ਨੂਰ ਸੁਲਤਾਨ (ਪੀਟੀਆਈ) : ਭਾਰਤ ਦਾ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿਚ ਸ਼ੁਰੂਆਤੀ ਦਿਨ ਨਿਰਾਸ਼ਾਜਨਕ ਰਿਹਾ ਕਿਉਂਕਿ ਗ੍ਰੀਕੋ ਰੋਮਨ ਵਿਚ ਹਿੱਸਾ ਲੈ ਰਹੇ ਸਾਰੇ ਚਾਰ ਭਲਵਾਨ ਇਕ ਵੀ ਰਾਊਂਡ ਜਿੱਤੇ ਬਿਨਾਂ ਬਾਹਰ ਹੋ ਗਏ। ਗ਼ੈਰ ਓਲੰਪਿਕ ਵਰਗ ਵਿਚ ਹਿੱਸਾ ਲੈ ਰਹੇ ਏਸ਼ਿਆਈ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਹਾਸਲ ਹਰਪ੍ਰੀਤ ਸਿੰਘ (82 ਕਿਲੋਗ੍ਰਾਮ), ਸਾਗਰ (63 ਕਿਲੋਗ੍ਰਾਮ) ਤੇ ਮਨਜੀਤ (55 ਕਿਲੋਗ੍ਰਾਮ) ਆਪੋ-ਆਪਣੇ ਮੁਕਾਬਲਿਆਂ ਦੌਰਾਨ ਇਕ ਵੀ ਅੰਕ ਨਹੀਂ ਹਾਸਲ ਕਰ ਸਕੇ। ਸਿਰਫ਼ ਯੋਗੇਸ਼ (72 ਕਿਲੋਗ੍ਰਾਮ) ਨੇ ਹੀ ਅਮਰੀਕੀ ਵਿਰੋਧੀ ਰੇਮੰਡ ਏਂਥੋਨੀ ਬੰਕਰ ਨੂੰ ਚੁਣੋਤੀ ਦਿੱਤੀ ਪਰ ਉਹ 5-6 ਨਾਲ ਹਾਰ ਗਏ। ਜੇ ਭਾਰਤੀਆਂ ਖ਼ਿਲਾਫ਼ ਮੁਕਾਬਲੇ ਜਿੱਤਣ ਵਾਲਾ ਭਲਵਾਨ ਖ਼ਿਤਾਬੀ ਮੁਕਾਬਲੇ ਤਕ ਪੁੱਜਦਾ ਹੈ ਤਾਂ ਉਸ ਕੋਲ ਕਾਂਸੇ ਦੇ ਮੈਡਲ ਲਈ ਰੇਪਚੇਜ ਗੇੜ ਵਿਚ ਖੇਡਣ ਦਾ ਮੌਕਾ ਮਿਲ ਸਕਦਾ ਹੈ। ਹਰਪ੍ਰਰੀਤ ਸਿੰਘ ਨੂੰ 82 ਕਿਲੋਗ੍ਰਾਮ ਵਿਚ ਚੈੱਕ ਗਣਰਾਜ ਦੇ ਪੇਟਰ ਨੋਵਾਕ ਨੇ 7-0 ਨਾਲ ਹਰਾਇਆ। ਉਥੇ ਮਨਜੀਤ ਦਾ ਪ੍ਰਰੀ ਕੁਆਰਟਰ ਫਾਈਨਲ ਵਿਚ ਵਿਰੋਧੀ ਕਾਫੀ ਮਜ਼ਬੂਤ ਸੀ ਤੇ ਉਨ੍ਹਾਂ ਨੇ ਕਾਫੀ ਕੋਸ਼ਿਸ਼ ਕੀਤੀ ਪਰ ਉਹ 0-8 ਨਾਲ ਹਾਰ ਗਏ। ਅਜ਼ਰਬਾਈਜਾਨ ਦੇ ਮੌਜੂਦਾ ਵਿਸ਼ਵ ਚੈਂਪੀਅਨ ਏਲਦਾਨੀਜ ਅਜੀਲੀ ਨੇ ਆਸਾਨੀ ਨਾਲ ਉਨ੍ਹਾਂ ਨੂੰ ਹਰਾ ਦਿੱਤਾ। ਸਾਗਰ ਨੂੰ 63 ਕਿਲਗ੍ਰਾਮ ਵਿਚ ਆਪਣੇ ਕੁਆਲੀਫਿਕੇਸ਼ਨ ਗੇੜ ਵਿਚ ਸਥਾਨਕ ਭਲਵਾਨ ਅਲਮਾਤ ਕੇਬਿਸਪਾਇਵ ਹੱਥੋਂ 0-9 ਨਾਲ ਹਾਰ ਸਹਿਣੀ ਪਈ।