ਜਲੰਧਰ (ਜੇਐੱਨਐੱਨ) : ਰੇਲਵੇ ਦੇ ਭਲਵਾਨ ਸੁਮਿਤ ਤੇ ਸੱਤਿਆਵਰਤ ਕਾਦੀਆਨ ਨੇ ਅਗਲੀਆਂ ਦੱਖਣੀ ਏਸ਼ਿਆਈ ਖੇਡਾਂ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ। ਦੋਵੇਂ ਭਲਵਾਨਾਂ ਨੇ ਪੀਏਪੀ ਦੇ ਇੰਡੋਰ ਸਟੇਡੀਅਮ ਵਿਚ ਸ਼ੁਰੂ ਹੋਈ ਟਾਟਾ ਮੋਟਰਜ਼ ਸੀਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕੀਤਾ। ਇਸ ਨਾਲ ਸਰਵਿਸਜ਼ ਸਪੋਰਟਸ ਕੰਟਰੋਲ ਬੋਰਡ ਦੇ ਖਿਡਾਰੀ ਤੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜੇਤੂ ਰਵਿੰਦਰ ਨੇ ਵੀ ਗੋਲਡ ਮੈਡਲ ਜਿੱਤ ਕੇ ਏਸ਼ਿਆਈ ਖੇਡਾਂ ਵਿਚ ਥਾਂ ਪੱਕੀ ਕੀਤੀ ਹੈ। ਚੈਂਪੀਅਨਸ਼ਿਪ ਵਿਚ ਰੇਲਵੇ ਨੇ ਆਪਣਾ ਦਬਦਬਾ ਕਾਇਮ ਰੱਖਿਆ। ਪਹਿਲੇ ਦਿਨ ਦੇ ਮੁਕਾਬਲੇ ਵਿਚ ਅੰਡਰ-125 ਕਿਲੋਗ੍ਰਾਮ ਵਿਚ ਰੇਲਵੇ ਦੇ ਸੁਮਿਤ ਨੇ ਗੋਲਡ ਮੈਡਲ, ਮਹਾਰਾਸ਼ਟਰ ਦੇ ਅਭਿਜੀਤ ਨੇ ਸਿਲਵਰ ਮੈਡਲ, ਐੱਸਐੱਸਸੀਬੀ ਤੇ ਚੰਡੀਗੜ੍ਹ ਦੇ ਭਲਵਾਨ ਸਤਿੰਦਰ ਤੇ ਕ੍ਰਿਸ਼ਣ ਨੇ ਸਾਂਝੇ ਤੌਰ 'ਤੇ ਕਾਂਸੇ ਦਾ ਮੈਡਲ ਜਿੱਤਆ। 97 ਕਿਲੋਗ੍ਰਾਮ ਵਿਚ ਰੇਲਵੇ ਦੇ ਸੱਤਿਆਵਰਤ ਨੇ ਗੋਲਡ ਮੈਡਲ, ਯੂਪੀ ਦੇ ਕਪਿਲ ਚੌਧਰੀ ਨੇ ਸਿਲਵਰ ਮੈਡਲ, ਦਿੱਲੀ ਦੇ ਆਕਾਸ਼ ਤੇ ਐੱਸਐੱਸਸੀਬੀ ਦੇ ਸੋਮਬੀਰ ਨੇ ਸਾਂਝੇ ਤੌਰ 'ਤੇ ਕਾਂਸੇ ਦਾ ਮੈਡਲ ਜਿੱਤਿਆ। 61 ਕਿਲੋਗ੍ਰਾਮ ਵਿਚ ਐੱਸਐੱਸਸੀਬੀ ਦੇ ਰਵਿੰਦਰ ਨੇ ਗੋਲਡ ਮੈਡਲ, ਐੱਸਐੱਸਸੀਬੀ ਦੇ ਸੋਨਬੋ ਨੇ ਸਿਲਵਰ ਮੈਡਲ, ਹਰਿਆਣਾ ਦੇ ਪਵਨ ਤੇ ਮਹਾਰਾਸ਼ਟਰ ਦੇ ਸੂਰਜ ਨੇ ਸਾਂਝੇ ਤੌਰ 'ਤੇ ਕਾਂਸੇ ਦਾ ਮੈਡਲ ਆਪਣੇ ਨਾਂ ਕੀਤਾ। ਚੈਂਪੀਅਨਸ਼ਿਪ ਵਿਚ 74 ਕਿਲੋਗ੍ਰਾਮ ਭਾਰ ਦੇ ਮੈਚ ਵਿਚ ਉਥਲ ਪੁਥਲ ਦੇਖਣ ਨੂੰ ਮਿਲੀ। ਉੱਤਰ ਪ੍ਰਦੇਸ਼ ਦੇ ਭਲਵਾਨ ਗੌਰਵ ਨੇ ਰੇਲਵੇ ਦੇ ਰਾਸ਼ਟਰੀ ਚੈਂਪੀਅਨ ਪ੍ਰਵੀਣ ਰਾਣਾ ਨੂੰ ਮਾਤ ਦਿੰਦੇ ਹੋਏ ਗੋਲਡ ਮੈਡਲ ਆਪਣੇ ਨਾਂ ਕੀਤਾ। ਪ੍ਰਵੀਣ ਰਾਣਾ ਨੂੰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਉਥੇ 74 ਕਿਲੋਗ੍ਰਾਮ ਭਾਰ ਵਿਚ ਝਾਰਖੰਡ ਦੇ ਭਲਵਾਨ ਨਵੀਨ ਨੇ ਹਰਿਆਣਾ ਦੇ ਭਲਵਾਨ ਵਿਸ਼ਾਲ ਨੂੰ ਹਰਾ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ।

ਕੱਲ੍ਹ ਰਿੰਗ 'ਚ ਉਤਰੇਨਗੀਆਂ ਵਿਨੇਸ਼ ਤੇ ਸਾਕਸ਼ੀ :

ਚੈਂਪੀਅਨਸ਼ਿਪ ਦੇ ਦੂਜੇ ਦਿਨ ਸ਼ਨਿਚਰਵਾਰ ਨੂੰ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਥਾਂ ਪੱਕੀ ਕਰਨ ਲਈ ਫ੍ਰੀ ਸਟਾਈਲ ਵਰਗ ਵਿਚ ਵਿਨੇਸ਼ ਫੋਗਾਟ ਤੇ ਰੀਓ ਓਲੰਪਿਕ ਵਿਚ ਕਾਂਸੇ ਦਾ ਮੈਡਲ ਜੇਤੂ ਸਾਕਸ਼ੀ ਮਲਿਕ ਰਿੰਗ ਵਿਚ ਉਤਰਨਗੀਆਂ। ਸਭ ਦੀਆਂ ਨਜ਼ਰਾਂ ਇਨ੍ਹਾਂ ਦੋਵਾਂ ਖਿਡਾਰਨਾਂ 'ਤੇ ਹੋਣਗੀਆਂ।