ਪੈਰਿਸ (ਏਪੀ) : ਸਾਬਕਾ ਚੈਂਪੀਅਨ ਯੇਲੇਨਾ ਓਸਤਾਪੇਂਕੋ ਨੇ ਸਾਬਕਾ ਵਿਸ਼ਵ ਨੰਬਰ ਇਕ ਚੈੱਕ ਗਣਰਾਜ ਦੀ ਕੈਰੋਲੀਨਾ ਪਲਿਸਕੋਵਾ ਨੂੰ ਹਰਾ ਕੇ ਇੱਥੇ ਜਾਰੀ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ ਵਿਚ ਥਾਂ ਬਣਾਈ। ਲਾਤਵੀਆ ਦੀ ਓਸਤਾਪੇਂਕੋ 2017 ਤੋਂ ਬਾਅਦ ਤੋਂ ਪਹਿਲੀ ਵਾਰ ਰੋਲਾ ਗੈਰਾਂ ਟੂਰਨਾਮੈਂਟ ਦੇ ਤੀਜੇ ਗੇੜ ਵਿਚ ਪੁੱਜੀ ਹੈ। ਉਨ੍ਹਾਂ ਨੇ ਆਪਣੇ ਦੂਜੇ ਗੇੜ ਦੇ ਮੁਕਾਬਲੇ ਵਿਚ ਪਲਿਸਕੋਵਾ ਨੂੰ ਸਿੱਧੇ ਸੈੱਟਾਂ ਵਿਚ 6-4, 6-2 ਨਾਲ ਮਾਤ ਦਿੱਤੀ। ਓਸਤਾਪੇਂਕੋ ਨੇ ਦੂਜਾ ਦਰਜਾ ਪਲਿਸਕੋਵਾ ਨੂੰ ਇਕ ਘੰਟੇ ਨੌਂ ਮਿੰਟ ਵਿਚ ਹਰਾਇਆ। ਓਸਤਾਪੇਂਕੋ ਨੇ 2017 ਵਿਚ ਆਪਣਾ ਇੱਕੋ ਇਕ ਮੇਜਰ ਖ਼ਿਤਾਬ ਇੱਥੇ ਜਿੱਤਿਆ ਸੀ। ਪਲਿਸਕੋਵਾ ਉਸ ਸਾਲ ਸੈਮੀਫਾਈਨਲ ਵਿਚ ਪੁੱਜੀ ਸੀ ਤੇ ਸਿਮੋਨਾ ਹਾਲੇਪ ਹੱਥੋਂ ਹਾਰ ਗਈ ਸੀ। ਮਹਿਲਾ ਸਿੰਗਲਜ਼ ਦੇ ਹੋਰ ਮੈਚ ਵਿਚ ਅਮਰੀਕਾ ਦੀ ਖਿਡਾਰਨ ਕੋਕੋ ਗਾਫ ਨੂੰ ਇਟਲੀ ਦੀ ਮਾਰਟੀਨਾ ਟ੍ਰੇਵੀਸਾਨ ਹੱਥੋਂ 6-4, 2-6, 5-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਭਾਰਤ ਦੇ ਦਿਵਿਜ ਸ਼ਰਣ ਟੂਰਨਾਮੈਂਟ 'ਚੋਂ ਬਾਹਰ :

ਭਾਰਤ ਦੇ ਦਿਵਿਜ ਸ਼ਰਣ ਤੇ ਉਨ੍ਹਾਂ ਦੇ ਦੱਖਣੀ ਕੋਰੀਆਈ ਜੋੜੀਦਾਰ ਕਵੋਨ ਸੂਨ ਵੂ ਨੂੰ ਟੂਰਨਾਮੈਂਟ ਦੇ ਮਰਦ ਡਬਲਜ਼ ਦੇ ਪਹਿਲੇ ਗੇੜ ਦੇ ਮੈਚ ਵਿਚ ਸਖ਼ਤ ਸੰਘਰਸ਼ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਰਣ ਤੇ ਕਵੋਨ ਸੂਨ ਵੂ ਦੀ ਗ਼ੈਰ ਦਰਜਾ ਹਾਸਲ ਜੋੜੀ ਕ੍ਰੋਏਸ਼ੀਆ ਦੇ ਫਰੈਂਕੋ ਸਕੂਗੋਰ ਤੇ ਅਮਰੀਕਾ ਦੇ ਆਸਟਿਨ ਕ੍ਰਾਈਜੇਕ ਹੱਥੋਂ 2-6, 6-4, 4-6 ਨਾਲ ਹਾਰ ਗਈ। ਇਹ ਭਾਰਤੀ ਖਿਡਾਰੀ ਇਸ ਤੋਂ ਪਹਿਲਾਂ ਯੂਐੱਸ ਓਪਨ 'ਚ ਵੀ ਪਹਿਲੇ ਗੇੜ ਤੋਂ ਅੱਗੇ ਨਹੀਂ ਵਧ ਸਕਿਆ ਸੀ।