ਚੰਡੀਗੜ੍ਹ : ਚੋਣ ਵਰ੍ਹਾ ਹੋਣ ਕਰ ਕੇ ਪੰਜਾਬ ਸਰਕਾਰ ਦਾ ਬਜਟ ਇਜਲਾਸ ਹੰਗਾਮਾ ਭਰਪੂਰ ਰਹਿਣ ਦੀਆਂ ਸੰਭਾਵਨਾਵਾਂ ਹਨ। ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਤੇ ਭਾਜਪਾ ਗਠਜੋੜ ਵੱਲੋਂ ਬੇਸ਼ੱਕ ਬਜਟ ਇਜਲਾਸ ਦੌਰਾਨ ਲੋਕ ਹਿੱਤ ਦੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਲਈ ਰਣਨੀਤੀ ਬਣਾਈ ਜਾ ਰਹੀ ਹੈ ਪਰ ਧੜੇਬਾਜ਼ੀ ਕਾਰਨ ਆਮ ਆਦਮੀ ਪਾਰਟੀ ਅਤੇ ਪੰਥਕ ਤੇ ਕਿਸਾਨੀ ਮੁੱਦਿਆਂ 'ਤੇ ਅਕਾਲੀ ਦਲ ਸੱਤਾ ਧਿਰ ਅੱਗੇ ਬੇਵੱਸ ਹੋ ਸਕਦੇ ਹਨ। ਸੱਤਾ ਧਿਰ ਵੱਲੋਂ ਅਕਾਲੀ ਦਲ ਨੂੰ ਪੰਥਕ, ਕਿਸਾਨੀ, ਅਮਨ ਕਾਨੂੰਨ ਦੀ ਸਥਿਤੀ ਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਘੇਰਨ ਲਈ ਪੂਰੀ ਰਣਨੀਤੀ ਬਣਾ ਲਈ ਹੈ। ਵਿਰੋਧੀ ਧਿਰ ਦਾ ਧੜੇਬਾਜ਼ੀ ਵਿਚ ਵੰਡਿਆ ਜਾਣਾ ਸਰਕਾਰ ਲਈ ਰਾਹਤ ਭਰਿਆ ਹੋਵੇਗਾ।

ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋਏ ਸੁਖਪਾਲ ਸਿੰਘ ਖਹਿਰਾ ਤੇ ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਵੱਲੋਂ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬੀ ਏਕਤਾ ਪਾਰਟੀ ਦਾ ਗਠਨ ਕੀਤਾ ਗਿਆ ਹੈ। ਦਾਖਾ ਤੋਂ ਵਿਧਾਇਕ ਤੇ ਸੀਨੀਅਰ ਵਕੀਲ ਐੱਚਐੱਸ ਫੂਲਕਾ ਵਿਧਾਇਕ ਅਹੁਦੇ ਤੇ 'ਆਪ' ਦੀ ਮੁੱਢਲੀ ਮੈਂਬਰਸਿਪ ਤੋਂ ਅਸਤੀਫ਼ਾ ਦੇ ਚੁੱਕੇ ਹਨ ਜਦੋਂ ਕਿ 'ਆਪ' ਦੇ ਤੇਜ਼ਤਰਾਰ ਵਿਧਾਇਕ ਅਮਨ ਅਰੋੜਾ ਵਿਦੇਸ਼ ਦੌਰੇ 'ਤੇ ਜਾ ਰਹੇ ਹਨ ਅਤੇ ਤਲਵੰਡੀ ਸਾਬੋ ਤੋ ਵਿਧਾਇਕ ਬਲਜਿੰਦਰ ਕੌਰ ਦਾ ਵਿਆਹ ਹੈ ਜਿਨ੍ਹਾਂ ਦੇ ਸਦਨ ਵਿਚ ਸਰਗਰਮੀ ਨਾਲ ਹਿੱਸਾ ਲੈਣ ਨੂੰ ਲੈ ਕੇ ਜੱਕੋਤੱਕੀ ਦਾ ਮਾਹੌਲ ਹੈ। ਇਨ੍ਹਾਂ ਹਾਲਾਤ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਸਦਨ ਵਿਚ ਘੱਟ ਰਹੇਗੀ ਜਿਸ ਦਾ ਫਾਇਦਾ ਸਿੱਧੇ ਰੂਪ ਵਿਚ ਸੱਤਾ ਧਿਰ ਨੂੰ ਰਹੇਗਾ।

ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਬਾਗ਼ੀ ਵਿਧਾਇਕਾਂ ਨੂੰ ਸਦਨ ਵਿਚ ਕਿਨਾਰਾ ਲਗਾ ਕੇ ਰੱਖਣ ਦੀ ਰਣਨੀਤੀ ਬਣਾਈ ਗਈ ਹੈ। ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਬੇਸ਼ੱਕ ਸਰਕਾਰ ਨੂੰ ਲੋਕ ਹਿੱਤ ਦੇ ਮੁੱਦਿਆਂ 'ਤੇ ਘੇਰਨ ਲਈ ਰਣਨੀਤੀ ਬਣਾਈ ਗਈ ਹੈ ਪਰ ਸਰਕਾਰ ਵੱਲੋਂ ਬਜਟ, ਰਾਜਪਾਲ ਦੇ ਭਾਸ਼ਣ ਸਮੇਤ ਹੋਰਨਾਂ ਮੁੱਦਿਆਂ 'ਤੇ ਬਹਿਸ ਵਿਚ ਚਰਚਾ ਲੈਣ ਲਈ 'ਆਪ' ਵੱਲੋਂ ਜੋ ਰਣਨੀਤੀ ਬਣਾਈ ਗਈ ਹੈ, ਉਸ ਵਿਚ ਸੁਖਪਾਲ ਖਹਿਰਾ ਧੜੇ ਨਾਲ ਗਏ ਵਿਧਾਇਕਾਂ ਨੂੰ ਦੂਰ ਰੱਖਿਆ ਜਾਵੇਗਾ। ਯਾਨੀ 'ਆਪ' ਵੱਲੋਂ ਇਨ੍ਹਾਂ ਵਿਧਾਇਕਾਂ ਨੂੰ ਸਦਨ ਵਿਚ ਤਵੱਜੋ ਨਹੀਂ ਦਿੱਤੀ ਜਾਵੇਗੀ। ਯਾਨੀ ਖਹਿਰਾ ਧੜੇ ਨਾਲ ਚੱਲ ਰਹੇ 'ਆਪ' ਵਿਧਾਇਕ ਸਪੀਕਰ ਦੇ ਰਹਮੋ ਕਰਮ ਪਰ ਬੋਲ ਸਕਣਗੇ।

ਸੂਤਰ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਵੱਲੋਂ ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਜੇ ਖਹਿਰਾ ਧੜੇ ਨਾਲ ਗਏ ਵਿਧਾਇਕ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੂੰ ਬੋਲਣ ਸਮਾਂ ਮੰਗਣਗੇ ਤਾਂ ਵਿਰੋਧੀ ਧਿਰ ਦੇ ਨੇਤਾ ਫਿਰ ਉਨ੍ਹਾਂ ਨੂੰ ਪਾਰਟੀ ਦੇ ਸਮੇਂ ਵਿਚੋਂ ਸਮਾਂ ਦੇਣ ਲਈ ਰਾਜੀ ਹੋ ਸਕਦੇ ਹਨ। ਕੁੱਲ ਮਿਲਾ ਕੇ ਬੇਸ਼ੱਕ ਵਿਰੋਧੀ ਧਿਰਾਂ ਵੱਲੋਂ ਸਰਕਾਰ ਦੀ ਦੋ ਸਾਲ ਦੀ ਕਾਰਗੁਜ਼ਾਰੀ 'ਤੇ ਸਰਕਾਰ ਨੂੰ ਘੇਰਿਆ ਜਾਵੇਗਾ ਪਰ ਗੁੱਟਬਾਜ਼ੀ ਵਿਚ ਵੰਡੀ ਆਪ ਅਤੇ ਦਸ ਸਾਲਾਂ ਦੀ ਅਕਾਲੀ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਉਲਟਾ ਉਨ੍ਹਾਂ (ਵਿਰੋਧੀ ਧਿਰ) 'ਤੇ ਭਾਰੂ ਪੈ ਸਕਦੀ ਹੈ।