ਬਾਰਸੀਲੋਨਾ (ਏਜੰਸੀ) : ਸਪੇਨਿਸ਼ ਫੁੱਟਬਾਲ ਕਲੱਬ ਬਾਰਸੀਲੋਨਾ ਨੇ ਲਾ ਲੀਗਾ ਵਿਚ ਵੇਲੇਂਸੀਆ ਨੂੰ 5-2 ਨਾਲ ਕਰਾਰੀ ਹਾਰ ਦਿੱਤੀ। ਇਸ ਦੌਰਾਨ ਬਾਰਸੀਲੋਨਾ ਦੇ 16 ਸਾਲਾਂ ਨੌਜਵਾਨ ਅੰਸੂ ਫਾਤੀ ਨੇ ਸੀਨੀਅਰ ਟੀਮ ਵਿਚ ਆਪਣੇ ਧਮਾਕੇਦਾਰ ਸ਼ੁਰੂਆਤ ਦੇ ਦੌਰ ਨੂੰ ਜਾਰੀ ਰੱਖਿਆ ਅਤੇ ਇਕ ਗੋਲ ਕਰਨ ਤੋਂ ਇਲਾਵਾ ਗੋਲ ਕਰਨ ਦਾ ਇਕ ਮੌਕਾ ਵੀ ਤਿਆਰ ਕੀਤਾ। ਬਾਰਸੀਲੋਨਾ ਵੱਲੋਂ ਸਟ੍ਰਾਈਕਰ ਫਾਤੀ (ਦੂਜੇ ਮਿੰਟ), ਫਰੈਂਕੀ ਡਿ ਜੋਂਗ (ਸੱਤਵੇਂ ਮਿੰਟ ਅਤੇ ਜੇਰਾਡਰ ਪਿਕ (51ਵੇਂ ਮਿੰਟ) ਨੇ ਇਕ-ਇਕ ਗੋਲ ਦਾਗੇ, ਜਦਕਿ ਲੁਇਸ ਸੁਆਰੇਜ਼ (61ਵੇਂ ਅਤੇ 82ਵੇਂ ਮਿੰਟ) ਨੇ ਦੋ ਵਾਰ ਗੇਂਦ ਨੂੰ ਗੋਲ ਪੋਸਟ ਵਿਚ ਪਹੁੰਚਾ ਕੇ ਮੌਜੂਦਾ ਸੈਸ਼ਨ ਵਿਚ ਬਾਰਸੀਲੋਨਾ ਨੂੰ ਦੂਜੀ ਜਿੱਤ ਦਿਵਾਈ। ਉਥੇ ਵੇਲੇਂਸੀਆ ਵੱਲੋਂ ਕੇਵਿਨ ਗੋਮੇਰਿਓ (27ਵੇਂ ਮਿੰਟ) ਅਤੇ ਮੈਕਸੀ ਗੋਮੇਜ਼ (908+2ਵੇਂ ਮਿੰਟ) ਨੇ ਸਕੋਰ ਕੀਤੇ ਪਰ ਇਸ ਦੇ ਬਾਵਜੂਦ ਉਸ ਨੂੰ ਪਿਛਲੇ ਤਿੰਨ ਸਾਲ ਵਿਚ ਸਭ ਤੋਂ ਵੱਡੀ ਹਾਰ ਝੱਲਣੀ ਪਈ। ਪਿਛਲੇ ਹਫ਼ਤੇ ਬਾਰਸੀਲੋਨਾ ਵੱਲੋਂ ਗੋਲ ਕਰਨ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣੇ ਫਾਤੀ ਨੇ ਕੈਂਪ ਨਾਊ ਵਿਚ ਪਹਿਲੀ ਵਾਰ ਸਕੋਰ ਕੀਤਾ ਅਤੇ ਡਿ ਜੋਂਗ ਦੇ ਪਾਸ 'ਤੇ ਗੋਲ ਕਰ ਕੇ ਬਾਰਸੀਲੋਨਾ ਨੂੰ ਦੂਜੇ ਹੀ ਮਿੰਟ ਵਿਚ ਬੜ੍ਹਤ ਦਿਵਾਈ। ਇਸ ਤੋਂ ਬਾਅਦ ਉਨ੍ਹਾਂ ਨੇ ਡਿ ਜੋਂਗ ਲਈ ਗੋਲ ਦਾ ਮੌਕਾ ਤਿਆਰ ਕੀਤਾ, ਜੋ ਬਾਰਸੀਲੋਨਾ ਵੱਲੋਂ ਉਨ੍ਹਾਂ ਦਾ ਪਹਿਲਾਂ ਗੋਲ ਸੀ। ਇਸ ਮੁਕਾਬਲੇ ਵਿਚ ਬਾਰਸੀਲੋਨਾ ਦੇ ਜ਼ਖ਼ਮੀ ਸਟ੍ਰਾਈਕਰ ਲਿਓਨ ਮੇਸੀ ਨਹੀਂ ਉਤਰੇ ਜੋ ਸਟੈਂਡ ਵਿਚ ਬੈਠ ਕੇ ਮੁਕਾਬਲੇ ਦੇਖ ਰਹੇ ਸਨ। ਦੋ ਗੋਲ ਕਰਨ ਵਾਲੇ ਸੁਆਰੇਜ਼ ਦਾ ਕੈਂਪ ਨਾਊ ਦੇ ਘਰੇਲੂ ਪ੍ਰਸ਼ੰਸਕਾਂ ਨੇ ਨਿੱਘਾ ਸਵਾਗਤ ਕੀਤਾ ਪਰ ਫਾਤੀ ਦੇ ਪ੍ਰਦਰਸ਼ਨ 'ਤੇ ਸਭ ਤੋਂ ਜ਼ਿਆਦਾ ਤਾੜੀਆਂ ਵੱਜੀਆਂ। ਦਰਸ਼ਕ ਲਗਾਤਾਰ ਫਾਤੀ ਦਾ ਨਾਂ ਪੁਕਾਰਦੇ ਰਹੇ। ਚਾਰ ਮੁਕਾਬਲਿਆਂ ਵਿਚ ਦੋ ਜਿੱਤ, ਇਕ ਹਾਰ ਅਤੇ ਇਕ ਡਰਾਅ ਨਾਲ ਸੱਤ ਅੰਕ ਲੈ ਕੇ ਬਾਰਸੀਲੋਨਾ ਅੰਕ ਸੂਚੀ ਵਿਚ ਚੌਥੇ ਸਥਾਨ 'ਤੇ ਹੈ।

