ਮੁਲਾਕਾਤ

ਉਹ ਜਦ ਨੇਜ਼ਾ ਲੈ ਕੇ ਸਟੇਡੀਅਮ ਵਿਚ ਸੁੱਟਣ ਲਈ ਦੌੜਦਾ ਹੈ ਤਾਂ ਹਜ਼ਾਰਾਂ ਦੀ ਭੀੜ ਭਾਰਤ ਦੇ ਸਟਾਰ ਦੀ ਖੇਡ ਦੇਖਣ ਲਈ ਸਟੇਡੀਅਮ ਦੀਆਂ ਪੌੜੀਆਂ 'ਤੇ ਖੜ੍ਹੀ ਹੋ ਜਾਂਦੀ ਹੈ। ਜਨਵਰੀ ਵਿਚ ਦੱਖਣੀ ਅਫਰੀਕਾ ਵਿਚ ਟੋਕੀਓ ਓਲੰਪਿਕ ਦੀ ਟਿਕਟ ਹਾਸਲ ਕਰਨ ਵਾਲੇ ਨੇਜ਼ਾ ਸੁੱਟ ਖਿਡਾਰੀ ਨੀਰਜ ਚੋਪੜਾ ਦਾ ਓਲੰਪਿਕ ਵਿਚ ਮੈਡਲ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਪੂਰੀ ਦੁਨੀਆ ਦੇ ਸਟਾਰ ਖਿਡਾਰੀ ਦਾ ਕਹਿਣਾ ਹੈ ਕਿ ਓਲੰਪਿਕ 2020 ਰੱਦ ਹੋਇਆ ਹੈ ਤਾਂ ਕੀ ਹੋਇਆ। ਕੋਰੋਨਾ ਮਹਾਮਾਰੀ ਵਿਚ ਸਾਰੇ ਉਲਟਫੇਰਾਂ 'ਤੇ ਅਨਿਲ ਭਾਰਦਵਾਜ ਨੇ ਨੀਰਜ ਚੋਪੜਾ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

-ਲਾਕਡਾਊਨ 'ਚ ਸਾਰੇ ਖਿਡਾਰੀ ਪਰਿਵਾਰ ਨਾਲ ਹਨ ਪਰ ਤੁਸੀਂ ਪਟਿਆਲਾ ਹਾਸਟਲ ਵਿਚ ਰਹਿ ਰਹੇ ਹੋ?

-ਮੈਂ ਜਦ ਤੁਰਕੀ ਤੋਂ ਆਇਆ ਸੀ ਤਾਂ ਉਨ੍ਹਾਂ ਦਿਨਾਂ ਦੌਰਾਨ ਨਿਯਮ ਸੀ ਕਿ ਵਿਦੇਸ਼ ਤੋਂ ਆਉਣ ਵਾਲਾ ਹਰ ਵਿਅਕਤੀ 14 ਦਿਨ ਆਈਸੋਲੇਸ਼ਨ ਸੈਂਟਰ ਵਿਚ ਰਹੇਗਾ। ਜਿਸ ਕਾਰਨ ਮੈਂ ਘਰ ਨਹੀਂ ਜਾ ਸਕਿਆ। ਮੈਨੂੰ ਮਜਬੂਰੀ ਵਿਚ ਪਟਿਆਲਾ ਹਾਸਟਲ ਵਿਚ ਸ਼ਰਣ ਲੈਣੀ ਪਈ। ਮੈਂ ਸੋਚਿਆ ਸੀ ਕਿ 14 ਦਿਨਾਂ ਬਾਅਦ ਘਰ ਚਲਾ ਜਾਵਾਂਗਾ ਪਰ ਤਦ ਤਕ ਦੇਸ਼ ਵਿਚ ਲਾਕਡਾਊਨ ਹੋ ਚੁੱਕਾ ਸੀ ਤੇ ਮੈਂ ਇੱਥੇ ਫਸ ਕੇ ਰਹਿ ਗਿਆ। ਮੇਰੀ ਇੱਛਾ ਸੀ ਕਿ ਲਾਕਡਾਊਨ ਦੇ ਸਮੇਂ ਮਾਤਾ-ਪਿਤਾ ਨਾਲ ਰਹਾਂਗਾ ਪਰ ਅਜਿਹਾ ਨਹੀਂ ਹੋ ਸਕਿਆ।

-ਲਾਕਡਾਊਨ ਵਿਚ ਸਿਖਲਾਈ ਬੰਦ ਹੈ ਤੇ ਆਪਣੇ ਆਪ ਨੂੰ ਫਿੱਟ ਰੱਖਣ ਦਾ ਵੱਡਾ ਚੈਲੰਜ ਹੋਵੇਗਾ?

-ਮੇਰੇ ਹਾਸਟਲ ਕੋਲ ਇਕ ਛੋਟਾ ਜਿਹਾ ਪਾਰਕ ਹੈ ਤੇ ਉਸੇ ਵਿਚ ਵਾਕ, ਯੋਗਾ ਤੇ ਸੂਰਜ ਨਮਸਕਾਰ ਕਰ ਕੇ ਆਪਣੇ ਆਪ ਨੂੰ ਫਿੱਟ ਰੱਖਣ ਦਾ ਸੰਘਰਸ਼ ਜਾਰੀ ਹੈ ਕਿਉਂਕਿ ਲਾਕਡਾਊਨ ਕਾਰਨ ਮੈਦਾਨ 'ਤੇ ਨਹੀਂ ਜਾਣ ਦਿੱਤਾ ਜਾ ਰਿਹਾ। ਇਹ ਸਮਾਂ ਹਰ ਖਿਡਾਰੀ ਲਈ ਮੁਸ਼ਕਲ ਹੈ, ਕਿਉਂਕਿ ਸਿਖਲਾਈ ਨਹੀਂ ਹੋ ਪਾ ਰਹੀ ਹੈ।

