ਲਖਨਊ (ਜੇਐੱਨਐੱਨ) : ਪਿਛਲੇ ਦਿਨੀਂ ਅਰਜੁਨ ਪੁਰਸਕਾਰ ਲਈ ਚੁਣੀ ਗਈ ਸਟਾਰ ਭਲਵਾਨ ਪੂਜਾ ਢਾਂਡਾ ਤੇ ਏਸ਼ੀਅਨ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਭਲਵਾਨ ਨਵਜੋਤ ਕੌਰ ਨੂੰ ਕਜ਼ਾਕਿਸਤਾਨ ਵਿਚ 14 ਤੋਂ 22 ਸਤੰਬਰ ਤਕ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ ਮਿਲ ਗਈ ਹੈ। ਇੱਥੇ ਸਾਈ ਸੈਂਟਰ ਵਿਚ ਸੋਮਵਾਰ ਨੂੰ ਹੋਏ ਗੈਰ ਓਲੰਪਿਕ ਵਰਗ ਦੇ ਟਰਾਇਲ ਵਿਚ ਪੂਜਾ ਤੇ ਨਵਜੋਤ ਦੇ ਵਰਗ ਵਿਚ ਹੋਰ ਕੋਈ ਭਲਵਾਨ ਨਾ ਹੋਣ ਨਾਲ ਉਨ੍ਹਾਂ ਦਾ ਰਾਹ ਸੌਖਾ ਹੋ ਗਿਆ। ਇਨ੍ਹਾਂ ਦੋਵਾਂ ਤੋਂ ਇਲਾਵਾ ਲਲਿਤਾ ਤੇ ਕੋਮਲ ਵੀ ਸ਼ਾਨਦਾਰ ਜਿੱਤ ਨਾਲ ਭਾਰਤੀ ਟੀਮ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੀਆਂ। ਭਾਰਤੀ ਟੀਮ ਦੇ ਕੋਚ ਕੁਲਦੀਪ ਮਲਿਕ ਨੇ ਦੱਸਿਆ ਕਿ ਸੋਮਵਾਰ ਨੂੰ 55, 59, 65 ਤੇ 72 ਕਿਲੋਗ੍ਰਾਮ ਦੇ ਟਰਾਇਲ ਕਰਵਾਏ ਗਏ। ਜ਼ਿਕਰਯੋਗ ਹੈ ਕਿ ਇਹ ਸਾਰੇ ਵਰਗ ਓਲੰਪਿਕ ਵਿਚ ਨਹੀਂ ਹਨ। ਓਲੰਪਿਕ ਵਿਚ ਜਿਨ੍ਹਾਂ ਛੇ ਵਰਗਾਂ ਦੇ ਮੁਕਾਬਲੇ ਹੁੰਦੇ ਹਨ ਉਸ ਲਈ ਭਾਰਤੀ ਮਹਿਲਾ ਕੁਸ਼ਤੀ ਟੀਮ ਦਾ ਟਰਾਇਲ 28 ਜੁਲਾਈ ਨੂੰ ਹੋ ਚੁੱਕਾ ਹੈ। ਇਸ ਵਿਚ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ, ਸੀਮਾ, ਦਿਵਿਆ ਕਾਕਰਾਨ, ਸਰਿਤਾ ਤੇ ਕਿਰਨ ਨੂੰ ਟੀਮ ਵਿਚ ਥਾਂ ਪਹਿਲਾਂ ਹੀ ਮਿਲ ਚੁੱਕੀ ਸੀ। ਭਾਰਤੀ ਕੁਸ਼ਤੀ ਮਹਾਸੰਘ ਵੱਲੋਂ ਕੱਢੇ ਗਏ ਮਹਿਲਾ ਭਲਵਾਨਾਂ ਨੂੰ ਇਸ ਟਰਾਇਲ ਵਿਚ ਮੌਕਾ ਨਹੀਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਅਜੇ ਤਕ ਵਿਸ਼ਵ ਚੈਂਪੀਅਨਸ਼ਿਪ ਵਿਚ ਕਿਸੇ ਵੀ ਭਾਰਤੀ ਮਹਿਲਾ ਭਲਵਾਨ ਨੂੰ ਗੋਲਡਨ ਕਾਮਯਾਬੀ ਨਹੀਂ ਮਿਲ ਸਕੀ ਹੈ।

ਚੁਣੀਆਂ ਗਈਆਂ ਖਿਡਾਰਨਾਂ ਦੇ ਨਾਂ : ਵਿਸ਼ਵ ਚੈਂਪੀਅਨਸ਼ਿਪ ਲਈ ਚੁਣੀ ਗਈ ਟੀਮ 'ਚ ਸੀਮਾ (50 ਕਿਲੋਗ੍ਰਾਮ), ਵਿਨੇਸ਼ ਫੋਗਾਟ (53 ਕਿਲੋਗ੍ਰਾਮ), ਲਲਿਤਾ (55 ਕਿਲੋਗ੍ਰਾਮ), ਸਰਿਤਾ (57 ਕਿਲੋਗ੍ਰਾਮ), ਪੂਜਾ ਢਾਂਡਾ (59 ਕਿਲੋਗ੍ਰਾਮ), ਸਾਕਸ਼ੀ ਮਲਿਕ (62 ਕਿਲੋਗ੍ਰਾਮ), ਨਵਜੋਤ ਕੌਰ (65 ਕਿਲੋਗ੍ਰਾਮ), ਦਿਵਿਆ ਕਾਕਰਾਨ (68 ਕਿਲੋਗ੍ਰਾਮ), ਕੋਮਲ (72 ਕਿਲੋਗ੍ਰਾਮ) ਤੇ ਕਿਰਨ (76 ਕਿਲੋਗ੍ਰਾਮ) ਦੇ ਨਾਂ ਸ਼ਾਮਲ ਹਨ।

ਸਾਕਸ਼ੀ ਮੁੜ ਹੋਈ ਰਾਸ਼ਟਰੀ ਕੈਂਪ 'ਚ ਸ਼ਾਮਲ

ਨਵੀਂ ਦਿੱਲੀ : ਭਾਰਤੀ ਕੁਸ਼ਤੀ ਮਹਾਸੰਘ ਵੱਲੋਂ ਮਿਲੇ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ ਤੋਂ ਬਾਅਦ ਓਲੰਪਿਕ ਮੈਡਲ ਜੇਤੂ ਭਾਰਤੀ ਮਹਿਲਾ ਭਲਵਾਨ ਸਾਕਸ਼ੀ ਮਲਿਕ ਨੂੰ ਲਖਨਊ ਮੌਜੂਦ ਭਾਰਤੀ ਖੇਡ ਅਥਾਰਟੀ ਵਿਚ ਜਾਰੀ ਰਾਸ਼ਟਰੀ ਕੈਂਪ ਵਿਚ ਮੁੜ ਸ਼ਾਮਲ ਕਰ ਲਿਆ ਗਿਆ। ਸਾਕਸ਼ੀ ਨੇ ਅਨੁਸ਼ਾਸਨ ਤੋੜਨ ਦੇ ਜਵਾਬ 'ਚ ਕਿਹਾ ਕਿ ਉਹ ਰੱਖੜੀ ਕਾਰਨ ਘਰ ਗਈ ਸੀ।