ਹਾਰ ਦੇ ਬਾਵਜੂਦ ਐਟਲੇਟਿਕੋ ਟਾਪ 'ਤੇ : ਇਕ ਹੋਰ ਮੁਕਾਬਲੇ ਵਿਚ ਐਟਲੇਟਿਕੋ ਮੈਡਿ੍ਡ ਨੂੰ ਰੀਅਲ ਸੋਸਿਏਦਾਦ ਦੇ ਹੱਥੋਂ 0-2 ਨਾਲ ਹਾਰ ਝੱਲਣੀ ਪਈ। ਹਾਲਾਂਕਿ ਹਾਰ ਦੇ ਬਾਵਜੂਦ ਐਟਲੇਟਿਕੋ ਨੇ ਅੰਕ ਸੂਚੀ ਵਿਚ ਨੌਂ ਅੰਕਾਂ ਦੇ ਨਾਲ ਆਪਣਾ ਟਾਪ ਸਥਾਨ ਬਰਕਾਰ ਰੱਖਿਆਸ਼ ਰੀਅਲ ਮੈਡਿ੍ਡ ਅੱਠ ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹੈ, ਜਿਸ ਨੇ ਸ਼ਨਿਚਰਵਾਰ ਨੂੰ ਲੇਵਾਂਤੇ ਨੂੰ 3-2 ਨਾਲ ਹਰਾਇਆ।

ਮੈਸੀ ਦੇ ਬੇਟੇ ਨੇ ਬਟੋਰੀਆਂ ਸੁਰਖੀਆਂ

ਨਵੀਂ ਦਿੱਲੀ (ਏਜੰਸੀ) : ਬਾਰਸੀਲੋਨਾ ਅਤੇ ਅਰਜਨਟੀਨਾ ਦੇ ਸਟਾਰ ਸਟ੍ਰਾਈਕਰ ਲਿਓਨ ਮੈਸੀ ਦੇ ਬੇਟੇ ਮਾਤਿਓ ਆਪਣੇ ਪਿਤਾ ਦੀ ਰਾਹ 'ਤੇ ਚੱਲ ਪਏ ਹਨ। ਮੈਸੀ ਦੀ ਪਤਨੀ ਐਟੋਨੇਲਾ ਰੋਕੁਜੋ ਨੇ ਮਾਤਿਓ ਦਾ ਇਕ ਵੀਡਿਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ, ਜੋ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ ਵੀਡਿਓ ਵਿਚ ਮਾਤਿਓ ਪੈਨਲਟੀ ਕਿੱਕ 'ਤੇ ਗੋਲ ਕਰਨ ਤੋਂ ਬਾਅਦ ਆਪਣੇ ਪਿਤਾ ਵਾਂਗ ਜਸ਼ਨ ਮਨਾਉਂਦੇ ਦਿਖਾਈ ਦੇ ਰਹੇ ਹਨ। ਰੋਕੁਜੋ ਨੇ ਵੀਡਿਓ ਨੂੰ ਪੋਸਟ ਕਰਦੇ ਹੋਏ ਸਪੇਨਿਸ਼ ਵਿਚ ਲਿਖਿਆ ਕਿ ਜਨਮ ਦਿਨ ਦੀਆਂ ਵਧਾਈਆਂ ਮੇਰੇ ਪਿਆਰੇ।