ਨਵੀਂ ਦਿੱਲੀ : ਭਾਰਤ ਦੇ ਦੋ ਭਲਵਾਨਾਂ ਨੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿਚ ਸ਼ਾਨਦਾਰ ਲੈਅ ਜਾਰੀ ਰੱਖੀ ਜਿਸ ਵਿਚ ਬਜਰੰਗ ਪੂਨੀਆ ਨੇ ਤਬਿਲਿਸੀ ਗ੍ਰਾਂ ਪ੍ਰੀ ਵਿਚ ਆਪਣੇ ਖ਼ਿਤਾਬ ਦਾ ਬਚਾਅ ਕਰਦੇ ਹੋਏ ਗੋਲਡ ਮੈਡਲ ਜਿੱਤਿਆ ਜਦਕਿ ਵਿਨੇਸ਼ ਫੋਗਾਟ ਮੇਡਵੇਟ ਕੁਸ਼ਤੀ ਟੂਰਨਾਮੈਂਟ ਵਿਚ ਚੌਥੀ ਵਾਰ ਫਾਈਨਲ ਵਿਚ ਪੁੱਜੀ ਹੈ। ਜਾਰਜੀਆ ਵਿਚ ਖੇਡੇ ਗਏ ਤਬਿਲਿਸੀ ਗ੍ਰਾਂ ਪ੍ਰੀ ਵਿਚ ਪਿਛਲੇ ਸਾਲ ਗੋਲਡ ਮੈਡਲ ਜਿੱਤਣ ਵਾਲੇ ਬਜਰੰਗ ਨੇ ਮਰਦਾਂ ਦੇ 65 ਕਿਲੋਗ੍ਰਾਮ ਦੇ ਫਾਈਨਲ ਵਿਚ ਈਰਾਨ ਦੇ ਪੇਈਮਨ ਬਿਬਿਆਨੀ ਨੂੰ 2-0 ਨਾਲ ਮਾਤ ਦਿੱਤੀ। ਇਸ ਤੋਂ ਇਲਾਵਾ ਬੇਲਾਰੂਸ ਦੇ ਮਿੰਸਕ 'ਚ ਮੇਡਵੇਟ ਕੁਸ਼ਤੀ ਟੂਰਨਾਮੈਂਟ ਵਿਚ ਵਿਨੇਸ਼ ਨੇ ਮਹਿਲਾਵਾਂ ਦੇ 53 ਕਿਲੋਗ੍ਰਾਮ ਵਿਚ ਸਥਾਨਕ ਭਲਵਾਨ ਯਾਫ੍ਰੇਮੇਨਕਾ ਨੂੰ ਇਕਤਰਫ਼ਾ ਮੁਕਾਬਲੇ ਵਿਚ 11-0 ਨਾਲ ਕਰਾਰੀ ਮਾਤ ਦਿੱਤੀ।