ਬੀਜਿੰਗ (ਪੀਟੀਆਈ) : ਚੀਨ ਦੇ ਵਿਗਿਆਨੀਆਂ ਨੇ ਦੁਨੀਆ ਦਾ ਪਹਿਲਾ ਪ੍ਰਕਾਸ਼ ਆਧਾਰਤ ਕਵਾਂਟਮ ਕੰਪਿਊਟਰ ਬਣਾਉਣ ਦਾ ਦਾਅਵਾ ਕੀਤਾ ਹੈ। ਇਹ ਦੁਨੀਆ ਦੇ ਸਭ ਤੋਂ ਉੱਨਤ ਸੁਪਰ ਕੰਪਿਊਟਰ ਦੀ ਤੁਲਨਾ ਵਿਚ 100 ਖ਼ਰਬ ਗੁਣਾ ਤੇਜ਼ੀ ਨਾਲ ਕੁਝ ਗਿਣਤੀ ਕਰਨ ਦੇ ਸਮਰੱਥ ਹੈ। ਸਰਕਾਰੀ ਅਖ਼ਬਾਰ 'ਚਾਈਨਾ ਡੇਲੀ' ਨੇ ਜਰਨਲ ਸਾਇੰਸ ਵਿਚ ਪ੍ਰਕਾਸ਼ਿਤ ਅਧਿਐਨ ਦੇ ਹਵਾਲੇ ਨਾਲ ਦੱਸਿਆ ਕਿ ਕਵਾਂਟਮ ਕੰਪਿਊਟਰ (ਜਿਓਝਾਂਗ) ਨਾ ਕੇਵਲ ਕੰਪਿਊਟਿੰਗ ਦੇ ਖੇਤਰ ਵਿਚ ਮੀਲ ਦਾ ਪੱਥਰ ਹੈ ਸਗੋਂ ਕਵਾਂਟਮ ਗਿਣਤੀ ਦੇ ਲਾਭ ਨੂੰ ਵੀ ਪ੍ਰਦਰਸ਼ਿਤ ਕਰਦਾ ਹੈ।

ਮੈਟੀਰੀਅਲ ਸਾਇੰਸ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਾਕਟਰੀ ਦੇ ਖੇਤਰ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਕਵਾਂਟਮ ਕੰਪਿਊਟਰ ਅਜਿਹੇ ਸਿਮੂਲੇਸ਼ਨ 'ਤੇ ਤੇਜ਼ੀ ਨਾਲ ਚੱਲਦੇ ਹਨ ਜੋ ਪ੍ਰੰਪਰਿਕ ਕੰਪਿਊਟਰਾਂ ਲਈ ਅਸੰਭਵ ਹੈ। ਕਵਾਂਟਮ ਕੰਪਿਊਟਰ ਦਾ ਨਾਂ ਪ੍ਰਰਾਚੀਨ ਚੀਨੀ ਗਣਿਤ ਅਧਿਐਨ ਨਾਲ ਕੀਤਾ ਗਿਆ ਹੈ। ਇਹ ਕੰਪਿਊਟਰ 200 ਸਕਿੰਟਾਂ ਵਿਚ ਗਾਸੀਅਨ ਬੋਸੋਨ ਸੈਂਪਲਿੰਗ ਨਾਮਕ ਇਕ ਅਤਿਅੰਤ ਗੂੜ੍ਹ ਗਿਣਤੀ ਨੂੰ ਹੱਲ ਕਰ ਸਕਦਾ ਹੈ ਜਦਕਿ ਇਹੀ ਗਿਣਤੀ ਕਰਨ ਵਿਚ ਦੁਨੀਆ ਦੇ ਸਭ ਤੋਂ ਉੱਨਤ ਸੁਪਰ ਕੰਪਿਊਟਰ 'ਫੁਗਾਕੂ' ਨੂੰ 60 ਕਰੋੜ ਸਾਲਾਂ ਤਕ ਦਾ ਸਮਾਂ ਲੱਗ ਸਕਦਾ ਹੈ। ਦੱਸਣਯੋਗ ਹੈ ਕਿ ਚੀਨ ਨੇ ਹਾਲ ਹੀ ਦੇ ਸਾਲਾਂ ਵਿਚ ਕਵਾਂਟਮ ਤਕਨੀਕ ਵਿਚ ਮੁਹਾਰਤ ਹਾਸਲ ਕਰਨ ਲਈ ਭਾਰੀ ਨਿਵੇਸ਼ ਕੀਤਾ ਹੈ। ਚੀਨੀ ਵਿਗਿਆਨ ਅਕੈਡਮੀ (ਸੀਏਐੱਸ) ਨੇ ਕਿਹਾ ਕਿ ਸਾਲ 2017 ਵਿਚ ਚੀਨ ਨੇ ਕਵਾਂਟਮ ਕਮਿਊਨੀਕੇਸ਼ਨ ਸੈਟੇਲਾਈਟ ਨੂੰ ਹੈਕ ਪਰੂਫ ਅਤੇ ਅਲਟ੍ਰਾ ਹਾਈ ਸਕਿਓਰਿਟੀ ਫੀਚਰਸ ਨਾਲ ਲਾਂਚ ਕੀਤਾ ਸੀ।