ਨਵੀਂ ਦਿੱਲੀ (ਪੀਟੀਆਈ) : ਭਾਰਤੀ ਮੁੱਕੇਬਾਜ਼ ਨਿਕਹਤ ਜ਼ਰੀਨ ਨੇ ਸ਼ੁੱਕਰਵਾਰ ਨੂੰ ਕਜ਼ਾਕਿਸਤਾਨ ਦੀ ਦੋ ਵਾਰ ਦੀ ਵਿਸ਼ਵ ਚੈਂਪੀਅਨ ਨਜੀਮ ਕਜਾਇਬੇ ਨੂੰ ਹਰਾ ਕੇ ਇਸਤਾਂਬੁਲ ਵਿਚ ਚੱਲ ਰਹੇ ਬੋਸਫੋਰਸ ਮੁੱਕੇਬਾਜ਼ੀ ਟੂਰਨਾਮੈਂਟ ਦੇ ਮਹਿਲਾਵਾਂ ਦੇ 51 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ਵਿਚ ਥਾਂ ਬਣਾਈ। ਇਸ ਤੋਂ ਪਹਿਲਾਂ ਪ੍ਰਰੀ ਕੁਆਰਟਰ ਫਾਈਨਲ ਵਿਚ ਰੂਸ ਦੀ 2019 ਦੀ ਵਿਸ਼ਵ ਚੈਂਪੀਅਨ ਪੇਲਟਸੇਵਾ ਇਕਟੇਰੀਨਾ ਨੂੰ ਹਰਾਉਣ ਵਾਲੀ ਜ਼ਰੀਨ ਕਜ਼ਾਕਿਸਤਾਨ ਦੀ ਆਪਣੀ ਵਿਰੋਧੀ ਖ਼ਿਲਾਫ਼ ਆਤਮਵਿਸ਼ਵਾਸ ਨਾਲ ਭਰੀ ਦਿਖਾਈ ਦਿੱਤੀ। ਉਨ੍ਹਾਂ ਨੇ 2014 ਤੇ 2016 ਵਿਸ਼ਵ ਚੈਂਪੀਅਨਸ਼ਿਪ ਦੀ ਗੋਲਡ ਮੈਡਲ ਜੇਤੂ ਕਜਾਇਬੇ ਨੂੰ 4-1 ਨਾਲ ਹਰਾਇਆ ਤੇ ਆਪਣੇ ਲਈ ਮੈਡਲ ਪੱਕਾ ਕੀਤਾ। ਜ਼ਰੀਨ ਤੋਂ ਇਲਾਵਾ 2018 ਰਾਸ਼ਟਰਮੰਡਲ ਖੇਡਾਂ ਦੇ ਗੋਲਡ ਮੈਡਲ ਜੇਤੂ ਗੌਰਵ ਸੋਲੰਕੀ ਵੀ ਸੈਮੀਫਾਈਨਲ ਵਿਚ ਪੁੱਜ ਗਏ। ਉਨ੍ਹਾਂ ਨੇ ਮਰਦਾਂ ਦੇ 57 ਕਿਲੋਗ੍ਰਾਮ ਵਿਚ ਸਥਾਨਕ ਮੁੱਕੇਬਾਜ਼ ਅਇਕੋਲ ਮਿਜਾਨ ਨੂੰ 4-1 ਨਾਲ ਹਰਾਇਆ।

ਸੋਨੀਆ, ਪਰਵੀਨ ਤੇ ਜੋਤੀ ਹਾਰ ਕੇ ਬਾਹਰ :

ਮਹਿਲਾ ਮੁੱਕੇਬਾਜ਼ਾਂ ਵਿਚ ਸੋਨੀਆ ਲਾਠੇਰ (57 ਕਿਲੋਗ੍ਰਾਮ), ਪਰਵੀਨ (60 ਕਿਲੋਗ੍ਰਾਮ) ਤੇ ਜੋਤੀ (69 ਕਿਲੋਗ੍ਰਾਮ) ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਈਆਂ। ਇਸ ਵਿਚਾਲੇ ਮਰਦ ਵਰਗ ਵਿਚ ਸ਼ਿਵ ਥਾਪਾ (63 ਕਿਲੋਗ੍ਰਾਮ) ਨੂੰ ਤੁਰਕੀ ਦੇ ਹਕਾਨ ਡੋਗਾਨ ਹੱਥੋਂ 1-4 ਨਾਲ ਹਾਰ ਸਹਿਣੀ ਪਈ।