-ਸਰਜਰੀ ਤੋਂ ਬਾਅਦ ਤੁਹਾਨੂੰ ਤਿਆਰੀ ਦਾ ਜ਼ਿਆਦਾ ਸਮਾਂ ਨਹੀਂ ਮਿਲਿਆ। ਓਲੰਪਿਕ ਅਗਲੇ ਸਾਲ ਤਕ ਟਲ਼ ਜਾਣ ਦਾ ਤੁਹਾਨੂੰ ਬਹੁਤ ਲਾਭ ਹੋਵੇਗਾ?

-ਇਹ ਤੁਹਾਡਾ ਮੰਨਣਾ ਹੈ। ਤੁਹਾਨੂੰ ਪਤਾ ਹੋਵੇਗਾ ਕਿ ਸਰਜਰੀ ਤੋਂ ਬਾਅਦ ਮੈਂ ਕਈ ਚੈਂਪੀਅਨਸ਼ਿਪਾਂ ਖੇਡੀਆਂ ਹਨ ਤੇ ਦੱਖਣੀ ਅਫਰੀਕਾ ਵਿਚ ਟੋਕੀਓ ਦੀ ਟਿਕਟ ਹਾਸਲ ਕੀਤੀ ਹੈ। ਮੇਰੀ ਤਿਆਰੀ ਬਿਹਤਰ ਸੀ ਤਦ ਹੀ ਮੈਂ ਟਿਕਟ ਹਾਸਲ ਕਰਨ ਵਿਚ ਕਾਮਯਾਬ ਰਿਹਾ। ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਜੇ ਓਲੰਪਿਕ 2020 ਵਿਚ ਹੁੰਦਾ ਜਾਂ ਅਗਲੇ ਸਾਲ ਹੋਵੇਗਾ। ਹਾਂ, ਓਲੰਪਿਕ ਅਗਲੇ ਸਾਲ ਤਕ ਟਲ਼ ਜਾਣ ਦਾ ਸਮਰਥਨ ਮੈਂ ਜ਼ਰੂਰ ਕਰਦਾ ਹਾਂ।

-ਤੁਸੀਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਰਾਹਤ ਕੋਸ਼ ਵਿਚ ਸਹਿਯੋਗ ਕੀਤਾ ਪਰ ਕਿਸੇ ਨੂੰ ਦੱਸਿਆ ਨਹੀਂ?

-ਹਾਂ, ਮੈਂ ਦੋ ਲੱਖ ਰੁਪਏ ਪ੍ਰਧਾਨ ਮੰਤਰੀ ਤੇ ਇਕ ਲੱਖ ਰੁਪਏ ਮੁੱਖ ਮੰਤਰੀ ਰਾਹਤ ਕੋਸ਼ ਵਿਚ ਦਿੱਤੇ ਹਨ। ਮੈਨੂੰ ਲਗਦਾ ਹੈ ਕਿ ਸਾਰਿਆਂ ਨੂੰ ਕੁਝ ਨਾ ਕੁਝ ਸਹਿਯੋਗ ਕਰਨਾ ਚਾਹੀਦਾ ਹੈ ਤਾਂਕਿ ਹਰ ਵਿਅਕਤੀ ਦੀ ਸਹਾਇਤਾ ਹੋ ਸਕੇ। ਮੈਨੂੰ ਖ਼ੁਸ਼ੀ ਹੋਈ ਇਹ ਦੇਖ ਕੇ ਕਿ ਅੱਜ ਹਰਿਆਣਾ ਤੇ ਦੇਸ਼ ਦੇ ਹਰ ਸੂਬੇ ਵਿਚ ਲੋਕ ਗਰੀਬਾਂ ਲਈ ਭੋਜਨ ਦੀ ਵਿਵਸਥਾ ਕਰਨ ਵਿਚ ਲੱਗੇ ਹਨ।

-ਕੀ ਤੁਸੀਂ ਇੰਨੇ ਲੰਬੇ ਲਾਕਡਾਊਨ ਦਾ ਸਮਰਥਨ ਕਰਦੇ ਹੋ?

-ਬਿਲਕੁਲ ਸਮਰਥਨ ਕਰਦਾ ਹਾਂ ਤੇ ਲੋਕਾਂ ਦੀ ਜਾਨ ਬਚਾਉਣ ਲਈ ਜੇ ਇਸ ਨੂੰ ਵਧਾਉਣਾ ਪਵੇਗਾ ਤਾਂ ਉਸ ਦਾ ਵੀ ਸਮਰਥਨ ਕਰਦਾ ਹਾਂ। ਲਾਕਡਾਊਨ ਸਾਡੀ ਜਾਨ ਬਚਾਉਣ ਲਈ ਕੀਤਾ ਜਾ ਰਿਹਾ ਹੈ ਤੇ ਮੇਰੀ ਅਪੀਲ ਹੈ ਦੇਸ਼ ਦੇ ਨੌਜਵਾਨ ਸਾਥੀਆਂ ਨੂੰ ਕਿ ਉਹ ਲਾਕਡਾਊਨ ਦੀ ਪਾਲਨਾ ਕਰਨਵਾਉਣ ਵਿਚ ਸਰਕਾਰਾਂ ਦਾ ਸਾਥ ਦੇਣ।