਦੀ ਜਾਣਕਾਰੀ ਦੇ ਚੁੱਕੀ ਹੈ।

ਟੈਲੀਕਾਮ ਕੰਪਨੀਆਂ ਨੂੰ 5ਜੀ ਤਕਨੀਕ ਨਾਲ 5ਜੀਆਈ ਤਕਨੀਕ 'ਤੇ ਟ੍ਰਾਇਲ ਕਰਨਾ ਪਵੇਗਾ। 5ਜੀਆਈ ਤਕਨੀਕ ਆਈਆਈਟੀ-ਮਦਰਾਸ ਤੇ ਆਈਆਈਟੀ ਹੈਦਰਾਬਾਦ ਨੇ ਸਾਂਝੇ ਰੂਪ 'ਚ ਵਿਕਸਤ ਕੀਤਾ ਹੈ ਜਿਸ ਨੂੰ ਇੰਟਰਨੈਸ਼ਨਲ ਟੈਲੀਕਿਊਨੀਕੇਸ਼ਨਜ਼ ਯੂਨੀਅਨ ਵੱਲੋਂ ਵੀ ਮਾਨਤਾ ਦਿੱਤੀ ਜਾ ਚੁੱਕੀ ਹੈ। ਦੂਰਸੰਚਾਰ ਵਿਭਾਗ ਮੁਤਾਬਕ ਟ੍ਰਾਇਲ ਪੂਰੀ ਤਰ੍ਹਾਂ ਚਾਲੂ ਨੈੱਟਵਰਕ ਤੋਂ ਵੱਖਰਾ ਹੋਵੇਗਾ ਤੇ ਇਸ ਦੀ ਕਾਰੋਬਾਰੀ ਵਰਤੋਂ ਦੀ ਇਜਾਜ਼ਤ ਨਹੀਂ ਹੋਵੇਗੀ। ਟ੍ਰਾਇਲ ਦੌਰਾਨ ਹਾਸਲ ਡਾਟਾ ਨੂੰ ਭਾਰਤ ਵਿਚ ਸਟੋਰ ਕਰਨਾ ਪਵੇਗਾ। ਹਾਲਾਂਕਿ ਦੁਨੀਆ ਦੇ ਕਈ ਦੇਸ਼ਾਂ ਵਿਚ ਜੀ ਦੀ ਸ਼ੁਰੂਆਤ ਇਕ ਸਾਲ ਤੋਂ ਵੀ ਪਹਿਲਾਂ ਹੋ ਚੁੱਕੀ ਹੈ। ਕਈ ਦੇਸ਼ ਹੁਣ 6ਜੀ ਦੀ ਤਿਆਰੀ ਵਿਚ ਲੱਗ ਚੁੱਕੇ ਹਨ।